ਟੱਲੇਵਾਲ, 19 ਜੂਨ (ਸੋਨੀ ਚੀਮਾ)-ਅੱਜ ਜਦ ਪੰਜਾਬ ਵਿਚ ਸੜਕਾਂ ਦੇ ਵਿਛ ਰਹੇ ਜਾਲ ਕਾਰਨ ਪੰਜਾਬ ਦੀ ਮਿੱਟੀ ਦੇ ਬਣੇ 'ਟਿੱਬੇ' ਖ਼ਤਮ ਹੋ ਰਹੇ ਹਨ ਅਤੇ ਰੁੱਖਾਂ ਦੀ ਧੜਾਧੜ ਹੋ ਰਹੀ ਕਟਾਈ ਦੇ ਚੱਲਦਿਆਂ ਜਿੱਥੇ ਪੰਜਾਬ ਦਾ ਵਾਤਾਵਰਨ ਗੰਧਲਾ ਹੋ ਰਿਹਾ ਹੈ, ਉੱਥੇ ਲੋਕ ਲਹਿਰਾ ਨੂੰ ਪ੍ਰਣਾਏ ਪਿੰਡ ਭੋਤਨਾ ਦੇ ਇਕ ਸਮਾਜ ਸੇਵੀ ਪਰਿਵਾਰ ਵਲੋਂ ਆਉਣ ਵਾਲੀ ਪੀੜ੍ਹੀ ਲਈ ਪੁਰਾਤਨ ਸਭਿਆਚਾਰ ਦੀ ਨਿਸ਼ਾਨੀ ਜਿਉਂਦੀ ਰੱਖਣ ਲਈ ਹੰਭਲਾ ਮਾਰਿਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਬਲਵੰਤ ਸਿੰਘ ਭੱਟੀ ਨੇ ਦੱਸਿਆ ਕਿ ਪਿੰਡ ਭੋਤਨਾ ਦੇ ਵਸਨੀਕ ਸਵ: ਜਸਵੰਤ ਸਿੰਘ ਪੁੱਤਰ ਸਵ: ਪ੍ਰੀਤਮ ਸਿੰਘ (ਬਾਬੇ ਬੁੱਧੂ ਕੇ) ਪਰਿਵਾਰ ਦੇ ਵਿਚੋਂ, ਜਿਨ੍ਹਾਂ ਨੇ ਜਿਉਂਦੇ-ਜੀਅ ਇਹ ਸੁਪਨਾ ਲਿਆ ਸੀ ਕਿ ਆਪਣੀ ਇਕ ਏਕੜ ਜ਼ਮੀਨ ਟਿੱਬਿਆਂ ਦੇ ਰੂਪ ਦੇ ਵਿਚ ਹੀ ਰੱਖ ਕੇ ਆਉਣ ਵਾਲੀ ਪੀੜ੍ਹੀ ਨੂੰ, ਪੰਜਾਬ ਦੀ ਵਿਰਾਸਤ 'ਟਿੱਬਾ' ਬਾਰੇ ਜਾਣਕਾਰੀ ਦੇਣ ਲਈ ਨਿਸ਼ਾਨੀ ਵਜੋਂ ਟਿੱਬੇ ਰੂਪੀ ਜ਼ਮੀਨ ਸਾਂਭ ਕੇ ਉਸ ਉੱਪਰ ਵਿਰਾਸਤੀ ਰੁੱਖਾਂ ਜਿਹੜੇ ਪੰਜਾਬ ਦੀ ਧਰਤੀ ਤੋਂ ਖ਼ਤਮ ਹੋਣ ਦੇ ਕਿਨਾਰੇ ਹਨ ਜਿਵੇਂ-ਢੱਕ, ਰੇਰੂ, ਰਹੂੜਾ ਤੇਂਦੂ, ਫਰਮਾਹ, ਵਣ, ਲਸੂੜਾ, ਲਸੂੜੀ ਵਰਗੇ ਵਿਰਾਸਤੀ ਰੁੱਖਾਂ ਨੂੰ ਸਾਂਭਣ ਲਈ, ਉਨ੍ਹਾਂ ਨੂੰ ਜਿਉਂਦਿਆਂ ਰੱਖਣ ਲਈ, ਉਨ੍ਹਾਂ ਦਾ ਜੰਗਲ ਲਗਾਵਾਂਗਾ | ਇਸ ਕਾਰਜ ਲਈ ਸ: ਜਸਵੰਤ ਸਿੰਘ ਨੇ ਜਨਵਰੀ 2025 ਨੂੰ ਹਾਂਗਕਾਂਗ ਤੋਂ ਪਿੰਡ ਆਉਂਦਿਆਂ ਹੀ ਆਪਣੇ ਛੋਟੇ ਭਰਾ ਕੁਲਵੰਤ ਸਿੰਘ ਸੇਖੋ ਤੇ ਅਤੇ ਮੇਰੀ ਡਿਊਟੀ ਲਗਾਈ ਕਿ ਇਸ ਸਾਲ ਮਾਨਸੂਨ ਦੀ ਰੁੱਤ ਵੇਲੇ ਇਹ ਜੰਗਲ ਲਵਾ ਦਿੱਤਾ ਜਾਵੇਗਾ, ਪਰ ਜਸਵੰਤ ਸਿੰਘ ਵਿਦੇਸ਼ ਵਾਪਸ ਜਾਣ ਤੋਂ 25 ਕੁ ਦਿਨਾਂ ਬਾਅਦ ਉਨ੍ਹਾਂ ਦੀ ਉੱਥੇ ਦਿਲ ਦੇ ਦੌਰੇ ਨਾਲ ਮੌਤ ਹੋ ਗਈ ਸੀ ਅਤੇ ਅੱਜ ਉਨ੍ਹਾਂ ਦੀ ਧਰਮ ਸੁਪਤਨੀ ਸ਼ਿੰਦਰ ਕੌਰ, ਉਨ੍ਹਾਂ ਦੇ ਬੱਚਿਆਂ, ਛੋਟੇ ਭਰਾ ਕੁਲਵੰਤ ਸਿੰਘ ਸੇਖੋ ਅਤੇ ਸ: ਰਾਜੂ ਸਿੰਘ (ਰਿਸ਼ਤੇਦਾਰ) ਦੇ ਸਾਂਝੇ ਯਤਨਾਂ ਸਦਕਾ ਭਾਈ ਜਸਵੰਤ ਸਿੰਘ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਦੀ ਇਕ ਏਕੜ 'ਟਿੱਬੇ' ਰੂਪੀ ਉੱਤੇ ਵਿਰਾਸਤੀ ਬੂਟ ਲਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ | ਇਸ ਮੌਕੇ ਸੇਖੋ ਪਰਿਵਾਰ ਵਿਚੋਂ ਕੁਲਵੰਤ ਸਿੰਘ ਸੇਖੋ ਅਤੇ ਸ: ਰਾਜੂ ਸਿੰਘ, ਸਰਪੰਚ ਕੁਲਦੀਪ ਸਿੰਘ ਕੀਪਾ ਅਤੇ ਸਮਾਜ ਸੇਵੀ ਆਗੂ ਅਮਨਦੀਪ ਸਿੰਘ ਭੋਤਨਾ ਬੂਟੇ ਲਾ ਕੇ ਇਸ ਜੰਗਲ ਨੂੰ ਲਾਉਣ ਦੀ ਰਸਮ ਅਦਾ ਕੀਤੀ |