18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਜਿਓ ਦਿਖਿਓ, ਤਿਓ ਲਿਖਿਓ

ਅਜੀਤ ਡੈਸਕ 22-06-2025

 ਜੀਵਨ ਧਮਣੀ ਨੂੰ ਵੱਜਦਿਆਂ ਰੱਖਣ ਲਈ ਰੋਟੀ ਤੋਂ ਵੀ ਕਿਤੇ ਵੱਧ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸੇ ਕਰਕੇ ਵਸੋਂ ਕੇਵਲ ਉਥੇ ਹੀ ਹੁੰਦੀ ਹੈ ਜਿਥੇ ਪਾਣੀ ਦਾ ਸਰੋਤ ਹੋਵੇ। ਧਰਤੀ 'ਤੇ 'ਜੀਵਨ' ਭੇਜਣ ਤੋਂ ਪਹਿਲਾਂ ਰੱਬ ਸੱਚੇ ਨੇ ਉਸ ਦੇ ਪੀਣ ਲਈ ਪਾਣੀ ਭੇਜਿਆ ਹੈ ਤੇ ਉਹ ਵੀ ਇੰਨੇ ਸਮੁੱਚੇ ਢੰਗ ਨਾਲ ਚੰਗੀ ਤਰ੍ਹਾਂ ਢਕ ਸੰਵਾਰ ਕੇ ਤਾਂ ਜੋ ਉਹ ਗੰਦਾ ਨਾ ਹੋ ਜਾਵੇ ਤੇ ਪੀਣ ਲਾਇਕ ਬਣਿਆ ਰਹੇ। ਮੇਰਾ ਇਸ਼ਾਰਾ ਜ਼ਮੀਨਦੋਜ਼ ਪਾਣੀ ਵੱਲ ਹੈ। ਪਰ ਇਨਸਾਨ ਨੂੰ ਉਸ ਨੇ ਸੋਝੀ ਦੇ ਕੇ ਨਹੀਂ ਭੇਜਿਆ ਕਿ ਇਸ ਜਲ-ਭੰਡਾਰ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ ਤੇ ਸੰਭਾਲ ਕੇ ਕਿਵੇਂ ਰੱਖਣਾ ਹੈ ਤਾਂ ਕਿ ਅਗਲੀਆਂ ਪੀੜ੍ਹੀਆਂ ਵੀ ਵਸਦੀਆਂ ਰਹਿ ਸਣ। ਪਾਣੀ ਸਿਰਫ਼ ਇਨਸਾਨ ਲਈ ਹੀ ਨਹੀਂ ਹੈ ਬਲਕਿ ਬਾਕੀ ਪ੍ਰਜਾਤੀਆਂ ਲਈ ਵੀ ਹੈ ਤੇ ਇਸ ਵਿਚ ਪਸ਼ੂਆਂ, ਪੰਚੀਆਂ, ਕੀੜਿਆਂ, ਪਤੰਗਿਆਂ, ਦਰੱਖਤਾਂ, ਬੂਟਿਆਂ, ਫ਼ਸਲਾਂ, ਸਲ੍ਹਵਾੜਾਂ ਦਾ ਵੀ ਹਿੱਸਾ ਹੈ। ਧਰਤੀ ਹੇਠਲੇ ਪਾਣੀ ਦਾ ਖਜ਼ਾਨਾ ਬੜਾ ਸੀਮਤ ਹੈ ਤੇ ਰਾਜਸਥਾਨ ਵਰਗੇ ਸਾਡੇ ਗੁਆਂਢੀ ਸੂਬੇ ਜਿਥੇ ਪਾਣੀ ਦਾ ਮਹਾਂ ਸੰਕਟ ਹੈ, ਉਨ੍ਹਾਂ ਦੀ ਅੱਧੀ ਜ਼ਿੰਦਗੀ ਪਾਣੀ ਲਈ ਜੱਦੋ-ਜਹਿਦ ਵਿਚ ਨਿਕਲ ਜਾਂਦੀ ਹੈ ਪਰ ਜਿਤੇ ਇਹ ਕਠਿਨਾਈ ਨਹੀਂ ਹੈ, ਉਥੇ ਇਸ ਖਜ਼ਾਨੇ ਦੀ ਕਦਰ ਵੀ ਨਹੀਂ ਹੈ। ਪੰਜਾਬ ਵਿਚ ਝੋਨਾ, ਸੂਰਜਮੁਖੀ ਵਰਗੀਆਂ ਕੁਝ ਫ਼ਸਲਾਂ ਆਉਣ ਨਾਲ, ਬਿਜਲੀ ਦੇ ਪ੍ਰਸਾਰ ਨਾਲ ਲੋਕਾਂ ਵਿਚ ਬਹੁਪੱਖੀ ਖੁਸ਼ਹਾਲੀ ਅਤੇ ਨਵੀਨੀਕਰਨ ਆਉਣ ਨਾਲ ਪਾਣੀ ਦੀ ਖਪਤ 'ਤੇ ਬੜਾ ਅਸਰ ਪਿਆ ਹੈ ਤੇ ਪਾਣੀ ਦੀ ਫਜ਼ੂਲ-ਖਰਚੀ ਇਸ ਹੱਦ ਤੱਕ ਵਧ ਗਈ ਹੈ ਕਿ ਆਉਣੇ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਕਮੀ ਨਾਲ ਜੂਝਣਾ ਪੈਣਾ ਲਗਭਗ ਯਕੀਨੀ ਹੈ। ਜ਼ਿਕਰਯੋਗ ਹੈ ਕਿ ਬਿਜਲੀ ਮੁਫ਼ਤ ਹੋ ਗਈ ਹੈ ਤੇ ਹਰ ਘਰ ਵਿਚ ਬਿਜਲੀ ਦੇ ਟਿਊਬਵੈੱਲ ਲੱਗੇ ਹੋਏ ਹਨ ਜੋ ਚੱਲੀ ਜਾਂਦੇ ਹਨ ਤੇ ਪਾਣੀ ਨਾਲੀਆਂ ਵਿਚ ਵਗੀ ਜਾਂਦਾ ਹੈ ਤੇ ਪੈਰ-ਪੈਰ 'ਤੇ ਪਾਣੀ ਦੀ ਖਪਤ ਦੀ ਦੁਰਵਰਤੋਂ ਹੋ ਰਹੀ ਹੈ। ਵੱਡੇ ਵਰਨਣ ਦਾ ਮੁੱਦਾ ਹੈ ਕਿ ਆਪਣੇ ਘਰਾਂ ਦੇ ਬਾਥਰੂਮਾਂ ਵਿਚ ਪਾਣੀ ਦੀ ਹੋ ਰਹੀ ਫਜੂਲ ਖਰਚੀ ਪ੍ਰਤੀ ਅਸੀਂ ਏਨੇ ਅਵੇਸਲੇ ਕਿਉਂ ਹਾਂ? ਪੜ੍ਹੇ-ਲਿਖੇ ਤੇ ਖ਼ੁਸ਼ਹਾਲ ਲੋਕਾਂ ਵਿਚ ਸਗੋਂ ਜ਼ਿਆਦਾ ਹੈ। ਇਕ ਇਨਸਾਨ 24 ਘੰਟਿਆਂ ਦੇ ਇਕ ਦਿਨ ਵਿਚ ਛੇ-ਸੱਤ ਵਾਰ ਬਾਥਰੂਮ ਜਾਂਦਾ ਹੈ ਤੇ ਹਰ ਵਾਰ ਅੱਠ ਤੋਂ ਦਸ ਲਿਟਰ ਪਾਣੀ ਡੋਲ੍ਹ ਕੇ ਆਉਂਦਾ ਹੈ, ਨਹਾਉਣਾ ਧੋਣਾ ਤੇ ਕੱਪੜੇ ਧੋਣਾ ਇਸ ਤੋਂ ਇਲਾਵਾ ਹੈ। ਵੱਡੇ ਤੋਂ ਵੱਡੇ ਫਲੱਸ਼ਟੈਂਕ, ਵੱਡੀਆਂ ਤੇ ਚੌੜੇ ਮੂੰਹ ਵਾਲੀਆਂ ਟੂਟੀਆਂ, ਨਹਾਉਣ ਲਈ ਵੱਡੇ ਬਾਲਟੇ ਤੇ ਵੱਡੇ ਮੱਘ ਜੋ ਇਹ ਸਭ ਪਾਣੀ ਦੇ ਦੁਸ਼ਮਣ ਹਨ ਤੇ ਪਾਣੀ ਦੀ ਦੁਰਵਰਤੋਂ ਲਈ ਸਿੱਧੇ ਜ਼ਿੰਮੇਵਾਰ ਹਨ। ਇਸੇ ਤਰ੍ਹਾਂ ਖੇਤੀਬਾੜੀ ਵਿਚ ਵੀ ਪਾਣੀ ਦੇ ਬਚਾਓ ਪ੍ਰਤੀ ਕੋਈ ਗੰਭੀਰਤਾ ਨਹੀਂ ਹੈ। ਟਿਊਬਵੈੱਲ ਦੀ ਬਿਜਲੀ ਇਥੇ ਵੀ ਫ੍ਰੀ ਹੈ ਤੇ ਝੋਨੇ ਦੇ ਸੀਜਨ ਵਿਚ ਪੱਕੀਆਂ ਸੜਕਾਂ ਤੋਂ ਇਲਾਵਾ ਸਾਰਾ ਪੰਜਾਬ ਪਾਣੀ ਹੀ ਪਾਣੀ ਤੇ ਧਰਤੀ ਹੇਠਲੇ ਪਾਣੀ ਦੀ ਸਤਹ ਡੂੰਘੀ ਤੇ ਹਰ ਸਾਲ ਡੂੰਘੀ ਧਸਦੀ ਜਾਂਦੀ ਹੈ ਤੇ ਅੱਜ ਹਾਲਤ ਇਹ ਹੈ ਟਿਊਬਵੈਲ ਦਾ ਬੋਰ ਢਾਈ ਸੌ ਫੁੱਟ ਡੂੰਘਾ ਚਲਾ ਗਿਆ ਹੈ। ਯਾਨੀ ਕਿ ਪਤਾਲ ਦਾ ਪਾਣੀ ਵੀ ਹੁਣ ਸਾਡੀ ਪਹੁੰਚ ਤੋਂ ਬਾਹਰ ਹੋਈ ਜਾਂਦਾ ਹੈ ਤੇ ਸਮਾਪਤੀ ਦਾ ਘੁੱਗ ਵੱਜਣ ਵਾਲਾ ਹੈ। ਇੰਡਸਟਰੀ ਵੀ ਇਸ ਸੰਕਟ ਨੂੰ ਵਧਾਉਣ ਵਿਚ ਕਿਸੇ ਤੋਂ ਪਿੱਛੇ ਨਹੀਂ ਹੈ। ਫੈਕਟਰੀਆਂ ਦਾ ਤੇਜ਼ਾਬੀ ਪਾਣੀ ਉਹ ਬਿਨਾਂ ਕਿਸੇ ਰੋਕ-ਟੋਕ ਦਰਿਆਵਾਂ ਵਿਚ ਪਾਈ ਜਾਂਦੇ ਹਨ ਤੇ ਰਾਜਸਥਾਨ ਵਰਗੇ ਜ਼ਰੂਰਤਮੰਦ ਸੂਬਿਆਂ ਨੂੰ ਜ਼ਹਿਰ ਪਿਲਾਈ ਜਾਂਦੇ ਹਨ ਤੇ ਕੈਂਸਰ ਪਰੋਸਦੇ ਹਨ, ਜਿਸ ਨੂੰ ਕਿ ਮਨੁੱਖਤਾ ਨਾਲ ਸਭ ਤੋਂ ਵੱਡੀ ਬੇਇਨਸਾਫ਼ੀ ਕਿਹਾ ਜਾ ਸਕਦਾ ਹੈ। ਇਸ ਸੰਬੰਧੀ ਕਾਨੂੰਨ ਤਾਂ ਹੈ ਪਰ ਮੀਸਣਾ ਚਲਦਾ ਹੈ। ਪਿੰਡਾਂ ਵਿਚੋਂ ਛੱਪੜ ਟੋਭੇ ਪੂਰ ਕੇ ਸਾਂਝ ਕੇਂਦਰ ਬਣਾ ਲਏ ਹਨ ਜਾਂ ਖੇਡ ਮੈਦਾਨ ਬਣਾ ਲਏ ਹਨ। ਨਹਿਰਾਂ ਦੀ ਪੱਕੀ ਫਰਸ਼ਬੰਦੀ ਹੋ ਗਈ ਹੈ ਤੇ ਇਸ ਤਰ੍ਹਾਂ ਧਰਤੀ ਦੇ ਉਪਰਲੇ ਪਾਣੀ ਦਾ ਜ਼ਮੀਨ ਵਿਚ ਰਿਸਣੇ ਦੀ ਕਿਰਿਆ ਠੱਪ ਹੋ ਚੁੱਕੀ ਹੈ। ਝੋਨੇ ਦੀ ਬਿਜਾਈ ਵਾਸਤੇ ਕੱਦੂ ਕੀਤੀ ਹੋਈ ਜ਼ਮੀਨ ਮੀਂਹ ਦੇ ਪਾਣੀ ਨੂੰ ਵੀ ਧਰਤੀ ਵਿਚ ਰਿਸਣ ਤੋਂ ਰੋਕਦੀ ਹੈ ਤੇ ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਪਾਣੀ ਦਾ ਸਰਫ਼ਾ, ਸੰਜਮ ਤੇ ਸੰਭਾਲ ਹੀ ਅੱਜ ਦੀ ਸਮਝਦਾਰੀ ਹੈ। ਇਸ ਵਿਸ਼ੇ ਨਾਲ ਢੁਕਵੀਆਂ ਕੁਝ ਤਸਵੀਰਾਂ ਮੈਂ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਦੇ ਇਕ ਪਿੰਡ ਵਿਚੋਂ ਖਿੱਚ ਕੇ ਲਿਆਇਆ ਹਾਂ। ਇਸੇ ਸੂਬੇ ਦੇ ਜ਼ਿਲ੍ਹਾ ਬਾੜਮੇਰ ਦੀ ਸਥਿਤੀ ਹੋਰ ਵੀ ਗੰਭੀਰ ਹੈ, ਜਿਥੇ ਦਿਨ ਵਿਚ ਸਿਰਫ਼ ਇਕ ਵਾਰ ਪਾਣੀ ਮਿਲਦਾ ਹੈ, ਉਹ ਵੀ ਚੁੱਕਵਾਂ। ਸਰਕਾਰੀ ਟਰੱਕ ਪਾਣੀ ਲੈ ਕੇ ਆਉਂਦਾ ਹੈ ਤੇ ਲੰਬੀਆਂ-ਲੰਬੀਆਂ ਕਤਾਰਾਂ ਵਿਚ ਸਖਤ ਧੁੱਪ ਵਿਚ ਖੜ੍ਹੇ ਹੋ ਕੇ ਲੋਕ ਚੂਲ਼ੀ-ਚੂਲ਼ੀ ਪਾਣੀ ਲਈ ਤਰਸਦੇ ਹਨ। ਪਾਣੀ ਪੱਖੋਂ ਸੰਤੁਸ਼ਟ ਬੈਠੇ ਲੋਕਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ।

-ਵਾਸੀ ਪਿੰਡ ਥੰਮਣਵਾਲ (ਫਿਲੌਰ)।
ਮੋਬਾਈਲ : 98722-56005

ਪਿਛਲੀ ਖ਼ਬਰ ਤੋੜ ਦਿਓ ਨੀਂ ਇਸ ਭਾਗਾਂ ਵਾਲੇ ਛੱਜ ਨੂੰ ਅਗਲੀ ਖ਼ਬਰ ਦੁਨੀਆ ਲਈ ਇਕ ਮਿਸਾਲ-ਜੈਕੀ ਚੇਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।