ਬਰਨਾਲਾ, 25 ਨਵੰਬਰ (ਅਸ਼ੋਕ ਭਾਰਤੀ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਰਕੇਸ਼ ਕੁਮਾਰ ਸ਼ਰਮਾ, ਜਰਨਲ ਸਕੱਤਰ ਧਨਵੰਤ ਸਿੰਘ ਭੱਠਲ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਰਕੇਸ਼ ਕੁਮਾਰ ਸ਼ਰਮਾ, ਧਨਵੰਤ ਸਿੰਘ ਭੱਠਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ-2025 ਸੂਬਿਆਂ ਤੋਂ ਰਾਏ ਲੈਣ ਲਈ ਭੇਜਿਆ ਗਿਆ ਹੈ | ਨਿਗਮੀਕਰਨ ਤੋਂ ਨਿੱਜੀਕਰਨ ਵੱਲ ਸੇਧਤ ਇਹ ਬਿੱਲ ਪੰਜਾਬ ਦੇ ਬਿਜਲੀ ਖਪਤਕਾਰਾਂ ਅਤੇ ਮੁਲਾਜ਼ਮਾਂ ਦੇ ਵਿਰੋਧੀ ਬਿੱਲ ਹੈ | ਉਨ੍ਹਾਂ ਕਿਹਾ ਕਿ ਇਹ ਸੋਧ ਬਿੱਲ ਜਿੱਥੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨ ਦੇ ਲਈ ਵੀ ਖ਼ਤਰਾ ਪੈਦਾ ਕਰੇਗਾ, ਕਿਉਂਕਿ ਇਸ ਬਿਲ ਨਾਲ ਪ੍ਰਾਈਵੇਟ ਕਾਰਪੋਰੇਟ ਘਰਾਨਿਆਂ ਨੂੰ ਵਲੋਂ ਜਿਹੜੀ ਲੁੱਟ ਅਸਿੱਧੇ ਰੂਪ ਵਿਚ ਕੀਤੀ ਜਾ ਰਹੀ ਹੈ ਉਹ ਹੁਣ ਸਿੱਧੇ ਰੂਪ ਵਿਚ ਲੁੱਟ ਦਾ ਰਾਹ ਪੱਧਰਾ ਹੋ ਜਾਵੇਗਾ, ਇਸ ਬਿੱਲ ਵਿਚ ਪ੍ਰਾਈਵੇਟ ਕੰਪਨੀਆਂ ਨੂੰ ਜਨਰੇਸ਼ਨ ਨਾਲ ਪੈਦਾ ਕੀਤੀ ਬਿਜਲੀ ਆਪਣੇ ਢੰਗ ਨਾਲ ਖਪਤਕਾਰਾਂ ਨੂੰ ਵੇਚੇਗੀ ਤਾਂ ਫਿਰ ਉਸ ਨਾਲ ਸਬਸਿਡੀ ਖ਼ਤਮ ਵੀ ਹੋ ਜਾਣਗੀਆਂ | ਮਹਿੰਗੇ ਭਾਅ ਤੇ ਖਪਤਕਾਰਾਂ ਨੂੰ ਬਿਜਲੀ ਮਿਲੇਗੀ | ਉਪ ਜਰਨਲ ਸਕੱਤਰ ਸ਼ਿਵ ਕੁਮਾਰ ਤਿਵਾੜੀ, ਮੀਤ ਪ੍ਰਧਾਨ ਦੇਵ ਰਾਜ ਅਤੇ ਪ੍ਰੈਸ ਸਕੱਤਰ ਸ਼ਿੰਦਰ ਧੌਲਾ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਜੋ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਅਤੇ ਬਦਲਾਅ ਦੇ ਨਾਂਅ 'ਤੇ ਸੱਤਾ ਵਿਚ ਆਈ ਹੈ ਉਸ ਨੇ ਤਾਂ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਦਿੱਤੇ ਹਨ | ਖ਼ਜ਼ਾਨਾ ਭਰਿਆ ਦਾ ਢੰਡੋਰਾ ਪਿੱਟਦੀ ਹੋਈ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ | 31 ਮਾਰਚ 2025 ਤੱਕ 3.82 ਲੱਖ ਕਰੋੜ ਰੁਪਏ ਕਰਜ਼ਾ ਚੜ੍ਹ ਗਿਆ ਸੀ ਜੋ ਕੁੱਲ ਘਰੇਲੂ ਉਤਪਾਦਨ ਦਾ 44 ਫ਼ੀਸਦੀ ਤੋਂ ਵੱਧ ਬਣਦਾ ਹੈ | ਹੁਣ ਤਾਂ ਇਸ ਨੂੰ ਮਸ਼ਹੂਰੀਆਂ ਦੀ ਸਰਕਾਰ ਕਿਹਾ ਜਾ ਸਕਦਾ ਹੈ | ਹੁਣ 2027 ਵਿਚ ਦੁਬਾਰਾ ਸੱਤਾ ਵਿਚ ਆਉਣ ਲਈ ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ | ਜਿਸ ਵਿਚ ਪੰਜਾਬ ਸਰਕਾਰ ਨੇ ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਦਾ ਫ਼ੈਸਲਾ ਕਰ ਲਿਆ ਹੈ | ਪੰਜਾਬ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਪੀ.ਐਸ.ਪੀ.ਸੀ.ਐਲ ਕੇਂਦਰ ਅਤੇ ਪੰਜਾਬ ਸਰਕਾਰ ਦੇ ਇਸ ਲੋਕ ਵਿਰੋਧੀ ਫ਼ੈਸਲਿਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ 26 ਨਵੰਬਰ 2025 ਨੂੰ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਉਪਰੋਕਤ ਕੇਂਦਰ ਅਤੇ ਪੰਜਾਬ ਸਰਕਾਰ ਦੇ ਫ਼ੈਸਲਿਆਂ ਖ਼ਿਲਾਫ਼ ਧਰਨੇ ਮੁਜ਼ਾਹਰੇ ਕਰ ਰਹੇ ਹਨ, ਪੈਨਸ਼ਨਰਜ਼ ਐਸੋਸੀਏਸ਼ਨ ਉਸ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੀ ਹੈ | ਇਸ ਮੌਕੇ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੇ ਆਗੂ ਹਾਜ਼ਰ ਸਨ |