ਮਹਿਲ ਕਲਾਂ, 23 ਅਕਤੂਬਰ (ਅਵਤਾਰ ਸਿੰਘ ਅਣਖੀ)-ਬਲਾਕ ਪੱਧਰੀ ਖੇਡ ਮੁਕਾਬਲੇ ਵਿਚ 28 ਕਿੱਲੋ ਵਰਗ ਕੁਸ਼ਤੀ ਮੁਕਾਬਲੇ ਵਿਚ ਪਹਿਲਾ ਇਨਾਮ ਤੇ ਸੋਨੇ ਦਾ ਤਗਮਾ ਜਿੱਤਣ ਵਾਲੇ ਸਰਕਾਰੀ ਮਿਡਲ ਸਕੂਲ ਖਿਆਲੀ ਦੇ ਹੋਣਹਾਰ ਵਿਦਿਆਰਥੀ ਸਾਵਰਪ੍ਰੀਤ ਸਿੰਘ ਪੁੱਤਰ ਅਮਨਦੀਪ ਸਿੰਘ ਦਾ ਪਿੰਡ ਖਿਆਲੀ ਦੇ ਮੁਹਤਬਰਾਂ, ਗ੍ਰਾਮ ਪੰਚਾਇਤ, ਸਮਾਜ ਸੇਵੀ ਸੰਸਥਾਵਾਂ ਵਲੋਂ ਵਿਸ਼ੇਸ਼ ਤੌਰ 'ਤੇ ਦੇਸ਼ੀ ਘਿਉ ਅਤੇ ਨਗਦ ਰਾਸ਼ੀ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮਾਜ ਸੇਵਕ ਲੱਖਾ ਖਿਆਲੀ, ਰਾਜਾ ਰਾਮ ਬੱਗੂ, ਮਨਦੀਪ ਸਿੰਘ ਹਾਂਸ, ਗੁਰਮੇਲ ਸਿੰਘ ਠੁੱਲੀਵਾਲ, ਜਗਸੀਰ ਸਿੰਘ ਫ਼ੌਜੀ ਨੇ ਹੋਣਹਾਰ ਕੁਸ਼ਤੀ ਖਿਡਾਰੀ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਉਸ ਨੇ ਮਾਣ ਮੱਤੀ ਪ੍ਰਾਪਤੀ ਕਰ ਕੇ ਦੇਸ਼ ਵਿਦੇਸ਼ ਵਿਚ ਨਗਰ ਖਿਆਲੀ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਭਵਿੱਖ ਵਿਚ ਸਾਵਰਪ੍ਰੀਤ ਸਿੰਘ ਨੂੰ ਯੋਗ ਅਗਵਾਈ ਦੇਣ ਲਈ ਇਕ ਕੋਚ ਦਾ ਪ੍ਰਬੰਧ ਕੀਤਾ ਜਾਵੇਗਾ | ਭਾਈ ਲਾਲੋ ਪੰਜਾਬੀ ਮੰਚ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਖਿਆਲੀ, ਬਵਨ ਸਿੰਘ ਖਿਆਲੀ ਨੇ ਜੇਤੂ ਖਿਡਾਰੀ ਨੂੰ ਮੁਬਾਰਕਬਾਦ ਦਿੰਦਿਆਂ ਇਸ ਤੋਂ ਸੇਧ ਲੈ ਕੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡਾਂ ਵਿਚ ਮੱਲ੍ਹਾਂ ਮਾਰਨ ਲਈ ਲਗਨ ਮਿਹਨਤ ਨਾਲ ਅੱਗੇ ਆਉਣ ਦੀ ਅਪੀਲ ਕੀਤੀ ਹੈ |