ਸਹੀ 'ਬਾਡੀ ਮੂਵਮੈਂਟ' ਸਿਰਫ਼ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਹੀ ਨਹੀਂ, ਸਗੋਂ ਸਿਹਤਮੰਦ ਰਹਿਣ ਲਈ ਵੀ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਮੋਢੇ ਝੁਕਾ ਕੇ ਚਲਦੇ ਹੋ ਤਾਂ ਤੁਹਾਨੂੰ ਸਪਾਂਡੀਲਾਈਟਿਸ ਦੀ ਸ਼ਿਕਾਇਤ ਹੋ ਸਕਦੀ ਹੈ ਅਤੇ ਜੇਕਰ ਤੁਸੀਂ ਘੰਟਿਆਂ ਤੱਕ ਇਕ ਹੀ ਪਾਸੇ ਝੁਕੇ ਰਹਿੰਦੇ ਹੋ ਤਾਂ ਗਰਦਨ ਟੇਢੀ ਹੋਣ ਦਾ ਡਰ ਰਹਿੰਦਾ ਹੈ। ਰੀੜ੍ਹ ਦੀ ਹੱਡੀ ਸਿੱਧੀ ਨਾ ਰੱਖੀ ਜਾਵੇ ਤਾਂ ਲੱਕ ਵਿਚ ਦਰਦ ਹੋਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ। ਆਪਣੇ ਬੈਠਣ ਦੇ ਸਹੀ ਆਸਣ ਨੂੰ ਪਰਖਣ ਲਈ ਦੀਵਾਰ ਦੇ ਸਹਾਰੇ ਸਿੱਧੇ ਖੜ੍ਹੇ ਹੋ ਜਾਓ। ਤੁਸੀਂ ਆਦਮਕੱਦ ਸ਼ੀਸ਼ੇ ਸਾਹਮਣੇ ਸੌਖਿਆਂ ਆਪਣੀ ਸਰੀਰਕ ਬਣਤਰ ਨੂੰ ਪਰਖ ਸਕਦੇ ਹੋ। ਪੈਰਾਂ ਨੂੰ ਦੀਵਾਰ ਤੋਂ ਤਿੰਨ ਇੰਚ ਦੂਰ ਰੱਖੋ। ਦੋਵਾਂ ਪੈਰਾਂ ਵਿਚ ਛੇ ਇੰਚ ਦੀ ਦੂਰੀ ਰੱਖੋ। ਸਿਰ ਤੇ ਮੋਢਿਆਂ ਨੂੰ ਦੀਵਾਰ ਨਾਲ ਲਗਾ ਲਓ। ਪੇਟ ਨੂੰ ਅੰਦਰ ਵੱਲ ਲੈ ਲਓ, ਲੱਕ ਅਤੇ ਗੋਡਿਆਂ ਨੂੰ ਇਕ ਸੇਧ ਵਿਚ ਰੱਖੋ ਅਤੇ ਪੈਰਾਂ ਨੂੰ ਨੱਬੇ ਡਿਗਰੀ ਦੇ ਕੋਣ 'ਤੇ ਰੱਖੋ। ਦੋਵਾਂ ਹੱਥਾਂ ਨੂੰ ਸਿੱਧੀ ਸਾਈਡ 'ਚ ਰੱਖੋ। ਜਦੋਂ ਤੁਸੀਂ ਚਲਦੇ ਹੋ ਤਾਂ ਦੇਖੋ ਕਿ ਕਿਤੇ ਤੁਸੀਂ ਪੈਰ ਤਾਂ ਨਹੀਂ ਘਸੀਟ ਰਹੇ ਜਾਂ ਫਿਰ ਤੁਹਾਡੇ ਮੋਢੇ ਤਾਂ ਨਹੀਂ ਝੁਕੇ ਹੋਏ। ਆਪਣੀ ਚਾਲ ਦਾ ਮੁਆਇਨਾ ਕਰਨ ਲਈ ਸਿਰ 'ਤੇ ਪੁਸਤਕ ਰੱਖ ਕੇ ਸਿੱਧੇ ਚੱਲਣ ਦੀ ਕੋਸ਼ਿਸ਼ ਕਰੋ। ਨਾ ਬਹੁਤ ਤੇਜ਼ ਚੱਲੋ, ਨਾ ਹੀ ਹੌਲੀ। ਮੋਢਿਆਂ ਨੂੰ ਅੱਗੇ ਵਲ ਝੁਕਾ ਕੇ ਨਾ ਚੱਲੋ। ਜਦੋਂ ਮੁੜੋ ਤਾਂ ਆਰਾਮ ਨਾਲ ਮੁੜੋ, ਝਟਕੇ ਨਾਲ ਨਹੀਂ। ਜਦੋਂ ਖੜ੍ਹੇ ਹੋਵੋ ਤਾਂ ਇਕ ਪੈਰ 'ਤੇ ਹੀ ਭਾਰ ਨਾ ਪਾਓ, ਸਗੋਂ ਦੋਵਾਂ ਪੈਰਾਂ 'ਤੇ ਬਰਾਬਰ ਭਾਰ ਪਾਵੋ। ਕੁਰਸੀ 'ਤੇ ਬੈਠੋ ਤਾਂ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖੋ। ਕੰਮ ਕਰਦੇ ਹੋਏ ਵੀ ਗਰਦਨ ਤੇ ਰੀੜ੍ਹ ਦੀ ਹੱਡੀ ਨੂੰ ਸਿੱਧਾ ਹੀ ਰੱਖੋ। ਕਾਰ ਵਿਚ ਬੈਠਦੇ ਹੋਏ ਵੀ ਧਿਆਨ ਨਾਲ ਤੇ ਸਹੀ ਢੰਗ ਨਾਲ ਬੈਠੋ। ਹਮੇਸ਼ਾ ਆਪਣੇ ਆਸਣ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਬੈਠੋ-ਉੱਠੋ। ਖੜ੍ਹੇ ਹੁੰਦੇ ਸਮੇਂ, ਚਲਦੇ ਸਮੇਂ, ਪੌੜੀਆਂ 'ਤੇ ਚੜ੍ਹਦੇ-ਉਤਰਦੇ ਸਮੇਂ ਖਿਆਲ ਰੱਖੋ ਕਿ ਤੁਹਾਡਾ ਆਸਣ ਕਿਸ ਤਰ੍ਹਾਂ ਹੈ। ਜੇਕਰ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡਾ ਆਸਣ ਸਹੀ ਨਹੀਂ ਹੈ ਤਾਂ ਅਭਿਆਸ ਕਰੋ। ਥੋੜ੍ਹੇ ਦਿਨਾਂ ਬਾਅਦ ਹੀ ਤੁਹਾਡਾ ਆਸਣ ਸਹੀ ਹੋ ਜਾਵੇਗੀ।
ਸ਼ਖ਼ਸੀਅਤ ਨੂੰ ਆਕਰਸ਼ਕ ਬਣਾਓ
ਅਜੀਤ ਡੈਸਕ
19-06-2025