ਭਦੌੜ, 22 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦਾ ਪੰਜਾਬ ਵਿਚ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਜਿਸ ਦੀ ਗਵਾਹੀ ਨਿੱਤ ਨਸ਼ੇ ਨਾਲ ਹੋ ਰਹੀਆਂ ਮੌਤਾਂ ਭਰ ਰਹੀਆਂ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਜੋ ਆਮ ਲੋਕਾਂ ਨੂੰ ਸੌਂਹਾਂ ਚੁਕਵਾਉਣ ਦਾ ਡਰਾਮਾ ਰਚਿਆ ਸੀ ਲੋਕਾਂ ਨੇ ਉਸ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਵੱਡੇ ਸਮਾਗਮ ਕਰਕੇ ਲੋਕਾਂ ਨੂੰ ਸਹੰੁ ਚੁਕਵਾ ਰਹੀ ਹੁੰਦੀ ਹੈ ਤੇ ਦੂਜੇ ਪਾਸੇ ਓਵਰਡੋਜ਼ ਕਾਰਨ ਹੁੰਦੀਆਂ ਮੌਤਾਂ ਦੀਆਂ ਖ਼ਬਰਾਂ ਸਰਕਾਰ ਦੀ ਡਰਾਮਾ ਮੁਹਿੰਮ ਦੀਆਂ ਪਰਤਾਂ ਖੱੁਲ੍ਹਦੀਆਂ ਦਿਖਾਈ ਆਮ ਦਿੰਦੀਆਂ ਹਨ | ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਸ਼ਾ ਪਿਛਲੀ ਸਰਕਾਰ ਨਾਲੋਂ ਵੀ ਵੱਧ ਵਿਕ ਰਿਹਾ ਹੈ ਤੇ ਸਰਕਾਰ ਹਰ ਮੁੱਦੇ 'ਤੇ ਫੈਲ ਹੋ ਚੁੱਕੀ ਹੈ ਸਿਰਫ਼ ਲੋਕ ਲੱਜ ਰੱਖਣ ਲਈ ਸਰਕਾਰ ਦਾ ਪੀਲਾ ਪੰਜਾ ਨਸ਼ੇ ਦੇ ਵੱਡੇ ਸੌਦਾਗਰਾਂ ਦੇ ਘਰਾਂ ਦੀ ਬਜਾਏ ਆਮ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ, ਅਮਨਿੰਦਰ ਸਿੰਘ ਗੋਲਡੀ ਭੁੱਲਰ, ਸਰਪੰਚ ਗੁਰਜੰਟ ਸਿੰਘ ਜੈਦ, ਬਲਵਿੰਦਰ ਸਿੰਘ ਲਧਰੋਈਆ, ਸੁਖਪਾਲ ਸਿੰਘ ਪਾਲੀ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |