ਧਨੌਲਾ, 16 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਬਰਨਾਲਾ ਤੋਂ ਆਏ ਡਾ: ਰੁਪੇਸ਼ ਸਿੰਗਲਾ ਵਲੋਂ ਆਪਣੀ ਟੀਮ ਵਿਚ ਸ਼ਾਮਿਲ ਗਗਨਦੀਪ ਸਿੰਘ, ਹਰਮਨ ਕੌਰ, ਹਰਬੰਸ ਕੌਰ, ਪ੍ਰੀਤ ਕਮਲ ਅਤੇ ਰਣਜੋਤ ਸਿੰਘ ਨੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ | ਜਿਨ੍ਹਾਂ ਦੀ ਨਿਗ੍ਹਾ 'ਚ ਕੋਈ ਪ੍ਰੇਸ਼ਾਨੀ ਸਾਹਮਣੇ ਆਈ ਉਸ ਦੇ ਇਲਾਜ ਲਈ ਦੱਸਿਆ ਗਿਆ | ਉਪਰੰਤ ਮਾਹਿਰਾਂ ਵਲੋਂ ਬੱਚਿਆਂ ਨੂੰ ਸੰਬੋਧਨ ਕਰ ਕੇ ਅੱਖਾਂ 'ਤੇ ਕਿਸ ਤਰ੍ਹਾਂ ਮਾੜਾ ਪ੍ਰਭਾਵ ਪੈਂਦਾ ਹੈ ਬਾਰੇ ਜਾਗਰੂਕ ਕੀਤਾ ਗਿਆ | ਉਨ੍ਹਾਂ ਨੇ ਕਈ ਤਰ੍ਹਾਂ ਦੇ ਉਪਾਅ ਦੱਸੇ ਜਿਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਰਹਿੰਦੀ ਹੈ | ਜਿਵੇਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਵੱਧ ਤੋਂ ਵੱਧ ਸੇਵਨ ਕਰੋ ਅਤੇ ਜੰਕ ਫੂਡ ਦੀ ਵਰਤੋਂ ਬੰਦ ਕਰੋ | ਬੱਚਿਆਂ ਨੂੰ ਜ਼ਿਆਦਾ ਟੈਲੀਵਿਜ਼ਨ ਦੇਖਣ, ਮੋਬਾਈਲ, ਇਲੈਕਟੋ੍ਰਨਿਕ ਗੇਮਾਂ ਆਦਿ ਦੇਖਣ ਤੋਂ ਪ੍ਰਹੇਜ਼ ਕਰਨ ਲਈ ਪ੍ਰੇਰਿਤ ਕੀਤਾ ਕਿਉਂਕਿ ਇਨ੍ਹਾਂ ਦਾ ਸਾਡੀਆਂ ਅੱਖਾਂ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਸ: ਸੁਖਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਬੱਚਿਆਂ ਦੀਆਂ ਅੱਖਾਂ ਵਿਚ ਛੋਟੀ ਉਮਰ ਤੋਂ ਹੀ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਜਿਸ ਕਾਰਨ ਬੱਚਿਆਂ ਨੂੰ ਪੜ੍ਹਨ, ਲਿਖਣ ਵਿਚ ਸਮੱਸਿਆ ਆਉਣ ਲੱਗ ਜਾਂਦੀ ਹੈ, ਕਿਉਂਕਿ ਜ਼ਿਆਦਾਤਰ ਮਾਪੇ ਆਪਣੇ ਹੋਰਨਾਂ ਰੁਝੇਵਿਆਂ 'ਚ ਰੁੱਝੇ ਰਹਿੰਦੇ ਜਾਂਦੇ ਹਨ | ਜਿਸ ਕਰ ਕੇ ਸਕੂਲ ਅੰਦਰ ਇਹ ਕੈਂਪ ਲਗਾ ਕੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਵਾਈ ਗਈ ਹੈ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਉਸ ਦਾ ਹੁਣੇ ਹੀ ਇਲਾਜ ਕਰਵਾਇਆ ਜਾ ਸਕਦੇ | ਇਸ ਮੌਕੇ ਪਿ੍ੰਸੀਪਲ ਡਾ: ਮਨਪ੍ਰੀਤ ਕੌਰ, ਵਾਈਸ ਪਿ੍ੰਸੀਪਲ ਜਸਵੀਰ ਕੌਰ, ਕੋਆਰਡੀਨੇਟਰ ਮੈਡਮ ਸੰਜੀਤ ਅਤੇ ਮੈਡਮ ਗੁਰਪ੍ਰੀਤ ਆਦਿ ਹਾਜ਼ਰ ਸਨ |