ਕੋਟਲੀ ਸੂਰਤ ਮੱਲ੍ਹੀ, 21 ਸਤੰਬਰ (ਕੁਲਦੀਪ ਸਿੰਘ ਨਾਗਰਾ)-ਹੜ੍ਹ ਦੇ ਪਾਣੀ ਨੇ ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਕਈ ਪਿੰਡਾਂ 'ਚ ਵੱਡੀ ਤਬਾਹੀ ਮਚਾਈ ਹੈ ਤੇ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ, ਉਥੇ ਕਿਸਾਨਾਂ ਨਾਲ ਸਬੰਧਤ ਸਹਾਇਕ ਧੰਦੇ ਡੇਅਰੀ ਤੇ ਪੋਲਟਰੀ ਫਾਰਮ ਦਾ ਵੀ ਵੱਡਾ ਨੁਕਸਾਨ ਹੋਇਆ ਹੈ | ਹੜ੍ਹ ਪ੍ਰਭਾਵਿਤ ਪਿੰਡ ਰਣਸੀਕਾ ਤੱਲਾ ਦੇ ਹੋਣਹਾਰ ਨੌਜਵਾਨ ਹਰਿੰਦਰ ਸਿੰਘ ਵਲੋਂ ਪਿੰਡ ਦੇ ਬਾਹਰਵਾਰ ਲੱਖਾਂ ਰੁਪਏ ਖ਼ਰਚ ਕੇ ਬਣਾਇਆ ਗਿਆ ਪੋਲਟਰੀ ਫਾਰਮ ਹੜ੍ਹ ਦੇ ਪਾਣੀ ਦੀ ਮਾਰ ਹੇਠ ਆਉਣ ਕਰਕੇ ਬਰਬਾਦੀ ਦਾ ਮੰਜਰ ਬਿਆਨ ਰਿਹਾ ਹੈ | ਭਾਰੀ ਨੁਕਸਾਨ ਹੋਣ ਦੇ ਬਾਵਜੂਦ ਪ੍ਰਭਾਵਿਤ ਲੋਕਾਂ ਦੀ ਸੇਵਾ 'ਚ ਡਟੇ ਰਹੇ ਨੌਜਵਾਨ ਹਰਿੰਦਰ ਸਿੰਘ ਰਣਸੀਕਾ ਤੱਲਾ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦੀ ਸਾਰੀ ਫ਼ਸਲ ਤਬਾਹ ਹੋ ਗਈ ਹੈ, ਉਥੇ ਉਨ੍ਹਾਂ ਵਲੋਂ ਲੱਖਾਂ ਰੁਪਏ ਖ਼ਰਚ ਕੇ ਬਣਾਇਆ ਗਿਆ ਪੋਲਟਰੀ ਫਾਰਮ ਦਾ ਵੱਡਾ ਨੁਕਸਾਨ ਹੋਇਆ ਹੇੈ | ਉਸ ਨੇ ਦੱਸਿਆ ਕਿ ਇਕ ਕੰਪਨੀ ਨਾਲ ਇਕਰਾਰਨਾਮਾ ਕਰਕੇ 3 ਹਜ਼ਾਰ ਦੇ ਕਰੀਬ ਉਸ ਨੇ ਪੋਲਟਰੀ ਫਾਰਮ 'ਚ ਚੂਚਾ ਪਾਇਆ ਸੀ, ਜਿਹੜਾ ਕਿ 25 ਦਿਨਾਂ ਤੋਂ ਵੱਧ ਦਾ ਹੋ ਗਿਆ ਸੀ ਤੇ 2-4 ਦਿਨਾਂ 'ਚ ਹੀ ਮੁਰਗੇ ਕੰਪਨੀ ਨੇ ਲੈ ਕੇ ਜਾਣੇ ਸਨ, ਪਰ ਹੜ੍ਹ ਦੇ ਪਾਣੀ ਦੀ ਮਾਰ ਨੇ 28 ਸੌ ਤੋਂ ਵਧੇਰੇ ਮੁਰਗੇ ਮਾਰ ਦਿੱਤੇ ਤੇ ਸ਼ੈੱਡ 'ਚ ਚੂਚਿਆਂ ਦੀ ਸਾਂਭ-ਸੰਭਾਲ ਲਈ ਲੱਗਿਆ ਸਾਰਾ ਸਿਸਟਮ ਤਬਾਹ ਹੋ ਗਿਆ ਹੈ ਤੇ ਅਜੇ ਤੱਕ ਸੈੱਡ ਦੇ ਅੰਦਰ ਚਿੱਕੜ ਪਿਆ ਹੈ ਤੇ ਮੁਰਗੇ ਮਰੇ ਪਏ ਹਨ, ਪਰ ਸਬੰਧਤ ਵਿਭਾਗ ਨੇ ਉਨ੍ਹਾਂ ਦੀ ਕੋਈ ਸਾਰ ਤੱਕ ਨਹੀਂ ਲਈ | ਉਸ ਨੇ ਦੱਸਿਆ ਕਿ ਜਿੱਥੇ ਉਸ ਦੇ ਪਹਿਲੇ ਸਾਰੇ ਮੁਰਗੇ ਮਰ ਗਏ ਹਨ, ਉਥੇ ਅੱਗੋਂ ਹੋਰ ਚੁੂਚੇ ਪਾਉਣ 'ਚ ਅਜੇ ਉਸ ਨੂੰ ਸਮਾਂ ਲੱਗੇਗਾ, ਕਿਉਂਕਿ ਸ਼ੈੱਡ ਦੀ ਅੰਦਰੋਂ ਸਫ਼ਾਈ ਨਹੀਂ ਕਰਵਾਈ ਜਾ ਰਹੀ ਤੇ ਮਰੇ ਮੁਰਗਿਆ ਦੀ ਬਦਬੂ ਆ ਰਹੀ ਹੈ | ਉਸ ਨੇ ਦੱਸਿਆ ਕਿ ਸ਼ੈੱਡ ਦੇ ਅੰਦਰ ਮੁਰਗਿਆਂ ਲਈ ਫ਼ੀਡ ਤੇ ਮਹਿੰਗੀਆਂ ਦਵਾਈਆਂ ਵੀ ਪਈਆਂ ਸਨ, ਜਿਹੜੀਆਂ ਹੜ੍ਹ ਦੇ ਪਾਣੀ ਨੇ ਖ਼ਰਾਬ ਕਰ ਦਿੱਤੀਆਂ ਹਨ ਤੇ ਉਸ ਦਾ ਭਾਰੀ ਨੁਕਸਾਨ ਹੋਇਆ ਹੈ |