ਹਰੇ ਪੁਦੀਨੇ ਦੀਆਂ ਪੱਤੀਆਂ ਨੂੰ ਪੀਹ ਕੇ ਇਸ ਵਿਚ ਦੋ ਤਿੰਨ ਬੂੰਦਾਂ ਨਿੰਬੂ ਰਸ ਮਿਲਾ ਕੇ ਬਣੇ ਲੇਪ ਨੂੰ ਆਪਣੇ ਚਿਹਰੇ 'ਤੇ ਲਗਾ ਕੇ 15 ਮਿੰਟ ਬਾਅਦ ਠੰਢੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡਾ ਚਿਹਰਾ ਚਮਕ ਉੱਠੇਗਾ ਅਤੇ ਕਿੱਲ ਮੁਹਾਂਸਿਆਂ ਤੋਂ ਵੀ ਛੁਟਕਾਰਾ ਮਿਲੇਗਾ। ਚਿਹਰੇ ਤੋਂ ਮੁਹਾਸੇ ਹਟਾਉਣ ਲਈ ਨਿੰਮ ਅਤੇ ਪੁਦੀਨੇ ਦੀਆਂ ਸੁੱਕੀਆਂ ਪੱਤੀਆਂ ਵਿਚ ਥੋੜ੍ਹੀ ਜਿਹੀ ਹਲਦੀ, ਗੁਲਾਬ ਜਲ ਅਤੇ ਕੈਲੇ ਮਾਈਨ ਪਾਊਡਰ ਮਿਲਾ ਕੇ ਬਣੇ ਪੇਸਟ ਨੂੰ ਫਰਿੱਜ ਵਿਚ ਰੱਖ ਲਓ ਅਤੇ ਰੋਜ਼ਾਨਾ ਨਹਾਉਣ ਤੋਂ ਪਹਿਲਾਂ ਚਿਹਰੇ 'ਤੇ ਲਗਾਉਣ ਤੋਂ ਬਾਅਦ ਤਾਜ਼ੇ ਠੰਢੇ ਪਾਣੀ ਨਾਲ ਧੋ ਲਓ। ਚਿਹਰੇ 'ਤੇ ਰੋਜ਼ਾਨਾ ਟਮਾਟਰ ਦਾ ਗੁੱਦਾ ਲਗਾਉਣ ਦੇ 30 ਮਿੰਟ ਬਾਅਦ ਸਾਫ਼ ਤਾਜ਼ੇ ਪਾਣੀ ਨਾਲ ਧੋਣ ਨਾਲ ਵੀ ਕਿੱਲ ਮੁਹਾਸੇ ਖ਼ਤਮ ਹੋ ਜਾਂਦੇ ਹਨ। ਤੇਲ ਵਾਲੀ ਚਮੜੀ ਅਤੇ ਕਿੱਲ ਮੁਹਾਂਸਿਆਂ ਤੋਂ ਪ੍ਰਭਾਵਿਚ ਚਮੜੀ ਲਈ ਇਕ ਚਮਚ ਸ਼ਹਿਦ ਵਿਚ ਇਕ ਚਮਚ ਨਿੰਬੂ ਦਾ ਰਸ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਉਸ ਦਾ ਮਿਸ਼ਰਨ ਬਣਾ ਲਓ ਅਤੇ ਇਸ ਮਿਸ਼ਰਨ ਨੂੰ ਚਿਹਰੇ ਅਤੇ ਗਰਦਨ ਦੇ ਖੁੱਲ੍ਹੇ ਹਿੱਸੇ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਸਾਫ਼ ਤਾਜ਼ੇ ਪਾਣੀ ਨਾਲ ਧੋ ਲਓ, ਇਸ ਨਾਲ ਚਿਹਰੇ ਦੀ ਰੰਗਤ ਵਿਚ ਨਿਖਾਰ ਆਵੇਗਾ ਅਤੇ ਕਿੱਲ ਮੁਹਾਂਸਿਆਂ ਤੋਂ ਛੁਟਕਾਰਾ ਮਿਲੇਗਾ। ਅੱਜਕਲ੍ਹ ਦੇ ਮੌਸਮ ਵਿਚ ਪੁਦੀਨਾ ਪੀਹ ਕੇ ਬਣੇ ਲੇਪ ਨੂੰ ਵੀਹ ਮਿੰਟ ਤੱਕ ਚਿਹਰੇ 'ਤੇ ਲਗਾਉਣ ਤੋਂ ਬਾਅਦ ਸਾਧਾਰਨ ਪਾਣੀ ਨਾਲ ਧੋਣ ਨਾਲ ਚਮੜੀ ਦੀ ਗਰਮੀ ਨਿਕਲ ਜਾਂਦੀ ਹੈ।
ਇਕ ਚਮਚ ਵੇਸਣ, ਚੁਟਕੀ ਭਰ ਹਲਦੀ, ਇਕ ਚਮਚ ਕੱਚਾ ਦੁੱਧ ਅਤੇ ਇਕ ਚਮਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਕੇ ਫਰਿੱਜ ਵਿਚ ਰੱਖ ਲਓ ਹਰ ਦਿਨ ਨਿਯਮਿਤ ਰੂਪ ਨਾਲ ਇਸ ਪੇਸਟ ਨੂੰ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦੀ ਚਮੜੀ ਦੀ ਰੰਗਤ ਵਿਚ ਨਿਖਾਰ ਆਵੇਗਾ।
ਨਿੰਬੂ ਦੇ ਰਸ ਵਿਚ ਗੁਲਾਬ ਜਲ ਅਤੇ ਦੁੱਧ ਮਿਲਾ ਕੇ ਬਣੇ ਮਿਸ਼ਰਨ ਨੂੰ ਚਮੜੀ 'ਤੇ ਲਗਾਉਣ ਦੇ ਵੀਹ ਮਿੰਟ ਬਾਅਦ ਠੰਢੇ ਪਾਣੀ ਨਾਲ ਧੋ ਲਓ ਇਸ ਨਾਲ ਚਮੜੀ ਵਿਚ ਆਕਰਸ਼ਣ ਅਤੇ ਕੋਮਲਤਾ ਆ ਜਾਵੇਗ।
ਦੁੱਧ ਵਿਚ ਹਲਦੀ ਪਾ ਕੇ ਬਣੇ ਪੇਸਟ ਨੂੰ ਚਮੜੀ 'ਤੇ ਲਗਾਉਣ ਨਾਲ ਚਮੜੀ ਤੋਂ ਝੁਰੜੀਆਂ ਰੋਕਣ ਵਿਚ ਮਦਦ ਮਿਲਦੀ ਹੈ। ਇਸ ਮਿਸ਼ਰਨ ਨੂੰ ਚਿਹਰੇ/ਗਰਦਨ 'ਤੇ ਲਗਾਉਣ ਤੋਂ ਬਾਅਦ ਕੁਦਰਤੀ ਢੰਗ ਨਾਲ ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਵਿਚ ਕੋਮਲਤਾ ਅਤੇ ਚਮਕ ਆਵੇਗੀ।
ਅੱਧੇ ਖੀਰੇ ਦੇ ਰਸ ਵਿਚ ਅੰਡੇ ਦੀ ਸਫ਼ੇਦੀ, ਇਕ ਚਮਚ ਨਿੰਬੂ ਰਸ ਅਤੇ ਇਕ ਚਮਚ ਗੈਲਸਰੀਨ ਮਿਲਾ ਕੇ ਬਣੇ ਪੇਸਟ ਨੂੰ ਹਫ਼ਤੇ ਵਿਚ ਇਕ ਵਾਰ ਲਗਾਉਣ ਨਾਲ ਚਿਹਰੇ ਅਤੇ ਖੁੱਲ੍ਹੇ ਹਿੱਸੇ ਦੀਆਂ ਝੁਰੜੀਆਂ ਘੱਟ ਹੋ ਜਾਂਦੀਆਂ ਹਨ ਅਤੇ ਇਹ ਫ੍ਰੀ ਰੈਡੀਕਲਸ ਨੂੰ ਰੋਕਣ ਵਿਚ ਮਦਦਗਾਰ ਸਾਬਤ ਹੁੰਦਾ ਹੈ।
ਇਕ ਚਮਚ ਮੁਲਤਾਨੀ ਮਿੱਟੀ, ਇਕ ਚਮਚ ਜੌਂ ਦੇ ਆਟੇ ਵਿਚ ਕੱਚਾ ਦੁੱਧ, ਕੁਝ ਪੁਦੀਨੇ ਦੀਆਂ ਪੱਤੀਆਂ ਅਤੇ ਥੋੜ੍ਹੀ ਜਿਹੀ ਖਸ-ਖਸ ਮਿਲਾ ਕੇ ਸਕਰੱਬ ਬਣਾ ਲਓ ਅਤੇ ਇਸ ਨੂੰ ਚਿਹਰੇ 'ਤੇ ਲਗਾਉਣ ਤੋਂ ਬਾਅਦ ਗੋਲਾਕਾਰ ਦਿਸ਼ਾ ਵਿਚ ਸਕਰੱਬ ਕਰੋ ਅਤੇ ਬਾਅਦ ਵਿਚ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਬਲੈਕ ਹੈੱਡਸ ਦੀ ਸਮੱਸਿਆ ਖ਼ਤਮ ਹੋ ਜਾਵੇਗੀ।
ਫੇਸ ਮਾਸਕ ਤਿਆਰ ਕਰਨ ਲਈ ਤਿੰਨ ਚਮਚ ਜੈਈ ਨੂੰ ਅੰਡੇ ਦੇ ਸਫ਼ੇਦ ਹਿੱਸੇ ਅਤੇ ਇਕ ਚਮਚ ਬਦਾਮ, ਦਹੀਂ ਅਤੇ ਸ਼ਹਿਦ ਵਿਚ ਮਿਲਾ ਕੇ ਮਿਸ਼ਰਨ ਤਿਆਰ ਕਰ ਲਓ। ਖ਼ੁਸ਼ਕ ਚਮੜੀ ਲਈ ਅੰਡੇ ਦੇ ਪੀਲੇ ਹਿੱਸੇ ਦੀ ਵਰਤੋਂ ਕਰੋ। ਇਸ ਫੇਸ ਪੈਕ ਵਿਚ ਤੁਸੀਂ ਪੱਕੇ ਪਪੀਤੇ ਜਾਂ ਸੰਤਰੇ ਦੇ ਜੂਸ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਪੈਕ ਨੂੰ ਅੱਕਾਂ ਅਤੇ ਬੁੱਲ੍ਹਾਂ ਦੇ ਹਿੱਸੇ ਨੂੰ ਛੱਡ ਕੇ ਬਾਕੀ ਚਿਹਰੇ 'ਤੇ ਲਗਾ ਲਓ ਅਤੇ ਇਸ ਮਿਸ਼ਰਨ ਨੂੰ 30 ਮਿੰਟ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਦੀ ਰੰਗਤ ਵਿਚ ਨਿਖਾਰ ਆਵੇਗਾ।
ਬਦਾਮ ਪਾਊਡਰ, ਗੁਲਾਬ ਜਲ, ਗਿਲੈਸਰੀਨ ਅਤੇ ਨਿੰਬੂ ਰਸ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਰਾਤ ਭਰ ਚਿਹਰੇ 'ਤੇ ਲੱਗਾ ਰਹਿਣ ਦੇਣ ਤੋਂ ਬਾਅਦ ਸਵੇਰੇ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ। ਇਸ ਨੂੰ ਹਫ਼ਤੇ ਵਿਚ ਦੋ ਵਾਰ ਕਰਨ ਨਾਲ ਤੁਹਾਡਾ ਚਿਹਰਾ ਮੁਲਾਇਮ ਅਤੇ ਰੰਗਤ ਵਿਚ ਨਿਖਾਰ ਆ ਜਾਵੇਗੀ।
ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਅਤੇ ਵਾਲਾਂ ਨੂੰ ਟੁੱਟਣ ਤੋਂ ਬਚਾਉਣ ਲਈ 150 ਮਿ.ਲੀ. ਸਰ੍ਹੋਂ ਦੇ ਤੇਲ ਵਿਚ 50 ਕੁ ਮਹਿੰਦੀ ਦੇ ਪੱਤੇ ਪਾ ਕੇ ਉਬਾਲ ਲਓ ਅਤੇ ਠੰਢਾ ਹੋਣ ਤੋਂ ਬਾਅਦ ਇਸ ਮਿਸ਼ਰਨ ਨੂੰ ਛਾਣ ਕੇ ਇਕ ਬੋਤਲ ਵਿਚ ਭਰ ਕੇ ਠੰਢੀ, ਖੁਸ਼ਕ ਥਾਂ 'ਤੇ ਰੱਖ ਲਓ। ਇਸ ਤੇਲ ਦੀ ਲਗਾਤਾਰ ਵਰਤੋਂ ਨਾਲ ਤੁਹਾਡੇ ਵਾਲ ਮਜ਼ਬੂਤ ਅਤੇ ਮੁਲਾਇਮ ਹੋ ਜਾਣਗੇ।
ਘਰੇਲੂ ਨੁਸਖਿਆਂ ਨਾਲ ਸੁੰਦਰਤਾ ਇਲਾਜ
ਅਜੀਤ ਡੈਸਕ
19-06-2025