ਮਹਿਲ ਕਲਾਂ, 21 ਸਤੰਬਰ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਐੱਚ.ਓ. ਸਰਬਜੀਤ ਸਿੰਘ ਵਲੋਂ ਪਿੰਡ ਰਾਏਸਰ ਪਟਿਆਲਾ ਵਿਖੇ ਡਿਫੈਂਸ ਕਮੇਟੀ ਨਾਲ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਐਸ.ਐੱਚ.ਓ. ਸਰਬਜੀਤ ਸਿੰਘ ਨੇ ਲੋਕਾਂ ਨੂੰ ਇਸ ਵਾਰ ਪਰਾਲੀ ਨਾ ਸਾੜਨ ਲਈ ਆਖਦਿਆਂ ਦੱਸਿਆ ਕਿ ਪਰਾਲੀ ਦਾ ਧੂੰਆਂ ਸਾਹ, ਦਮੇ ਵਰਗੀਆਂ ਵੱਖ-ਵੱਖ ਬਿਮਾਰੀਆਂ ਨੂੰ ਫੈਲਾਉਂਦਾ ਹੈ, ਕਿਉਂਕਿ ਇਸ ਹਵਾ 'ਚ ਸਾਡੇ ਆਪਣੇ ਪਰਿਵਾਰਕ ਮੈਂਬਰ ਹੀ ਸਾਹ ਲੈਂਦੇ ਹਨ, ਇਸ ਲਈ ਸਭ ਤੋਂ ਪਹਿਲਾਂ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਸਾਡੇ ਪਰਿਵਾਰਕ ਮੈਂਬਰ ਹੀ ਬਣਦੇ ਹਨ | ਇਸ ਲਈ ਸਮੂਹ ਕਿਸਾਨ ਸਰਕਾਰ ਦਾ ਸਹਿਯੋਗ ਕਰਦੇ ਹੋਏ ਇਸ ਵਾਰ ਪਰਾਲੀ ਨੂੰ ਅੱਗ ਨਾ ਲਾਉਣ | ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੁਹਿਰਦ ਹੈ, ਇਸ 'ਚ ਆਮ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ | ਇਸ ਲਈ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਸ਼ਿਆਂ ਦੇ ਖ਼ਾਤਮੇ ਲਈ ਅੱਗੇ ਆ ਕੇ ਪੁਲਿਸ ਦਾ ਸਾਥ ਦੇਣ | ਐਸ. ਐੱਚ. ਓ. ਸਰਬਜੀਤ ਸਿੰਘ ਨੇ ਕਿਹਾ ਕਿ ਇਲਾਕੇ 'ਚ ਚੋਰੀ ਦੀਆਂ ਜਾਂ ਹੋਰ ਸਮਾਜ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਲੋਕਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸ ਲਈ ਪਿੰਡਾਂ ਦੇ ਮੁਹਤਬਰ ਅਜਿਹੇ ਅਨਸਰਾਂ ਦੇ ਹੱਕ 'ਚ ਥਾਣੇ ਆਉਣ ਤੋਂ ਗੁਰੇਜ਼ ਕਰਨ ਕਿਉਂਕਿ ਅਜਿਹੇ ਮਾਮਲਿਆਂ 'ਚ ਕਿਸੇ ਦੀ ਸਿਫ਼ਾਰਿਸ਼ ਨਹੀਂ ਮੰਨੀ ਜਾਵੇਗੀ ਤੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਗ੍ਰਾਮ ਪੰਚਾਇਤ ਨੇ ਮਹਿਲ ਕਲਾਂ ਪੁਲਿਸ ਨੂੰ ਆਪਣੇ ਵਲੋਂ ਭਰਵਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ |