06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਾਦਗੀ ਵਿਚ ਰਹਿ ਕੇ ਜੀਵਨ ਬਤੀਤ ਕਰੋ

ਅਜੀਤ ਡੈਸਕ 19-06-2025

 

ਸਾਦਗੀ ਸਭ ਤੋਂ ਉੱਤਮ ਗਹਿਣਾ ਹੈ। ਸਾਦਗੀ ਵਿਚ ਰਹਿੰਦਾ ਇਨਸਾਨ ਭੀੜ ਵਿਚੋਂ ਅਲੱਗ ਹੀ ਦਿਖਾਈ ਦਿੰਦਾ ਹੈ ਕਿਉਂਕਿ ਬਣਾਵਟੀ ਖ਼ੂਬਸੂਰਤੀ ਤਾਂ ਚਾਰ ਦਿਨਾਂ ਦੀ ਖੇਡ ਹੁੰਦੀ ਹੈ ਅਤੇ ਮੇਕਅਪ ਸਦਕਾ ਤਾਂ ਹਰ ਇਨਸਾਨ ਖ਼ੁਦ ਨੂੰ ਸੋਹਣਾ ਬਣਾ ਸਕਦਾ ਹੈ ਪਰ ਜੋ ਖ਼ੂਬਸੂਰਤੀ ਸਾਦਗੀ ਵਿਚ ਹੁੰਦੀ ਹੈ, ਉਸ ਕੁਦਰਤੀ ਖ਼ੂਬਸੂਰਤੀ ਦਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ। ਅਜੋਕੇ ਸਮੇਂ ਦੌਰਾਨ ਔਰਤਾਂ ਮਹਿੰਗੀਆਂ-ਮਹਿੰਗੀਆਂ ਕਰੀਮਾਂ ਸਦਕਾ ਖ਼ੁਦ ਦੇ ਚਿਹਰੇ 'ਤੇ ਰੌਣਕ ਲਿਆਉਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਉਹ ਇਹ ਨਹੀਂ ਜਾਣਦੀਆਂ ਕਿ ਚਿਹਰੇ 'ਤੇ ਰੌਣਕ ਤਦ ਹੀ ਆਏਗੀ ਜਦ ਉਹ ਤਨੋਂ-ਮਨੋਂ ਸੰਤੁਸ਼ਟ ਹੋਣਗੀਆਂ ਕਿਉਂਕਿ ਅਸਲ ਖ਼ੂਬਸੂਰਤੀ ਦਾ ਨਿਖਾਰ ਚੰਗੇ ਵਿਚਾਰਾਂ ਸਦਕਾ ਹੀ ਆਉਂਦਾ ਹੈ। ਬਾਹਰੀ ਦਿੱਖ ਅਤੇ ਸ਼ਾਨੌ-ਸ਼ੌਕਤ ਦਰਸਾਉਣ ਲਈ ਇਨਸਾਨ ਨੇ ਖ਼ੁਦ ਨੂੰ ਭਾਵੇਂ ਹੀਰੇ-ਸੋਨੇ ਦੇ ਗਹਿਣਿਆਂ ਅਤੇ ਮਹਿੰਗੇ-ਮਹਿੰਗੇ ਬਰੈਂਡਾਂ ਦੇ ਕੱਪੜਿਆਂ ਨਾਲ ਹੀ ਕਿਉਂ ਨਾ ਸਜਾਇਆ ਹੋਵੇ ਪਰ ਦੂਜੇ ਪਾਸੇ ਜੇਕਰ ਉਸ ਇਨਸਾਨ ਨੂੰ ਅੰਦਰੂਨੀ ਖ਼ੁਸ਼ੀ ਨਹੀਂ ਹੈ ਅਤੇ ਉਹ ਦਿਲੋਂ-ਦਿਮਾਗ਼ ਤੋਂ ਦੁਖੀ ਹੈ ਤਾਂ ਫਿਰ ਉਸ ਦੀ ਬਾਹਰੀ ਦਿਖਾਵਟ ਵੀ ਖ਼ੂਹ ਖ਼ਾਤੇ ਹੈ ਕਿਉਂਕਿ ਖ਼ੂਬਸੂਰਤੀ ਕਦੇ ਵੀ ਪੈਸੇ ਨਾਲ ਨਹੀਂ ਖ਼ਰੀਦੀ ਜਾ ਸਕਦੀ।
ਸਾਦਗੀ, ਸਰੀਰ ਦੀ ਤੰਦਰੁਸਤੀ, ਤਨ-ਮਨ ਦੀ ਸੰਤੁਸ਼ਟੀ ਹੀ ਅਸਲ ਖ਼ੂਬਸੂਰਤੀ ਹੈ। ਸੋ, ਜਿਸ ਇਨਸਾਨ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ, ਜਿਵੇਂ ਰੋਟੀ, ਕੱਪੜਾ ਅਤੇ ਮਕਾਨ ਅਤੇ ਜਿਹੜਾ ਇਨਸਾਨ ਸਰੀਰ ਪੱਖੋਂ ਤੰਦਰੁਸਤ ਹੈ, ਅਸਲ ਵਿਚ ਓਹੀ ਇਨਸਾਨ ਸਭ ਤੋਂ ਖ਼ੂਬਸੂਰਤ ਜ਼ਿੰਦਗੀ ਬਤੀਤ ਕਰ ਰਿਹਾ ਹੈ। ਲੋੜ ਨਾਲੋਂ ਵੱਧ ਖ਼ਵਾਹਿਸ਼ਾਂ ਨਾ ਰੱਖੋ ਕਿਉਂਕਿ ਮਨੁੱਖੀ ਖਵਾਹਿਸ਼ਾਂ ਤਾਂ ਆਖ਼ਰੀ ਸਾਹਾਂ ਤੱਕ ਨਹੀਂ ਮੁੱਕਦੀਆਂ। ਇਸ ਲਈ ਜਿੰਨੇ 'ਚ ਤੁਹਾਡਾ ਵਧੀਆ ਗੁਜ਼ਾਰਾ ਹੋ ਸਕਦਾ ਹੈ, ਕੇਵਲ ਉਨ੍ਹੇ ਵਿਚ ਹੀ ਰਾਜ਼ੀ ਰਹੋ ਕਿਉਂਕਿ ਚਾਰ ਦਿਨ ਦੀ ਬਾਹਰੀ ਝੂਠੀ ਸ਼ਾਨੋ-ਸ਼ੌਹਕਤ ਦੀ ਦਿਖਾਵਟ ਕਰਨ ਦੇ ਚੱਕਰ ਵਿਚ ਅੰਤ ਵਿਚ ਇਨਸਾਨ ਸਾਰੀ ਉਮਰ ਲਈ ਦੁਖੀ ਹੋ ਕੇ ਬੈਠ ਜਾਂਦਾ ਹੈ। ਇਸੇ ਕਰਕੇ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਹਮੇਸ਼ਾ ਚਾਦਰ ਦੇਖ ਕੇ ਪੈਰ ਪਸਾਰੋ। ਸੋ, ਸੋਹਣੀ ਜ਼ਿੰਦਗੀ ਜਿਊਣ ਲਈ ਦੂਜਿਆਂ ਤੋਂ ਉਮੀਦਾਂ ਘੱਟ ਰੱਖੋ ਅਤੇ ਰੱਬ ਦੀ ਰਜ਼ਾ ਵਿਚ ਰਹਿ ਕੇ ਸਦਾ ਸ਼ੁਕਰ ਮਣਾਓ।

-ਭਗਤ ਨਾਮਦੇਵ ਨਗਰ, ਘੁਮਾਣ।

ਪਿਛਲੀ ਖ਼ਬਰ ਗੋਲ ਮਟੋਲ ਬੱਚੇ, ਤੰਦਰੁਸਤੀ ਪੱਖੋਂ ਕੱਚੇ ਅਗਲੀ ਖ਼ਬਰ ਬੁਰੇ ਸਮੇਂ ਵਿਚ ਨਿਰਾਸ਼ ਨਾ ਹੋਵੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।