ਬਰਨਾਲਾ, 21 ਜੂਨ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਦੇ ਵਾਰਡ ਨੰਬਰ 5 ਸਥਿਤ ਆਵਾ ਬਸਤੀ ਵਿਖੇ ਪਿਛਲੇ ਇੱਕ ਹਫ਼ਤੇ ਤੋਂ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਉੱਪਰ ਖੜ੍ਹਾ ਹੈ ਅਤੇ ਇਸ ਪਾਣੀ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ | ਇਸ ਗੰਦੇ ਪਾਣੀ ਕਾਰਨ ਆਵਾ ਬਸਤੀ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਪਰ ਇਨ੍ਹਾਂ ਲੋਕਾਂ ਦੀ ਨਾ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਿਸੇ ਨੁਮਾਇੰਦੇ ਨੇ ਸਾਰ ਲਈ ਹੈ ਅਤੇ ਨਾ ਹੀ ਪ੍ਰਸ਼ਾਸਨ ਵਲੋਂ ਹੀ ਕੋਈ ਧਿਆਨ ਦਿੱਤਾ ਜਾ ਰਿਹਾ ਹੈ | ਬਸਤੀ ਵਿਚ ਖੜ੍ਹੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਦੁਖੀ ਬਸਤੀ ਵਾਸੀਆਂ ਵਲੋਂ 'ਆਪ' ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਬਸਤੀ ਵਾਸੀਆਂ ਹਰਮੇਲ ਸਿੰਘ, ਭੋਲਾ ਸਿੰਘ, ਵਿਜੈ ਕੁਮਾਰ, ਨਰੈਣ ਦਾਸ, ਟੇਕ ਚੰਦ, ਟਿੰਕਾ, ਮੋਹਨ ਦਾਸ, ਪਰਮਜੀਤ ਸ਼ੈਲੀ ਆਦਿ ਨੇ ਦੱਸਿਆ ਕਿ ਆਵਾ ਬਸਤੀ ਵਿਚ ਲਗਭਗ 600 ਘਰ ਹਨ ਅਤੇ ਪਿਛਲੇ ਇੱਕ ਹਫ਼ਤੇ ਤੋਂ ਬਸਤੀ ਵਿਚ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਉੱਪਰ ਖੜ੍ਹਾ ਹੈ | ਇਸ ਗੰਦੇ ਪਾਣੀ ਕਾਰਨ ਜਿੱਥੇ ਸਾਰੀ ਬਸਤੀ ਵਿਚ ਬਹੁਤ ਜ਼ਿਆਦਾ ਬਦਬੂ ਫੈਲ ਗਈ ਹੈ ਉੱਥੇ ਲੋਕਾਂ ਨੂੰ ਆਪਣੇ ਕੰਮਾਂ-ਕਾਰਾਂ ਲਈ ਆਉਣ-ਜਾਣ ਵਾਲੇ ਇਸ ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਅਜਿਹੀ ਹਾਲਤ ਵਿਚ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਈ ਦਿਨਾਂ ਤੋਂ ਖੜ੍ਹੇ ਪਾਣੀ ਕਾਰਨ ਬਸਤੀ ਵਿਚ ਬਿਮਾਰੀ ਫੈਲਣ ਦਾ ਵੀ ਡਰ ਪੈਦਾ ਹੋ ਗਿਆ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਸੋਨੀ ਸਾਬਕਾ ਕੌਂਸਲਰ ਨੇ ਕਿਹਾ ਕਿ ਜੇਕਰ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਆਊਟਸੋਰਸ ਕਾਮਿਆਂ ਦੀ ਹੜਤਾਲ ਚੱਲ ਰਹੀ ਹੈ ਤਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੂੰ ਚਾਹੀਦਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਹੜਤਾਲ ਖ਼ਤਮ ਕਰਵਾਈ ਜਾਂਦੀ ਪਰ ਹੈਰਾਨੀ ਦੀ ਗੱਲ ਹੈ ਕਿ ਸੱਤਾਧਾਰੀ ਧਿਰ ਨਾਲ ਸਬੰਧਿਤ ਕਿਸੇ ਵੀ ਆਗੂ ਨੇ ਨਾ ਤਾਂ ਸੀਵਰੇਜ ਵਿਭਾਗ ਦੇ ਕਾਮਿਆਂ ਨਾਲ ਕੋਈ ਮੁਲਾਕਾਤ ਕੀਤੀ ਹੈ ਅਤੇ ਨਾ ਹੀ ਹੜਤਾਲ ਕਾਰਨ ਸੰਤਾਪ ਝੱਲ ਰਹੇ ਆਵਾ ਬਸਤੀ ਸਮੇਤ ਹੋਰ ਮੁਹੱਲਿਆਂ ਵਿਚ ਜਾ ਕੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਕੀਤਾ ਜਾ ਰਿਹਾ ਹੈ | ਸ੍ਰੀ ਸੋਨੀ ਜਾਗਲ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਆਵਾ ਬਸਤੀ ਵਿਚੋਂ ਗੰਦੇ ਪਾਣੀ ਦੀ ਨਿਕਾਸੀ ਨਾ ਕਰਵਾਈ ਗਈ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਜੇਕਰ ਇਸ ਗੰਦੇ ਪਾਣੀ ਕਾਰਨ ਬਸਤੀ ਵਿਚ ਕੋਈ ਬਿਮਾਰੀ ਫੈਲਦੀ ਹੈ ਤਾਂ ਇਸ ਦੀ ਸਿੱਧੇ ਤੌਰ 'ਤੇ ਜ਼ੰੁਮੇਵਾਰੀ 'ਆਪ' ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਮੀਨਾ ਸ਼ਰਮਾ, ਅਮਰਜੀਤ ਕੌਰ, ਗੁਰਮੇਲ ਕੌਰ, ਮਧੂ ਸ਼ਰਮਾ, ਅਲਕਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਸਤੀ ਵਾਸੀ ਹਾਜ਼ਰ ਸਨ |