ਜੀ ਹਾਂ ਛੱਜ, ਕਿਉਂ ਤੋੜਿਆ ਜਾਂਦਾ ਹੈ
ਇਸ ਤੋਂ ਪਹਿਲਾਂ ਇਹ ਦਰਸਾਇਆ ਜਾਵੇ ਕਿ ਵਿਆਹ ਵਿਚ ਛੱਜ ਕਿਉਂ ਤੋੜਿਆ ਜਾਂਦਾ ਹੈ, ਪਹਿਲਾਂ ਇਹ ਜਾਨਣਾ ਜ਼ਰੂਰੀ ਹੋਵੇਗਾ ਕਿ ਛੱਜ ਕਿਹੜੀ ਵਸਤੂ ਹੈ ਅਤੇ ਪੰਜਾਬ ਦੇ ਲੋਕ ਗੀਤਾਂ, ਲੋਕ ਬੋਲੀਆਂ, ਅਖਾਣਾਂ ਅਤੇ ਕਿਸਾਨੀ ਨਾਲ ਇਸ ਦਾ ਕੀ ਵਾਸਤਾ ਹੈ।
ਛੱਜ ਨਾਲ ਕੇਵਲ ਪੰਜਾਬ ਦੇ ਹੀ ਨਹੀਂ ਪੂਰੇ ਭਾਰਤ ਦੇ ਹਰ ਕਿਸਾਨੀ ਨਾਲ ਜੁੜੇ ਇਨਸਾਨ ਦੀ ਸਦੀਆਂ ਪੁਰਾਣੀ ਸਾਂਝ ਹੈ। ਫ਼ਸਲਾਂ ਨੂੰ ਬੀਜਣ ਲਈ ਬੀਜ ਵਿਚੋਂ ਵਾਧੂ ਕੱਖ-ਕਾਨ ਅਤੇ ਹੋਰ ਨਦੀਨਾਂ ਆਦਿ ਦੇ ਬੀਜ ਵੱਖ ਕਰਨ ਤੋਂ ਲੈ ਕੇ ਫ਼ਸਲਾਂ ਦੀ ਕਢਾਈ-ਗਹਾਈ ਸਮੇਂ ਤੱਕ ਛੱਜ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਖੇਤੀਬਾੜੀ ਦਾ ਮਸ਼ੀਨੀਕਰਨ ਹੋਣ ਕਾਰਨ ਛੱਜ ਵਰਗੀਆਂ ਵਸਤਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ।
ਛੱਜ ਦੀ ਮਹੱਤਤਾ ਕੇਵਲ ਖੇਤੀਬਾੜੀ ਵਿਚ ਵਰਤੇ ਜਾਣ ਕਰਕੇ ਹੀ ਨਹੀਂ, ਛੱਜ ਪੰਜਾਬੀ ਵਿਰਸੇ ਵਿਚ ਬੱਚੇ ਦੇ ਜਨਮ ਤੋਂ ਲੈ ਕੇ ਵਿਆਹ ਸ਼ਾਦੀਆਂ ਸਮੇਂ ਵੀ ਇਸ ਦੀ ਬਹੁਤ ਮਹੱਤਤਾ ਹੈ। ਬੱਚੇ ਦੇ ਜਨਮ ਸਮੇਂ ਲਾਗੀਆਂ ਨੂੰ ਛੱਜ ਭਰ-ਭਰ ਕੇ ਅਨਾਜ ਆਦਿ ਦਾਨ ਕੀਤਾ ਜਾਂਦਾ ਸੀ। ਵਿਆਹ ਸਮੇਂ ਵਿਆਹ ਤੋਂ ਦਸ-ਪੰਦਰਾਂ ਦਿਨ ਪਹਿਲਾਂ ਘਰ ਵਿਚ ਪੀਹਣ ਕਰਨ ਦੀ ਰਸਮ ਹੁੰਦੀ ਸੀ। ਸਾਰੇ ਸ਼ਰੀਕੇ ਦੀਆਂ ਔਰਤਾਂ ਇਕੱਠੀਆਂ ਹੋ ਕੇ ਵਿਆਹ ਵਿਚ ਪੱਕਣ ਵਾਲੇ ਅਨਾਜ ਨੂੰ ਸਾਫ ਕਰਨ ਬੈਠਦੀਆਂ ਸਨ। ਇਸ ਰਸਮ ਨੂੰ ਪੀਹਣ ਕਰਨ ਦੀ ਰਸਮ ਕਿਹਾ ਜਾਂਦਾ ਸੀ। ਇਹ ਪੀਹਣ ਔਰਤਾਂ ਛੱਜ ਨਾਲ ਖੱਮਣੀ ਬੰਨ ਕੇ ਸ਼ੁਰੂ ਕਰਦੀਆਂ ਅਤੇ ਪੀਹਣ ਕਰਨ ਸਮੇਂ ਔਰਤਾਂ ਗੀਤ ਗਾਉਂਦੀਆਂ ਅਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਸਨ। ਛੱਜ ਨਾਲ ਕਈ ਲੋਕ ਬੋਲੀਆਂ, ਲੋਕ ਗੀਤ ਅਤੇ ਅਖਾਣ ਆਦਿ ਜੁੜੇ ਹਨ। ਜਿਵੇਂ:
'ਕੱਢਣੀ ਆਂ ਜਾਗੋ ਨਾਲੇ ਭੰਨਣੇ ਪਨਾਲ਼ੇ,
ਅੱਜ ਗਿੱਧੇ ਵਿਚ ਨਚਦੀ ਨੇ ਛੱਜ ਕੁੱਟਣਾ'
'ਬੱਕਰੀ ਦੇ ਖੁਰ ਜਿੱਡੀਏ,
ਤੈਨੂੰ ਛੱਜ ਗਹਿਣਿਆਂ ਦਾ ਪਾਇਆ'
'ਛੱਜ ਤਾਂ ਬੋਲੇ ਛਾਨਣੀ ਵੀ ਬੋਲੇ'
ਛੱਜ ਪਤਲੇ-ਪਤਲੇ ਪੱਕੇ ਕਾਂਨਿਆਂ ਨੂੰ ਸਾਫ ਕਰਕੇ ਬੈਤਂ ਦੀਆਂ ਤਾਰਾ ਨਾਲ ਬਣਾਇਆ ਜਾਂਦਾ ਹੈ। 1960-70 ਦੇ ਦਹਾਕਿਆਂ ਤੋਂ ਪਹਿਲਾਂ ਇਹ ਛੱਜ-ਛੱਜਲੀਆਂ ਪਸ਼ੂਆਂ ਦੀਆਂ ਖੱਲਾਂ ਵਿਚੋਂ ਬਰੀਕ ਤਾਰਾਂ ਕੱਢ ਦੇ ਉਸ ਨਾਲ ਬਣਾਈਆਂ ਜਾਂਦੀਆਂ ਸਨ। ਹੁਣ ਉਸ ਦੀ ਜਗ੍ਹਾ ਬੈਂਤ ਦੀਆਂ ਤਾਰਾਂ ਨੇ ਲੈ ਲਈ ਹੈ। ਛੱਜ ਬਣਾਉਣ ਵਾਲੇ ਜਿਨ੍ਹਾਂ ਨੂੰ ਛੱਜ ਘਾੜੇ ਕਿਹਾ ਜਾਂਦਾ ਸੀ। ਪੰਜਾਬ ਵਿਚ ਇਸ ਕਬੀਲੇ ਦਾ ਆਪਣਾ ਇਤਿਹਾਸ ਹੈ। ਦੇਸੀ ਮਹੀਨੇ ਮਾਘ ਦੇ ਅੱਧ ਤੋਂ ਬਾਅਦ ਫੱਗਣ ਦੇ ਅੰਤ ਤੱਕ ਜੋ ਅੰਗਰੇਜ਼ੀ ਮਹੀਨਾ ਜਨਵਰੀ ਤੋਂ ਫਰਵਰੀ ਤੱਕ ਹੁੰਦਾ ਹੈ, ਸਰਦੀਆਂ ਦੀ ਨਿੱਘੀ-ਨਿੱਘੀ ਧੁੱਪ ਵਿਚ ਇਨ੍ਹਾਂ ਛੱਜਾਂ ਨੂੰ ਬਣਾਉਂਦੇ ਸਨ। ਦੇਸੀ ਮਹੀਨੇ ਚੇਤ ਜੋ ਅੰਗਰੇਜ਼ੀ ਮਹੀਨਾ ਮਾਰਚ ਹੁੰਦਾ ਹੈ, ਵਿਚ ਇਨ੍ਹਾਂ ਛੱਜਾਂ ਨੂੰ ਪਿੰਡਾਂ ਵਿਚ ਗਲੀ-ਗਲੀ ਜਾ ਕੇ ਛੱਜ ਘਾੜੇ ਵੇਚਿਆ ਕਰਦੇ ਸਨ। ਹੁਣ ਇਹ ਛੱਜ ਪਿੰਡਾਂ ਘਰਾਂ ਵਿਚੋਂ ਅਲੋਪ ਹੁੰਦਾ ਜਾ ਰਿਹਾ ਹੈ। ਇਹ ਕੇਵਲ ਬੱਚੇ ਦੇ ਜਨਮ ਅਤੇ ਵਿਆਹ ਸਮੇਂ ਕੀਤੀਆਂ ਜਾਣ ਵਾਲੀਆਂ ਰਸਮਾਂ ਵਿਚ ਹੀ ਦੇਖੇ ਜਾਂਦੇ ਹਨ।
ਵਿਆਹਾਂ ਵਿਚ ਨਾਨਕਿਆਂ ਵਲੋਂ ਇਹ ਬੋਲੀ ਆਮ ਪਾਈ ਜਾਂਦੀ ਹੈ ਕਿ ਤੋੜ ਦਿਉ ਨੀਂ ਇਸ ਭਾਗਾਂ ਵਾਲੇ ਛੱਜ ਨੂੰ। ਇੱਥੇ ਹੀ ਇਹ ਸੁਆਲ ਖੜ੍ਹਾ ਹੁੰਦਾ ਹੈ ਕਿ ਜੇ ਛੱਜ ਭਾਗਾਂ ਵਾਲਾ ਹੈ ਤਾਂ ਫਿਰ ਕਿਉਂ ਤੋੜਿਆ ਜਾਂਦਾ ਹੈ?
ਪੁਰਾਣੇ ਜ਼ਮਾਨੇ ਤੋਂ ਇਹ ਰਸਮ ਪ੍ਰਚੱਲਤ ਹੈ ਕਿ ਜੇਕਰ ਕਿਸੇ ਦੇ ਘਰ ਕੋਈ ਚੀਜ਼ ਕਿਸੇ ਭਾਂਡੇ ਵਿਚ ਦਿੱਤੀ ਜਾਂਦੀ ਹੈ ਜਾਂ ਕਿਸੇ ਘਰੋਂ ਕੋਈ ਚੀਜ਼ ਜਿਸ ਭਾਂਡੇ ਵਿਚ ਆਈ ਹੈ। ਉਸ ਭਾਂਡੇ ਨੂੰ ਵਾਪਸ ਖਾਲੀ ਨਹੀਂ ਮੋੜਿਆ ਜਾਂਦਾ। ਉਸ ਭਾਂਡੇ ਵਿਚ ਆਪਣੇ ਘਰੋਂ ਕੋਈ ਨਾ ਕੋਈ ਚੀਜ਼ ਵਾਪਸ ਪਾ ਕੇ ਭੇਜਿਆ ਜਾਂਦਾ ਸੀ।
ਇਸ ਤਰ੍ਹਾਂ ਹੀ ਜਦੋਂ ਨਾਨਕੇ ਲੜਕੇ ਲੜਕੀ ਦੇ ਵਿਆਹ ਤੇ ਨਾਨਕੀ ਛੱਕ ਲੈ ਕੇ ਆਉਂਦੇ ਸਨ ਤਾਂ ਉਹ ਧੀ ਦੇ ਘਰ ਗਹਿਣੇ, ਟੂੰਮਾਂ, ਲੀੜਾ-ਕੱਪੜਾ ਅਤੇ ਪੈਸਾ ਧੇਲਾ ਸਾਰਾ ਇਕੱਠਾ ਕਰਕੇ ਛੱਜ ਵਿਚ ਭਰ ਕੇ ਲਿਆਉਂਦੇਂ ਸਨ। ਇਸ ਰਸਮ ਨੂੰ ਨਾਨਕਾ ਸ਼ੱਕ ਬੰਨ੍ਹਣਾ ਵੀ ਕਿਹਾ ਜਾਂਦਾ ਹੈ। ਇਹ ਛੱਜ ਧੀ ਨੇ ਖਾਲੀ ਵਾਪਸ ਭੇਜਣਾ ਨਹੀਂ ਹੁੰਦਾ ਅਤੇ ਧੀ ਦੇ ਘਰੋਂ ਕੁਝ ਲਿਜਾਣਾ ਬੁਰਾ ਮੰਨਿਆ ਜਾਂਦਾ ਸੀ। ਇਸ ਲਈ ਭਾਵੇਂ ਇਹ ਛੱਜ ਭਾਗਾਂ ਵਾਲਾ ਹੈ, ਪਰ ਧੀ ਨੇ ਖਾਲੀ ਦੇਣਾ ਨਹੀਂ ਅਤੇ ਮਾਪਿਆਂ ਭਰਿਆ ਲੈ ਕੇ ਨਹੀਂ ਜਾਣਾ, ਇਸ ਲਈ ਇਸ ਛੱਜ ਨੂੰ ਗਿੱਧੇ ਵਿਚ ਖੁਸ਼ੀ-ਖੁਸ਼ੀ ਤੋੜਿਆ ਜਾਂਦਾ ਸੀ।
-ਬੈਕ ਸਾਈਡ ਵਾਟਰ ਆਰ.ਓ.ਟੀਚਰ ਕਲੋਨੀ ਫਰੀਦਕੋਟ।
ਮੋਬਾਈਲ : 98723-43398