ਮਹਿਲ ਕਲਾਂ, 21ਜੂਨ (ਅਵਤਾਰ ਸਿੰਘ ਅਣਖੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਪੰਡੋਰੀ ਗਰੁੱਪ) ਵਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਥੇਬੰਦੀ ਦੇ ਆਗੂਆਂ ਬਲਾਕ ਪ੍ਰਧਾਨ ਦਲਵਾਰ ਸਿੰਘ ਮਹਿਲ ਕਲਾਂ, ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ ਕਾਲਸਾਂ, ਸਟੇਟ ਕਮੇਟੀ ਮੈਂਬਰ ਕੇਸਰ ਖ਼ਾਨ, ਖ਼ਜ਼ਾਨਚੀ ਜਸਵੰਤ ਸਿੰਘ ਛੀਨੀਵਾਲ, ਸਕੱਤਰ ਨਿਰਭੈ ਸਿੰਘ ਨਿਹਾਲੂਵਾਲ ਦੀ ਅਗਵਾਈ ਹੇਠ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਦਿੱਤਾ ਗਿਆ | ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ 26 ਨਵੰਬਰ ਨੂੰ ਸਿਹਤ ਮੰਤਰੀ ਪੰਜਾਬ ਡਾ: ਬਲਵੀਰ ਸਿੰਘ ਸਿੱਧੂ ਨਾਲ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਹੋਈ ਸੀ | ਜਿਸ ਵਿਚ ਜਥੇਬੰਦੀ ਵਲੋਂ ਉਠਾਈਆਂ ਹੱਕੀ ਮੰਗਾਂ ਜਿਵੇਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਟਰੇਨਿੰਗ ਦੇ ਕੇ ਮਾਨਤਾ ਪ੍ਰਾਪਤ ਦੇਣ ਦਾ ਭਰੋਸਾ ਦੁਆਇਆ ਸੀ ਪਰ ਮਸਲਾ ਜਿਉਂ ਦਾ ਤਿਉਂ ਹੀ ਖੜ੍ਹਾ ਹੈ | ਇਸ ਗੰਭੀਰ ਮਸਲੇ ਨੂੰ ਧਿਆਨ ਨਾਲ ਸੁਣ ਕੇ ਵਿਧਾਇਕ ਪੰਡੋਰੀ ਨੇ ਆਗੂਆਂ ਨੂੰ ਭਰੋਸਾ ਦੁਆਇਆ ਕਿ ਛੇਤੀ ਹੀ ਇਸ ਸਬੰਧੀ ਜਥੇਬੰਦੀ ਦੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾ ਕੇ ਜਥੇਬੰਦੀ ਦੀਆਂ ਮੰਗਾਂ ਨੂੰ ਲਾਗੂ ਕਰਵਾਇਆ ਜਾਵੇਗਾ | ਪੇਂਡੂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਸਿਕ ਤੌਰ 'ਤੇ ਤੰਗ ਪ੍ਰੇਸ਼ਾਨ ਨਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ | ਇਸ ਮੌਕੇ ਬਾਰੂ ਮੁਹੰਮਦ, ਸਰਕਲ ਪ੍ਰਧਾਨ ਬਚਿੱਤਰ ਸਿੰਘ ਰਾਜਗੜ੍ਹ, ਰਵਿੰਦਰ ਕੁਮਾਰ ਪੰਡੋਰੀ, ਵਜੀਦ ਮੁਹੰਮਦ ਹਰਦਾਸਪੁਰਾ, ਬੇਅੰਤ ਸਿੰਘ ਮੂੰਮ, ਹਰਪਾਲ ਸਿੰਘ ਮੂੰਮ, ਮੇਜਰ ਸਿੰਘ ਛਾਪਾ, ਅਮਨਦੀਪ ਸਿੰਘ ਨਿਹਾਲੂਵਾਲ, ਦਿਲਬਾਗ ਸਿੰਘ ਕੁਤਬਾ, ਬਲੌਰ ਸਿੰਘ ਦੱਧਾਹੂਰ, ਬਲਵੀਰ ਸਿੰਘ ਗੋਬਿੰਦਗੜ੍ਹ, ਹਰਪ੍ਰੀਤ ਸਿੰਘ ਹਰਦਾਸਪੁਰਾ ਆਦਿ ਹਾਜ਼ਰ ਸਨ |