ਕਹਿੰਦੇ ਹਨ ਇਕ ਵਾਰ ਕਿਸੇ ਇਲਾਕੇ 'ਚ ਮੀਂਹ ਨਾ ਪਿਆ। ਹਾਲਾਤ ਬਦ ਤੋਂ ਬਦਤਰ ਹੋਣ ਲੱਗ ਪਏ ਤਾਂ ਉਸ ਇਲਾਕੇ ਦੇ ਕੁਝ ਸੂਝਵਾਨ-ਸਿਆਣੇ ਸੱਜਣਾਂ ਨੇ ਸਮੂਹ ਧਾਰਮਿਕ ਮੰਡਲ ਦੇ ਲੋਕਾਂ ਨਾਲ ਸਲਾਹ ਕਰਕੇ ਇਹ ਫ਼ੈਸਲਾ ਕੀਤਾ ਕਿ ਫਲਾਣੇ ਦਿਨ ਸਾਰੇ ਨਗਰ ਨਿਵਾਸੀ ਇਕ ਥਾਂ ਇਕੱਤਰ ਹੋ ਕੇ ਸਾਂਝੇ ਰੂਪ 'ਚ ਪਰਮਾਤਮਾ ਨੂੰ ਅਰਦਾਸ ਕਰਨਗੇ, ਤਾਂ ਕਿ ਇਲਾਕੇ 'ਚ ਮੀਂਹ ਪਵੇ। ਮਿੱਥੇ ਦਿਨ ਸਮੇਤ ਸਮੂਹ ਧਾਰਮਿਕ ਸਿਆਣੇ ਆਗੂਆਂ ਦੇ ਆਮ ਲੋਕ ਵੀ ਅਰਦਾਸ ਲਈ ਇਕੱਤਰ ਹੋ ਗਏ, ਪਰ ਉਨ੍ਹਾਂ 'ਚ ਇਕ ਇਨਸਾਨ ਐਸਾ ਵੀ ਸੀ, ਜੋ ਆਪਣੇ ਨਾਲ ਛੱਤਰੀ ਵੀ ਲੈ ਕੇ ਆਇਆ ਸੀ। ਇਹ ਸੀ ਉਸ ਦਾ ਆਪਣੀ ਅਰਦਾਸ ਤੇ ਪਰਮਾਤਮਾ 'ਚ ਵਿਸ਼ਵਾਸ। ਹੁਣ ਅਸੀਂ ਆਪਣੀ ਹਾਲਤ ਵੇਖੀਏ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਸਾਡਾ ਵੀ ਇਸ ਗੱਲ ਵਿਚ ਤਾਂ ਪੂਰਾ ਵਿਸ਼ਵਾਸ ਹੈ ਕਿ ਪਰਮਾਤਮਾ ਹੈ, ਪਰ ਕੀ ਉਹ ਸਾਡੇ ਨਾਲ ਹੈ ਹਮੇਸ਼-ਹਮੇਸ਼, ਇਹ ਵਿਸ਼ਵਾਸ ਸਾਡਾ ਅਜੇ ਤੱਕ ਬਣ ਨਹੀਂ ਸਕਿਆ, ਜਿਸ ਦਿਨ ਇਹ ਭਰੋਸਾ ਹੋ ਗਿਆ ਕਿ
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ॥
(ਆਸਾ ਮਹਲਾ 5, ਅੰਗ:394)
ਉਸ ਦਿਨ ਹੀ ਸਾਡੀ ਚੜ੍ਹਦੀ ਕਲਾ ਹੋ ਜਾਵੇਗੀ, ਨਹੀਂ ਤਾਂ ਜਿਵੇਂ ਆਮ ਦੇਖਣ 'ਚ ਆਉਂਦਾ ਹੈ ਕਿ ਰੋਜ਼ਾਨਾ ਪਾਠ-ਪੂਜਾ ਕਰਨ ਵਾਲੇ ਅਤੇ ਧਾਰਮਿਕ ਸਥਾਨਾਂ 'ਤੇ ਰੋਜ਼ਾਨਾ ਹਾਜ਼ਰੀ ਭਰਨ ਵਾਲੇ ਵੀ ਕੁਝ ਐਸੇ ਮਨੁੱਖ ਹਨ, ਜਿਨ੍ਹਾਂ ਦੇ ਚਿਹਰੇ ਹਮੇਸ਼ਾ ਹੀ ਭਵਿੱਖ ਦੀ ਚਿੰਤਾ 'ਚ ਡੁੱਬੇ ਰਹਿੰਦੇ ਹਨ, ਜਦਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਹਨ ਕਿ
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
(ਅੰਗ:1429)
ਇਸ ਲਈ ਯਾਦ ਰੱਖੋ ਕਿ ਗੁਰੂ ਅੱਗੇ ਸਿਰਫ਼ ਅਰਦਾਸ ਹੀ ਨਹੀਂ ਕਰਨੀ, ਸਗੋਂ ਅਰਦਾਸ ਵਿਚ ਭਰੋਸਾ ਵੀ ਰੱਖਣਾ ਹੈ ਤਾਂ ਹੀ ਸਾਨੂੰ ਜ਼ਿੰਦਗੀ ਵਿਚ ਕਾਮਯਾਬੀ ਮਿਲੇਗੀ। ਫਿਰ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਆਉਣ ਵਾਲੀਆਂ ਰੁਕਾਵਟਾਂ/ਸਮੱਸਿਆਵਾਂ ਸਾਨੂੰ ਕੋਈ ਬਹੁਤੀਆਂ ਔਖੀਆਂ ਨਹੀਂ ਲੱਗਣਗੀਆਂ, ਸਗੋਂ ਇਹ ਸਭ ਅਸੀਂ ਭਾਣਾ ਮੰਨ ਕੇ ਅੱਗੇ ਵਧਾਂਗੇ, ਕਿਉਂਕਿ ਸਾਨੂੰ ਪਤਾ ਹੋਵੇਗਾ ਕਿ ਵਾਹਿਗੁਰੂ ਸਾਡੇ ਨਾਲ ਹੈ।
ਉਹ ਅਕਾਲ ਪੁਰਖ ਹਮੇਸ਼ਾ ਸਾਡੇ ਨਾਲ ਹੈ, ਇਹ ਭਰੋਸਾ ਕਾਇਮ ਹੁੰਦੇ ਸਾਰ ਹੀ ਉਹ ਸਾਨੂੰ ਕਣ-ਕਣ ਵਿਚ ਨਜ਼ਰੀਂ ਆਵੇਗਾ। ਉਸ ਦਿਨ ਇਹ ਅਹਿਸਾਸ ਮਨ ਅੰਦਰ ਪਣਪ ਪਵੇਗਾ ਕਿ
ਜੇਤੇ ਜੀਅ ਤੇਤੇ ਸਭਿ ਤੇਰੇ॥ (ਮਹਲਾ 5, ਅੰਗ:193)
ਅਤੇ ਫਿਰ
ਨਾ ਕੋ ਬੈਰੀ ਨਹੀ ਬਿਗਾਨਾ
ਸਗਲ ਸੰਗਿ ਹਮ ਕਉ ਬਨਿ ਆਈ॥
(ਮਹਲਾ 5, ਅੰਗ:1299)
ਦੀ ਭਾਵਨਾ ਨਾਲ
ਘਟ ਘਟ ਮੈ ਹਰਿ ਜੂ ਬਸੈ
ਸੰਤਨ ਕਹਿਓ ਪੁਕਾਰਿ॥ (ਮਹਲਾ 9, ਅੰਗ:1427)
ਵਾਂਗ ਉਸ ਦੇ ਦਰਸ਼ਨ-ਦੀਦਾਰ ਵੀ ਹੋ ਜਾਣਗੇ। ਫਿਰ ਵਿਕਾਰਾਂ ਤੋਂ ਹਟ ਕੇ ਸ਼ੁੱਭ ਕੰਮਾਂ ਵੱਲ, ਈਰਖਾ ਤੋਂ ਹਟ ਕੇ ਭਲੇ ਵੱਲ, ਬਦਲੇ ਦੀ ਭਾਵਨਾ ਤੋਂ ਮੁਕਤ ਹੋ ਕੇ ਮੁਆਫ਼ੀ ਵੱਲ ਸਫ਼ਰ ਸ਼ੁਰੂ ਹੋ ਜਾਵੇਗਾ। ਪਰ ਅਜਿਹੇ ਵਿਸ਼ਵਾਸ ਨੂੰ ਪਕੇਰਾ ਕਰਨ ਲਈ ਸਾਨੂੰ ਅਗਵਾਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਲੈਣੀ ਪਵੇਗੀ। ਗੁਰਬਾਣੀ ਦੇ ਵਿਚਾਰ ਤੋਂ ਬਾਅਦ ਉਸ ਨੂੰ ਅਮਲ ਵਿਚ ਲਿਆ ਕੇ
ਮੈ ਗੁਰਬਾਣੀ ਆਧਾਰੁ ਹੈ
ਗੁਰਬਾਣੀ ਲਾਗਿ ਰਹਾਉ॥ (ਮਹਲਾ 4, ਅੰਗ:759)
ਵਾਲਾ ਜੀਵਨ ਬਣਾਉਣਾ ਪਾਵੇਗਾ। ਆਓ ਕੋਸ਼ਿਸ਼ ਕਰੀਏ, ਇਕ ਕਦਮ ਗੁਰੂ ਵੱਲ ਪੂਰੀ ਸ਼ਰਧਾ, ਸਤਿਕਾਰ, ਭਾਵਨਾ ਤੇ ਭਰੋਸੇ ਨਾਲ ਵਧਾਈਏ।
-ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਸਾਹਿਬ।