ਬਰਨਾਲਾ, 5 ਨਵੰਬਰ (ਨਰਿੰਦਰ ਅਰੋੜਾ)-ਬਰਨਾਲਾ ਸ਼ਹਿਰ ਦੇ ਵਿਚ ਡੇਂਗੂ ਅਤੇ ਚਿਕਨਗੁਣੀਆਂ ਦਾ ਪ੍ਰਕੋਪ ਲਗਾਤਾਰ ਜਾਰੀ ਹੈ | ਹਸਪਤਾਲਾਂ ਦੇ ਬੈੱਡ ਮਰੀਜ਼ਾਂ ਨਾਲ ਭਰੇ ਹੋਏ ਹਨ | ਭਾਵੇਂਕਿ ਸਿਹਤ ਵਿਭਾਗ ਤੇ ਪ੍ਰਸ਼ਾਸਨ ਵਲੋਂ ਲਗਾਤਾਰ ਐਡਵਾਈਜਰੀਆਂ ਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਆਪਣੇ ਆਸਪਾਸ ਸਫ਼ਾਈ ਰੱਖੋ ਪਰ ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਵਲ ਪ੍ਰਸ਼ਾਸ਼ਨ ਦਾ ਕੋਈ ਧਿਆਨ ਨਹੀਂ | ਇੱਥੋਂ ਤੱਕ ਕਿ ਸਿਵਲ ਹਸਪਤਾਲ ਬਰਨਾਲਾ ਦੇ ਨੇੜੇ ਹੀ ਪਏ ਕੂੜੇ ਕਰਕਟ ਦੇ ਢੇਰਾਂ ਵਲ ਵੀ ਪ੍ਰਸ਼ਾਸਨ ਦੀ ਨਜ਼ਰ ਹੀ ਨਹੀਂ ਪੈ ਰਹੀ | ਦੱਸਣਯੋਗ ਹੈ ਕਿ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਦੀ ਰਿਹਾਇਸ਼ੀ ਕੁਆਰਟਰਾਂ ਨੇੜੇ ਮੇਨ ਸੜਕ 'ਤੇ ਲਗਾਤਾਰ ਲੋਕਾਂ ਵਲੋਂ ਕੂੜਾ ਸੁੱਟਿਆ ਜਾਂਦਾ ਹੈ ਅਤੇ ਇੱਥੇ ਇੰਨੇ ਜ਼ਿਆਦਾ ਕੂੜੇ ਦੇ ਢੇਰ ਲੱਗ ਜਾਂਦੇ ਹਨ ਕਿ ਰਾਹਗੀਰਾਂ, ਮਰੀਜ਼ਾਂ ਅਤੇ ਆਸਪਾਸ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਿਵਲ ਹਸਪਤਾਲ ਵਿਚ ਮਰੀਜ਼ ਚੈੱਕਅਪ ਕਰਵਾਉਣ ਆਉਂਦੇ ਹਨ ਪਰ ਇੱਥੇ ਪਈ ਕੂੜੇ ਕਰਕਟ ਦੇ ਢੇਰਾਂ ਕਾਰਨ ਠੀਕ ਹੋਣ ਦੀ ਜਗ੍ਹਾ ਹੋਰ ਬਿਮਾਰ ਹੋ ਕੇ ਜਾਂਦੇ ਹਨ | ਇਹ ਢੇਰ ਲਗਾਤਾਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਸਿਹਤ ਵਿਭਾਗ ਵਲੋਂ ਹਰ ਸ਼ੱੁਕਰਵਾਰ ਡੇਂਗੂ 'ਤੇ ਵਾਰ ਐਕਟੀਵਿਟੀ ਦਾ ਪੈੱ੍ਰਸ ਨੋਟ ਤਾਂ ਜਾਰੀ ਕੀਤਾ ਜਾਂਦਾ ਹੈ ਪਰ ਆਪਣੇ ਆਲ਼ੇ ਦੁਆਲੇ ਝਾਤ ਨਹੀਂ ਮਾਰੀ ਜਾਂਦੀ | ਆਸਪਾਸ ਦੇ ਦੁਕਾਨਦਾਰਾਂ ਕਮਲਦੀਪ ਸਿੰਘ, ਰਾਜੀਵ ਦੱਤ, ਸੁਨੀਲ ਮੰਗਲਾ, ਈਸ਼ੂ ਲੈਬੋਰੇਟਰੀ, ਸੈਂਟੀ ਮੋਦੀ, ਚੰਚਲ ਆਦਿ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਸ ਮੁਸ਼ਕਿਲ ਨਾਲ ਜੂਝ ਰਹੇ ਹਨ | ਕਈ ਵਾਰ ਇਸ ਸਬੰਧੀ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਚੁੱਕੇ ਹਾਂ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਜਾ ਰਿਹਾ | ਚਿਕਨਗੁਣੀਆ ਤੇ ਡੇਂਗੂ ਬਿਮਾਰੀਆਂ ਦੇ ਮਰੀਜ਼ਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਸਿਵਲ ਹਸਪਤਾਲ ਦੀ ਜੇਕਰ ਗੱਲ ਕਰੀਏ ਤਾਂ ਮਰੀਜ਼ ਭਰਤੀ ਕਰਨ ਲਈ ਬੈੱਡ ਵੀ ਨਹੀਂ ਹਨ | ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਜਗ੍ਹਾ 'ਤੇ ਕੂੜਾ ਕਰਕਟ ਨਾ ਸੁੱਟਿਆ ਜਾਵੇ ਕਿਉਂਕਿ ਸਮਾਜ ਪ੍ਰਤੀ ਸਾਡੀ ਵੀ ਕੋਈ ਨੈਤਿਕ ਜ਼ਿੰਮੇਵਾਰੀ ਬਣਦੀ ਹੈ | ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਹੀ ਇਸ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਸਾਡੇ ਵਲੋਂ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ |