06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਗੋਲ ਮਟੋਲ ਬੱਚੇ, ਤੰਦਰੁਸਤੀ ਪੱਖੋਂ ਕੱਚੇ

ਅਜੀਤ ਡੈਸਕ 19-06-2025

ਅਜੋਕੇ ਤੇਜ਼-ਤਰਾਰ ਅਤੇ ਤਕਨਾਲੋਜੀ ਵਾਲੇ ਯੁੱਗ ਵਿਚ ਲੋਕਾਂ ਦਾ ਸਕਰੀਨ ਟਾਈਮ ਕਾਫ਼ੀ ਵਧ ਗਿਆ ਹੈ। ਭਾਵ ਕਿ ਲੋਕ ਮੋਬਾਈਲ ਦੀ ਵਰਤੋਂ ਕਰਦਿਆਂ ਅਤੇ ਟੀ.ਵੀ. ਅਤੇ ਕੰਪਿਊਟਰ ਆਦਿ ਉੱਤੇ ਲੰਮਾ ਸਮਾਂ ਗੁਜ਼ਾਰ ਦਿੰਦੇ ਹਨ ਅਤੇ ਉਨ੍ਹਾਂ ਦੀ ਸਰੀਰਕ ਕ੍ਰਿਆਸ਼ੀਲਤਾ ਕਾਫ਼ੀ ਘਟ ਗਈ ਹੈ। ਇਹੀ ਗੱਲ ਬੱਚਿਆਂ ਉੱਤੇ ਵੀ ਲਾਗੂ ਹੁੰਦੀ ਹੈ। ਬਚਪਨ ਜ਼ਿੰਦਗੀ ਦੀ ਉਹ ਅਵਸਥਾ ਹੁੰਦੀ ਹੈ ਜਿਸ ਵਿਚ ਬੱਚਿਆਂ ਨੇ ਵੱਧ ਤੋਂ ਵੱਧ ਹੱਸਣਾ, ਕੁੱਦਣਾ ਅਤੇ ਖੇਡਣਾ ਹੁੰਦਾ ਹੈ। ਉਨ੍ਹਾਂ ਦਾ ਸਰੀਰ ਊਰਜਾ ਨਾਲ ਭਰਪੂਰ ਹੁੰਦਾ ਹੈ। ਪਰ ਅੱਜਕਲ੍ਹ ਦੇ ਬੱਚੇ ਮੋਬਾਈਲ 'ਤੇ ਲੰਮਾ ਸਮਾਂ ਗੁਜ਼ਾਰ ਦਿੰਦੇ ਹਨ, ਇਸ ਲਈ ਉਨ੍ਹਾਂ ਦੀ ਸਰੀਰਕ ਊਰਜਾ ਉੱਚਿਤ ਢੰਗ ਨਾਲ ਖਰਚ ਨਹੀਂ ਹੁੰਦੀ ਅਤੇ ਉਹ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਇਕ ਅੱਟਲ ਸੱਚਾਈ ਹੈ ਕਿ ਅੱਜ ਦੇ ਬੱਚੇ ਹੀ ਦੇਸ਼ ਦਾ ਅਸਲ ਭਵਿੱਖ ਹੁੰਦੇ ਹਨ। ਪਰ ਮੌਜੂਦਾ ਪੀੜ੍ਹੀ ਦੇ ਬੱਚੇ ਜੇਕਰ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਨਹੀਂ ਹੋਣਗੇ ਤਾਂ ਦੇਸ਼ ਦਾ ਭਵਿੱਖ ਵੀ ਧੁੰਦਲਾ ਹੀ ਰਹੇਗਾ। ਵਿਸ਼ਵ ਸਿਹਤ ਸੰਗਠਨ ਦੇ ਇਕ ਸਰਵੇ ਅਨੁਸਾਰ, ਭਾਰਤ ਵਿਚ ਹਰ ਪੰਜਵਾਂ ਬੱਚਾ ਮੋਟਾਪੇ ਤੋਂ ਪੀੜਤ ਹੈ। ਦੂਜੇ ਪਾਸੇ ਸਧਾਰਨ ਵਰਗ ਦੇ ਬੱਚੇ ਅੱਤ ਦੇ ਕੁਪੋਸ਼ਣ ਦੇ ਸ਼ਿਕਾਰ ਹਨ, ਜਿਵੇਂ ਕਿ ਯੂਨੀਸੈਫ਼ ਦੀ 5 ਸਾਲ ਤੋਂ 14 ਸਾਲਾਂ ਤੱਕ ਦੇ ਬੱਚਿਆਂ ਸੰਬੰਧੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭਾਰਤ ਵਿਚ ਹਰ ਤੀਜਾ ਬੱਚਾ ਗੰਭੀਰ ਕੁਪੋਸ਼ਣ ਦਾ ਅਤੇ ਹਰ ਦੂਜਾ ਬੱਚਾ ਅਨੀਮੀਆ ਭਾਵ ਖ਼ੂਨ ਦੀ ਕਮੀ ਦਾ ਸ਼ਿਕਾਰ ਹੈ। ਇਹ ਗੱਲ ਵੱਖਰੀ ਹੈ ਕਿ ਮੋਟੇ ਅਤੇ ਕਮਜ਼ੋਰ ਦੋਵੇਂ ਹੀ ਤਰ੍ਹਾਂ ਦੇ ਬੱਚੇ ਸਰੀਰਕ ਪੱਖੋਂ ਤੰਦਰੁਸਤ ਨਹੀਂ ਕਹੇ ਜਾ ਸਕਦੇ ਹਨ। ਬੱਚਿਆਂ ਵਿਚ ਮੋਟਾਪੇ ਲਈ ਅਨੇਕਾਂ ਕਾਰਨ ਜ਼ਿੰਮੇਵਾਰ ਹਨ ਜਿਵੇਂ ਸ਼ਹਿਰੀਕਰਨ, ਆਧੁਨਿਕੀਕਰਨ, ਮਸ਼ੀਨੀਕਰਨ, ਤੇਜ਼ੀ ਨਾਲ ਉੱਨਤ ਹੁੰਦੀ ਤਕਨਾਲੋਜੀ ਅਤੇ ਜੰਕ ਫ਼ੂਡ ਦੀ ਵਰਤੋਂ ਆਦਿ। ਸ਼ਹਿਰੀਕਰਨ ਤੇ ਆਧੁਨਿਕ ਜੀਵਨ ਢੰਗ ਨੇ ਸਾਡੇ ਖਾਣ-ਪੀਣ ਦੇ ਤਰੀਕਿਆਂ ਵਿਚ ਅਨੇਕਾਂ ਨਾਂਹ-ਪੱਖੀ ਰੁਝਾਨ ਪੈਦਾ ਕੀਤੇ ਹਨ। ਬੱਚੇ ਘਰ ਦੇ ਪੌਸ਼ਟਿਕ ਖਾਣੇ ਨੂੰ ਛੱਡ ਕੇ ਬਾਜ਼ਾਰ ਦੇ ਭੋਜਨ ਜਿਵੇਂ ਪੀਜ਼ਾ, ਮੈਗੀ, ਨੂਡਲਜ਼, ਡੋਸਾ, ਹਾਟ-ਡੋਗ ਅਤੇ ਚਿਪਸ ਆਦਿ ਨੂੰ ਵਧੇਰੇ ਪਸੰਦ ਕਰਦੇ ਹਨ। ਇਹ ਖਾਣਾ ਆਮ ਤੌਰ 'ਤੇ ਮੈਦਾ, ਤੇਲ, ਘਿਓ ਅਤੇ ਤੇਜ਼ ਮਸਾਲਿਆਂ ਨਾਲ ਭਰਪੂਰ ਹੁੰਦਾ ਹੈ ਜੋ ਕਿ ਸਰੀਰ ਲਈ ਫ਼ਾਇਦੇਮੰਦ ਤਾਂ ਨਹੀਂ ਹੁੰਦਾ ਸਗੋਂ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਜ਼ਰੂਰ ਪੈਦਾ ਕਰਦਾ ਹੈ। ਉਹ ਬੱਚੇ ਜਿਨ੍ਹਾਂ ਨੇ ਕੱਲ੍ਹ ਦੇ ਡਾਕਟਰ, ਇੰਜੀਨੀਅਰ, ਵਿਗਿਆਨੀ, ਅਫ਼ਸਰ ਅਤੇ ਰਾਜਨੇਤਾ ਬਣ ਕੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ, ਉਹੀ ਬੱਚੇ ਖ਼ੂਨ ਦੀਆਂ ਨਾੜੀਆਂ ਅਤੇ ਦਿਲ ਉੱਤੇ ਜਮ੍ਹਾਂ ਹੋਈ ਚਰਬੀ ਨਾਲ ਬਲੱਡ ਪ੍ਰੈਸ਼ਰ, ਸਾਹ ਦੇ ਰੋਗ, ਫ਼ੈਟੀ ਲੀਵਰ, ਜੋੜਾਂ ਦੀਆਂ ਪੀੜਾਂ, ਤਣਾਅ, ਡਿਪਰੈਸ਼ਨ, ਦਿਲ ਦੇ ਰੋਗ ਅਤੇ ਸ਼ੂਗਰ ਵਰਗੇ ਭਿਆਨਕ ਰੋਗਾਂ ਨਾਲ ਜੂਝਦੇ ਨਜ਼ਰ ਆਉਣਗੇ। ਉਹ ਬੱਚੇ ਜਿਨ੍ਹਾਂ ਨੇ ਉਲੰਪਿਕ ਖੇਡਾਂ, ਵਿਸ਼ਵ ਕੱਪ ਅਤੇ ਕਾਮਨਵੈੱਲਥ ਖੇਡਾਂ ਵਿਚ ਬਲਬੀਰ ਸਿੰਘ, ਮਿਲਖਾ ਸਿੰਘ, ਅਜੀਤ ਪਾਲ ਸਿੰਘ ਵਰਗੇ ਖਿਡਾਰੀਆਂ ਵਲੋਂ ਪਾਏ ਪੂਰਨਿਆਂ 'ਤੇ ਚੱਲਦਿਆਂ ਹੋਇਆਂ ਦੇਸ਼ ਦਾ ਨਾਂਅ ਰੌਸ਼ਨ ਕਰਨਾ ਹੈ, ਉਹ ਜਾਂ ਤਾਂ ਸਰੀਰਿਕ ਪੱਖੋਂ ਕਮਜ਼ੋਰ ਹੋਣਗੇ ਜਾਂ ਫਿਰ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਲੜ ਰਹੇ ਹੋਣਗੇ। ਬੱਚਿਆਂ ਵਿਚ ਮੋਟਾਪੇ ਲਈ ਭੋਜਨ ਤੋਂ ਇਲਾਵਾ ਹੋਰ ਵੀ ਕਾਰਨ ਜ਼ਿੰਮੇਵਾਰ ਹਨ। ਅਕਸਰ ਵੇਖਿਆ ਜਾਂਦਾ ਹੈ ਕਿ ਬੱਚੇ ਮੋਬਾਈਲ ਉੱਤੇ ਚੈਟਿੰਗ ਕਰਦਿਆਂ ਜਾਂ ਗੇਮਾਂ ਖੇਡਦਿਆਂ ਲੰਮਾ ਸਮਾਂ ਇਕ ਹੀ ਥਾਂ ਉੱਤੇ ਬੈਠੇ ਰਹਿੰਦੇ ਹਨ। ਰਵਾਇਤੀ ਖੇਡਾਂ ਜਿਵੇਂ ਹਾਕੀ, ਕਬੱਡੀ, ਖੋ-ਖੋ, ਛਟਾਪੂ 'ਤੇ ਲੁਕਣ-ਮੀਚੀ ਆਦਿ ਦੀ ਥਾਂ ਟੀ.ਵੀ., ਕੰਪਿਊਟਰ ਅਤੇ ਮੋਬਾਈਲ ਆਦਿ ਨੇ ਲੈ ਲਈ ਹੈ, ਜਿਸ ਨਾਲ ਬੱਚਿਆਂ ਦਾ ਬਚਪਨ ਤਾਂ ਕਿਤੇ ਹਨੇਰੇ ਵਿਚ ਹੀ ਗੁੰਮ ਹੋ ਗਿਆ, ਉਹ ਨਿੱਕੀ ਉਮਰੇ ਹੀ ਆਦਮੀ ਲੱਗਣ ਲੱਗ ਜਾਂਦੇ ਹਨ। ਮੋਟਾਪੇ ਕਾਰਨ ਬੱਚੀਆਂ ਵਿਚ ਵੀ ਅਨੇਕਾਂ ਨਵੀਆਂ ਸਮੱਸਿਆਵਾਂ ਪੈਦਾ ਹੋਣ ਲੱਗ ਪਈਆਂ ਹਨ। ਬੱਚੀਆਂ ਛੋਟੀ ਉਮਰ ਵਿਚ ਹੀ ਬਾਲਗ ਲੱਗਣ ਲੱਗ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਮਾਸਿਕ ਧਰਮ ਵੀ ਛੋਟੀ ਉਮਰ ਵਿਚ ਆ ਜਾਂਦੇ ਹਨ। ਅਜਿਹੇ ਵਿਚ ਬੱਚਿਆਂ ਦੇ ਮਾਪਿਆਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਤਕਨਾਲੋਜੀ ਖੇਡਾਂ ਦੇ ਨਾਲ ਨਾਲ ਰਵਾਇਤੀ ਖੇਡਾਂ ਖੇਡਣ ਲਈ ਵੀ ਪ੍ਰੇਰਿਤ ਕਰਨ ਅਤੇ ਸਰੀਰਕ ਮਿਹਨਤ ਕਰਨ ਲਈ ਤਿਆਰ ਕਰਨ ਤਾਂ ਜੋ ਅੱਜ ਦੇ ਬੱਚੇ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਬਣ ਕੇ ਅਤੇ ਕੱਲ੍ਹ ਨੂੰ ਸਮਾਜ ਦੇ ਚੰਗੇ ਨਾਗਰਿਕ ਬਣ ਕੇ ਪਰਿਵਾਰ, ਸਮਾਜ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਘਰੇਲੂ ਕੰਮਾਂ ਵਿਚ ਸ਼ਾਮਿਲ ਕਰਨ ਤਾਂ ਜੋ ਬੱਚੇ ਸਰੀਰਕ ਤੌਰ 'ਤੇ ਤੰਦਰੁਸਤ ਅਤੇ ਦਿਮਾਗੀ ਤੌਰ 'ਤੇ ਬੁੱਧੀਮਾਨ ਬਣ ਸਕਣ।

-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋ: 62842-20595

ਪਿਛਲੀ ਖ਼ਬਰ ਸ਼ਖ਼ਸੀਅਤ ਨੂੰ ਆਕਰਸ਼ਕ ਬਣਾਓ ਅਗਲੀ ਖ਼ਬਰ ਸਾਦਗੀ ਵਿਚ ਰਹਿ ਕੇ ਜੀਵਨ ਬਤੀਤ ਕਰੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।