ਰੂੜੇਕੇ ਕਲਾਂ, 21 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ.ਏ ਪ੍ਰਾਈਵੇਟ ਕਰ ਰਹੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦਾ ਅੰਗਰੇਜ਼ੀ ਵਿਸ਼ੇ ਦਾ ਲਿਆ ਗਿਆ ਪੇਪਰ ਯੂਨੀਵਰਸਿਟੀ ਪਟਿਆਲਾ ਨੇ ਰੱਦ ਕਰ ਦਿੱਤਾ ਹੈ | ਜੋ ਹੁਣ ਦੁਬਾਰਾ ਪੇਪਰ 27 ਜੂਨ ਨੂੰ ਹੋਵੇਗਾ | ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ.ਏ ਪ੍ਰਾਈਵੇਟ ਕਰ ਰਹੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦਾ ਅੰਗਰੇਜ਼ੀ ਕਮਿਊਨੀਕੇਸ਼ਨ ਸਕਿਲਜ ਵਿਸ਼ੇ ਦਾ ਪੇਪਰ 20 ਮਈ 2025 ਨੂੰ ਲਿਆ ਗਿਆ ਸੀ | ਅੰਗਰੇਜ਼ੀ ਵਿਸ਼ੇ ਦਾ ਸਿਲੇਬਸ ਯੂਨੀਵਰਸਿਟੀ ਪਟਿਆਲਾ ਵਲੋਂ ਬਦਲਿਆ ਗਿਆ ਸੀ | ਵਿਦਿਆਰਥੀਆਂ ਨੇ ਪੇਪਰ ਦੀ ਤਿਆਰੀ ਨਵੇਂ ਸਿਲੇਬਸ ਅਨੁਸਾਰ ਕੀਤੀ ਸੀ ਪ੍ਰੰਤੂ ਅੰਗਰੇਜ਼ੀ ਵਿਸ਼ੇ ਦਾ 42 ਨੰਬਰਾਂ ਦਾ ਪੇਪਰ ਪੁਰਾਣੇ ਸਿਲੇਬਸ ਵਿਚੋਂ ਹੀ ਆ ਗਿਆ ਸੀ | ਜਿਸ ਕਰ ਕੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦਰਖ਼ਾਸਤਾਂ ਭੇਜ ਕੇ ਗ੍ਰੇਸ ਦੇਣ ਦੀ ਮੰਗ ਕੀਤੀ ਸੀ | ਪ੍ਰੰਤੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਾਈਵੇਟ ਬੀ.ਏ ਕਰ ਰਹੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਵਿਸ਼ੇ ਦੀ ਲਈ ਗਈ ਪ੍ਰੀਖਿਆ ਰੱਦ ਕਰ ਕੇ ਦੁਬਾਰਾ 27 ਜੂਨ ਨੂੰ ਪੇਪਰ ਲੈਣ ਦਾ ਐਲਾਨ ਕੀਤਾ ਹੈ | ਪ੍ਰਾਈਵੇਟ ਬੀ.ਏ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਪਹਿਲਾ 20 ਮਈ ਨੂੰ ਪੇਪਰ ਪੁਰਾਣੇ ਸਿਲੇਬਸ ਵਿਚੋਂ ਆਇਆ ਸੀ | ਉਸ ਸਮੇਂ ਵੀ ਵਿਦਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ |ਹੁਣ ਦੁਬਾਰਾ ਫੇਰ ਪੇਪਰ ਦੀ ਤਿਆਰੀ ਕਰਨ ਲਈ ਵਿਦਿਆਰਥੀਆਂ ਨੂੰ ਮਿਹਨਤ ਕਰਨੀ ਪੈ ਰਹੀ ਹੈ ਅਤੇ ਸਮਾਂ ਖ਼ਰਾਬ ਹੋ ਰਿਹਾ ਹੈ |ਗ਼ਲਤੀ ਯੂਨੀਵਰਸਿਟੀ ਦੀ ਭੁਗਤ ਰਹੇ ਹਨ ਵਿਦਿਆਰਥੀ | ਪੀੜ੍ਹਤ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬੀ.ਸੀ. ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਹੋ ਰਹੀਆਂ ਗ਼ਲਤੀਆਂ ਕਾਰਨ ਵਿਦਿਆਰਥੀਆਂ ਦੀ ਹੋ ਰਹੀ ਖ਼ੱਜਲ-ਖ਼ੁਆਰੀ ਬੰਦ ਕੀਤੀ ਜਾਵੇ |