ਬਰਨਾਲਾ, 16 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਉਸ ਦੇ ਖੇਤਾਂ ਵਿਚ ਹੀ ਪ੍ਰਬੰਧਨ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਅਤੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਿਵਲ ਅਤੇ ਪੁਲਿਸ ਅਫ਼ਸਰਾਂ ਨਾਲ ਵਿਸ਼ੇਸ਼ ਬੈਠਕ ਕੀਤੀ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਕਲੱਸਟਰ ਅਫ਼ਸਰ ਅਤੇ ਸਬੰਧਿਤ ਪੁਲਿਸ ਅਫ਼ਸਰ ਪਿੰਡਾਂ 'ਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਅਤੇ ਉਨ੍ਹਾਂ ਨਾਲ ਰਾਬਤਾ ਕਾਇਮ ਰੱਖਣ | ਉਨ੍ਹਾਂ ਨਿਰਦੇਸ਼ ਦਿੱਤੇ ਕਿ ਜਿਹੜਾ ਵੀ ਕਿਸਾਨ ਆਪਣੇ ਖੇਤਾਂ 'ਚ ਵਾਢੀ ਕਰ ਰਿਹਾ ਹੈ ਉਸ ਨੂੰ ਨਾਲ ਹੀ ਦੱਸ ਦਿੱਤਾ ਜਾਵੇ ਕਿ ਪਰਾਲੀ ਪ੍ਰਬੰਧਨ ਲਈ ਖੇਤੀ ਸੰਦ ਉਪਲਬਧ ਹਨ | ਉਨ੍ਹਾਂ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਉੱਨਤ ਕਿਸਾਨ ਐੱਪ ਬਾਰੇ ਵੱਧ ਤੋਂ ਵੱਧ ਦੱਸਿਆ ਜਾਵੇ ਤਾਂ ਜੋ ਪਰਾਲੀ ਪ੍ਰਬੰਧਨ ਲਈ ਖੇਤੀ ਸੰਦ ਦੀ ਖ਼ਰੀਦ ਕਰਨ ਦੀ ਥਾਂ ਉਹ ਹੋਰਨਾਂ ਕਿਸਾਨਾਂ ਕੋਲ ਉਪਲਬਧ ਖੇਤੀ ਸੰਦਾਂ ਦੀ ਵਰਤੋਂ ਕਰ ਸਕਣ | ਉਨ੍ਹਾਂ ਸਾਰੇ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉੱਨਤ ਕਿਸਾਨ ਐੱਪ ਦੀ ਵਰਤੋਂ ਸਬੰਧੀ ਸਿਖਲਾਈ ਕਿਸਾਨਾਂ ਨੂੰ ਦਿੱਤੀ ਜਾਵੇ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਛਾਣੇ ਗਏ 25 ਹਾਟ ਸਪਾਟ ਪਿੰਡਾਂ 'ਚ ਕਲੱਸਟਰ ਅਫ਼ਸਰ ਅਤੇ ਸਬੰਧਿਤ ਡੀ ਐੱਸ ਪੀ ਆਪਣੀ ਫੇਰੀ ਯਕੀਨੀ ਬਣਾਉਣ | ਨਾਲ ਹੀ ਹਦਾਇਤ ਕੀਤੀ ਕਿ ਪਰਾਲੀ ਪ੍ਰਬੰਧਨ ਦੀ ਡਿਊਟੀ ਉੱਤੇ ਤਾਇਨਾਤ ਹਰ ਇੱਕ ਅਧਿਕਾਰੀ ਅਤੇ ਕਰਮਚਾਰੀ ਆਪਣੇ ਕੋਲ ਪਿੰਡਾਂ ਦੇ ਦੌਰੇ ਸਬੰਧੀ ਫ਼ੋਟੋਆਂ ਅਤੇ ਹੋਰ ਦਸਤਾਵੇਜ਼ ਤਿਆਰ ਰੱਖਣ | ਐਸ.ਐਸ.ਪੀ. ਨੇ ਹਦਾਇਤ ਕੀਤੀ ਕਿ ਪੁਲਿਸ ਮੁਲਾਜ਼ਮਾਂ ਵਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਿਤੇ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ | ਇਸ ਮੌਕੇ ਉੱਪ ਮੰਡਲ ਮੈਜਿਸਟਰੇਟ ਬਰਨਾਲਾ ਮੈਡਮ ਸੋਨਮ, ਉੱਪ-ਮੰਡਲ ਮੈਜਿਸਟਰੇਟ ਤਪਾ ਆਯੂਸ਼ ਗੋਇਲ, ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸਿੱਧੂ, ਡੀ.ਐਸ.ਪੀ. ਪਰਮਜੀਤ ਸਿੰਘ ਡੋਡ ਅਤੇ ਹੋਰ ਅਧਿਕਾਰੀ ਹਾਜ਼ਰ ਸਨ |