ਤਪਾ ਮੰਡੀ, 16 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਸੀਨੀਅਰ ਮੈਡੀਕਲ ਅਫ਼ਸਰ (ਕਾਰਜਕਾਰੀ) ਡਾ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਅਧੀਨ ਅੱਜ ਸਬ- ਡਵੀਜ਼ਨਲ ਹਸਪਤਾਲ ਤਪਾ ਵਿਖੇ ਸੀ.ਪੀ.ਆਰ. ਜਾਗਰੂਕਤਾ ਹਫ਼ਤਾ ਮਨਾਇਆ ਗਿਆ | ਇਸ ਦੌਰਾਨ ਆਪ੍ਰੇਸ਼ਨਾਂ ਦੇ ਮਾਹਰ ਡਾ: ਜਸਵੀਰ ਕੌਰ ਸਿੱਧੂ ਵਲੋਂ ਹਾਜ਼ਰੀਨਾਂ ਨੂੰ ਸੀ.ਪੀ.ਆਰ ਬਾਰੇ ਜਾਗਰੂਕ ਕੀਤਾ ਗਿਆ ਤੇ ਟਰੇਨਿੰਗ ਵੀ ਦਿੱਤੀ ਗਈ | ਡਾ: ਜਸਵੀਰ ਕੌਰ ਸਿੱਧੂ ਨੇ ਕਿਹਾ ਕਿ ਸੀ.ਪੀ.ਆਰ. ਦਾ ਅਰਥ ਹੈ ਕਾਰਡੀਓ-ਪਲਮੋਨਰੀ ਰੀਸਸੀਟੇਸ਼ਨ | ਇਹ ਇਕ ਐਮਰਜੈਂਸੀ ਤਰੀਕਾ ਹੈ ਜਿਸ ਨਾਲ ਕਿਸੇ ਵਿਅਕਤੀ ਦੀ ਸਾਹ ਲੈਣ ਦੀ ਪ੍ਰਕਿਰਿਆ ਜਾਂ ਦਿਲ ਦੀ ਧੜਕਣ ਰੁਕ ਜਾਣ 'ਤੇ ਉਸ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ | ਸੀ.ਪੀ.ਆਰ. ਦਿਲ ਦੇ ਦੌਰੇ ਜਾਂ ਡੁੱਬਣ ਦੇ ਮਾਮਲਿਆਂ ਵਿਚ ਜਾਨ ਬਚਾਉਣ ਵਾਲੀ ਸਾਬਤ ਹੁੰਦੀ ਹੈ, ਜਿੱਥੇ ਪੀੜਤਾਂ ਦੇ ਦਿਲ ਦੀ ਧੜਕਣ ਬੰਦ ਹੋ ਜਾਂਦੀ ਹੈ ਅਤੇ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ | ਉਨ੍ਹਾਂ ਕਿਹਾ ਕਿ ਦਿਲ ਦਾ ਦੌਰਾ, ਦਮ ਘੁੱਟਣਾ, ਜਾਂ ਡੁੱਬਣ ਵਰਗੀਆਂ ਸਥਿਤੀਆਂ ਵਿਚ ਖ਼ੂਨ ਦਾ ਵਹਾਅ ਬੰਦ ਹੋ ਜਾਂਦਾ ਹੈ, ਅਜਿਹੇ ਮਾਮਲਿਆਂ ਵਿਚ ਸੀ.ਪੀ.ਆਰ. ਤਕਨੀਕ ਜੀਵਨਦਾਇਕ ਸਿੱਧ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਸਾਹ ਨਾ ਆ ਰਿਹਾ ਹੋਵੇ, ਦਿਲ ਦੀ ਧੜਕਣ ਰੁਕ ਗਈ ਹੋਵੇ ਜਾਂ ਬੇਹੋਸ਼ ਹੋਵੇ ਤੇ ਜਵਾਬ ਨਾ ਦੇ ਰਿਹਾ ਹੋਵੇ, ਅਜਿਹੇ ਸਮੇਂ ਸੀ.ਪੀ.ਆਰ ਦੇਣ ਦੀ ਲੋੜ ਹੁੰਦੀ ਹੈ | ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਦੱਸਿਆ ਕਿ ਕੌਮੀ ਪੱਧਰ 'ਤੇ 17 ਅਕਤੂਬਰ ਤੱਕ ਸੀ.ਪੀ.ਆਰ. ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਆਮ ਲੋਕਾਂ ਵਿਚ ਇਹ ਜਾਗਰੂਕਤਾ ਪੈਦਾ ਕਰਨਾ ਹੈ ਕਿ ਦਿਲ ਦੀ ਧੜਕਣ ਦੇ ਰੁਕਣ ਜਿਹੇ ਐਮਰਜੈਂਸੀ ਸਮੇਂ ਕੋਈ ਵੀ ਵਿਅਕਤੀ ਜਿਸ ਨੂੰ ਸੀ.ਪੀ.ਆਰ ਤਕਨੀਕ ਆਉਂਦੀ ਹੈ ਇਕ ਜ਼ਿੰਦਗੀ ਨੂੰ ਬਚਾਉਣ ਵਿਚ ਸਹਾਈ ਹੋ ਸਕਦਾ ਹੈ | ਇਸ ਮੌਕੇ ਸਟਾਫ਼ ਨਰਸ ਪਰਮਜੀਤ ਕੌਰ, ਐਸ.ਆਈ. ਜਗਦੇਵ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ |