ਬਰਨਾਲਾ, 5 ਨਵੰਬਰ (ਰਾਜ ਪਨੇਸਰ)-ਦਲਿਤ ਭਾਈਚਾਰੇ ਬਾਰੇ ਗਲਤ ਟਿੱਪਣੀਆਂ ਕਰਨ 'ਤੇ ਭਾਜਪਾ ਆਗੂਆਂ ਵਲੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਚਹਿਰੀ ਚੌਕ ਬਰਨਾਲਾ ਵਿਖੇ ਪੁਤਲਾ ਫੂਕਿਆ ਗਿਆ | ਜਾਣਕਾਰੀ ਦਿੰਦਿਆਂ ਭਾਜਪਾ ਦੇ ਹਲਕਾ ਭਦੌੜ ਦੇ ਇੰਚਾਰਜ ਅਤੇ ਕੌਂਸਲਰ ਧਰਮ ਸਿੰਘ ਫ਼ੌਜੀ, ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੱਖੀ, ਐਡਵੋਕੇਟ ਵਿਸ਼ਾਲ ਸ਼ਰਮਾ ਜ਼ਿਲ੍ਹਾ ਸੈਕਟਰੀ ਨੇ ਦੱਸਿਆ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਅੰਦਰ ਤੇ ਦੇਸ਼ ਅੰਦਰ ਜਦੋਂ ਵੀ ਕਾਂਗਰਸ ਆਈ ਹੈ ਉਸ ਵਿਚ ਦਲਿਤ ਭਾਈਚਾਰੇ ਦਾ ਅਹਿਮ ਯੋਗਦਾਨ ਰਿਹਾ ਹੈ | ਚਾਹੇ ਉਹ ਰਾਜਨੀਤੀ ਵਿਚ ਜਾ ਸਮਾਜ 'ਚ ਬਦਲਾਉ ਲਿਆਉਣਾ ਹੋਵੇ | ਭਾਈਚਾਰਾ ਹਮੇਸ਼ਾ ਅੱਗੇ ਖੜ੍ਹਾ ਹੋਇਆ ਹੈ | ਬੀਤੇ ਦਿਨੀਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਲਿਤ ਭਾਈਚਾਰੇ ਖ਼ਿਲਾਫ਼ ਅਪਸ਼ਬਦ ਬੋਲੇ ਹਨ | ਜਿਸ ਨੂੰ ਲੈ ਕੇ ਦਲਿਤ ਭਾਈਚਾਰੇ ਵਿਚ ਰਾਜਾ ਵੜਿੰਗ ਖ਼ਿਲਾਫ਼ ਗੱੁਸਾ ਅੱਗ ਵਾਂਗ ਫੈਲ ਗਿਆ ਹੈ | ਸਾਰੇ ਪੰਜਾਬ 'ਚ ਦਲਿਤ ਭਾਈਚਾਰੇ ਵਲੋਂ ਪੁਤਲੇ ਫ਼ੂਕ ਕੇ ਗ਼ੁੱਸਾ ਜਾਹਰ ਕੀਤਾ ਜਾ ਰਿਹਾ ਹੈ | ਪ੍ਰਸ਼ਾਸਨ ਤੋਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਬਰਾੜ, ਨਰਿੰਦਰ ਨੀਟਾ, ਰਾਜੂ ਚੌਧਰੀ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਗੁਰਸ਼ਰਨ ਸਿੰਘ, ਕ੍ਰਿਸ਼ਨ ਸਿੰਘ ਠੀਕਰੀਵਾਲਾ, ਕੌਂਸਲਰ ਹਰਬਖਸੀਸ ਸਿੰਘ ਗੋਨੀ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |