ਦੁਨੀਆ ਵਿਚ ਕਈ ਹਸਤੀਆਂ ਆਪਣੇ ਕੰਮ ਅਤੇ ਕਿਰਦਾਰ ਕਰਕੇ ਲੋਕਾਂ ਲਈ ਮਿਸਾਲ ਬਣ ਜਾਂਦੀਆਂ ਹਨ। ਇਹ ਮਿਸਾਲਾਂ ਸਿਰਫ ਉਨ੍ਹਾਂ ਦੀ ਕਾਮਯਾਬੀ ਜਾਂ ਦੌਲਤ ਦੇ ਆਧਾਰ 'ਤੇ ਨਹੀਂ, ਸਗੋਂ ਉਨ੍ਹਾਂ ਦੇ ਚੋਣੇ ਹੋਏ ਮੁੱਲਾਂ, ਨੈਤਿਕਤਾ ਅਤੇ ਜ਼ਿੰਦਗੀ ਦੇ ਫ਼ੈਸਲਿਆਂ ਰਾਹੀਂ ਬਣਦੀਆਂ ਹਨ। ਅਜਿਹਾ ਹੀ ਇਕ ਨਾਂਅ ਹੈ-ਜੈਕੀ ਚੇਨ, ਜੋ ਕਿ ਚੀਨ ਅਤੇ ਹਾਲੀਵੁੱਡ ਦਾ ਇਕ ਮਸ਼ਹੂਰ ਕਲਾਕਾਰ ਹੈ। ਜਿੱਥੇ ਉਹ ਆਪਣੀਆਂ ਐਕਸ਼ਨ ਭਰੀਆਂ ਫ਼ਿਲਮਾਂ ਅਤੇ ਸਟੰਟਸ ਲਈ ਜਾਣਿਆ ਜਾਂਦਾ ਹੈ, ਉਥੇ ਹੀ ਉਸ ਦਾ ਇਕ ਪਿਤਾ ਹੋਣ ਦੇ ਨਾਤੇ ਲਿਆ ਗਿਆ ਫ਼ੈਸਲਾ ਵੀ ਲੋਕਾਂ ਲਈ ਚਿੰਤਨ ਦਾ ਵਿਸ਼ਾ ਬਣ ਗਿਆ। ਇਹ ਫ਼ੈਸਲਾ ਸਿਰਫ ਉਸ ਦੇ ਪਰਿਵਾਰਿਕ ਜੀਵਨ ਨਾਲ ਸੰਬੰਧਿਤ ਨਹੀਂ ਸੀ, ਸਗੋਂ ਇਕ ਸਮਾਜਿਕ ਸੁਨੇਹਾ ਵੀ ਸੀ ਕਿ ਪਿਤਾ ਹੋਣਾ ਮਤਲਬ ਸਿਰਫ ਪਿਆਰ ਨਹੀਂ, ਸਗੋਂ ਸਖ਼ਤੀ ਨਾਲ ਸੰਸਕਾਰ ਦੇਣਾ ਵੀ ਹੈ। ਜੈਕੀ ਚੇਨ ਦੀ ਜ਼ਿੰਦਗੀ ਦੀ ਕਾਮਯਾਬੀ ਇਕ ਦਿਨ ਦੀ ਕਮਾਈ ਨਹੀਂ ਸੀ। ਉਸ ਨੇ ਗ਼ਰੀਬੀ ਦੇ ਦਿਨ ਵੀ ਦੇਖੇ, ਬਚਪਨ ਵਿਚ ਮੁਸ਼ੱਕਤ ਕੀਤੀ, ਸਿਨੇਮੇ ਦੀ ਦੁਨੀਆ ਵਿਚ ਆਪਣੇ ਲਈ ਇਕ ਥਾਂ ਬਣਾਉਣ ਲਈ ਅਣਗਿਣਤ ਖ਼ਤਰੇ ਝੱਲੇ, ਜ਼ਿਆਦਾਤਰ ਸਟੰਟ ਆਪਣੇ-ਆਪ ਕੀਤੇ। ਉਹ ਸਿਰਫ ਇਕ ਕਲਾਕਾਰ ਨਹੀਂ, ਸਗੋਂ ਚੀਨ ਦੀ ਇਕ ਨਵੀਂ ਪੀੜ੍ਹੀ ਲਈ ਪ੍ਰੇਰਨਾ ਹੈ। ਜਦੋਂ ਅਜਿਹਾ ਵਿਅਕਤੀ ਆਪਣੇ ਬੱਚੇ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰਨ ਦਾ ਫ਼ੈਸਲਾ ਕਰੇ, ਤਾਂ ਇਹ ਆਮ ਨਹੀਂ ਹੋ ਸਕਦਾ। ਇਹ ਫ਼ੈਸਲਾ ਲੋਕਾਂ ਨੂੰ ਹਿਲਾ ਕੇ ਰੱਖ ਸਕਦਾ ਹੈ, ਪਰ ਇਸ ਦੀ ਪਿੱਛੇ ਦੀ ਸੋਚ ਸਿਖਾਉਣ ਵਾਲੀ ਹੈ।
ਸਾਲ 2014 ਵਿਚ ਜਦੋਂ ਜੈਕੀ ਚੇਨ 'ਫ੍ਰੀ ਡਰੱਗ ਲੀਵਿੰਗ' ਕੰਪੇਨ ਦੀ ਅਗਵਾਈ ਕਰ ਰਿਹਾ ਸੀ, ਤਾਂ ਉਸ ਸਮੇਂ ਇਕ ਖ਼ਬਰ ਨੇ ਮੀਡੀਆ ਨੂੰ ਹਿਲਾ ਦਿੱਤਾ। ਉਸ ਦਾ ਪੁੱਤਰ, ਜੇ.ਸੀ. ਚੇਨ, ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦਾ ਹੋਇਆ ਚੀਨ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਸਿਰਫ ਨਸ਼ੇ ਸੰਬੰਧੀ ਮਾਮਲਾ ਨਹੀਂ ਸੀ, ਸਗੋਂ ਇਹ ਚੀਨ ਦੇ ਨਸ਼ਾ ਵਿਰੋਧੀ ਕਾਨੂੰਨਾਂ ਦੇ ਤਹਿਤ ਇਕ ਗੰਭੀਰ ਅਪਰਾਧ ਸੀ। ਜਦ ਇਕ ਪਿਤਾ ਆਪ ਨਸ਼ੇ ਖ਼ਿਲਾਫ਼ ਅਭਿਆਨ ਚਲਾ ਰਿਹਾ ਹੋਵੇ ਅਤੇ ਉਸ ਦਾ ਪੁੱਤਰ ਇਸ ਅਭਿਆਨ ਦੀ ਉਲਟ ਦਿਸ਼ਾ ਵਿਚ ਹੋਵੇ, ਤਾਂ ਇਹ ਸਿਰਫ ਪਰਿਵਾਰਕ ਨਹੀਂ, ਸਗੋਂ ਆਤਮਿਕ ਸੱਟ ਹੋ ਸਕਦੀ ਹੈ। ਇਸ ਮਾਮਲੇ ਤੋਂ ਇਲਾਵਾ ਵੀ ਜੈਕੀ ਚੇਨ ਦੇ ਨਾਂਅ ਕਈ ਅਨੈਤਿਕ ਕਾਰਵਾਈਆਂ ਨਾਲ ਜੋੜੇ ਗਏ। ਜਦੋਂ ਮਸ਼ਹੂਰ ਹਸਤੀਆਂ ਦੇ ਬੱਚੇ ਗ਼ੈਰ-ਗੰਭੀਰ ਹੋ ਜਾਂਦੇ ਹਨ, ਅਕਸਰ ਇਹ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਦੌਲਤ, ਸ਼ੋਹਰਤ ਅਤੇ ਰੁਤਬੇ ਦਾ ਗ਼ਲਤ ਫਾਇਦਾ ਚੁੱਕਿਆ ਹੈ। ਅਜਿਹਾ ਹੀ ਕੁਝ ਜੈਕੀ ਚੇਨ ਦੇ ਪੁੱਤਰ ਦੇ ਨਾਲ ਵੀ ਹੋਇਆ। ਇਨ੍ਹਾਂ ਸਭ ਘਟਨਾਵਾਂ ਨੇ ਜੈਕੀ ਚੇਨ ਨੂੰ ਅੰਦਰੋਂ ਬਹੁਤ ਝੰਜੋੜ ਦਿੱਤਾ। ਉਨ੍ਹਾਂ ਨੇ ਪਬਲਿਕ ਤੌਰ 'ਤੇ ਇਹ ਕਹਿਣ ਵਿਚ ਕੋਈ ਹਿਚਕ ਨਹੀਂ ਮਹਿਸੂਸ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਰਹੇ ਹਨ।
ਜੈਕੀ ਚੇਨ ਨੇ ਸਪੱਸ਼ਟ ਕਿਹਾ ਕਿ 'ਜੇਕਰ ਮੈਂ ਆਪਣੇ ਪੁੱਤਰ ਨੂੰ ਸਭ ਤੋਂ ਵਧੀਆ ਸਿੱਖਿਆ, ਸਭ ਤੋਂ ਵਧੀਆ ਮੌਕੇ ਦੇਣ ਦੇ ਬਾਵਜੂਦ ਵੀ ਉਸ ਨੂੰ ਇਕ ਕਾਬਿਲ ਇਨਸਾਨ ਨਹੀਂ ਬਣਾ ਸਕਿਆ, ਤਾਂ ਇਹ ਜਾਇਦਾਦ ਉਸ ਦੇ ਹੱਥ ਲੱਗਣ ਨਾਲ ਵੀ ਬਰਬਾਦ ਹੀ ਹੋਣੀ ਹੈ।' ਉਸ ਦੇ ਇਹ ਸ਼ਬਦ ਇਕ ਮਾਂ-ਬਾਪ ਦੇ ਰੂਪ ਵਿਚ ਅਸਲ ਜ਼ਿੰਮੇਵਾਰੀ ਨੂੰ ਦਰਸਾਉਂਦੇ ਹਨ ਕਿ ਆਪਣੇ ਬੱਚਿਆਂ ਨੂੰ ਸਿਰਫ ਪੈਸਾ ਨਹੀਂ ਦੇਣਾ, ਸਗੋਂ ਸੰਸਕਾਰ ਦੇਣਾ। ਜੈਕੀ ਚੇਨ ਨੇ ਆਪਣੀ 400 ਮਿਲੀਅਨ ਡਾਲਰ ਦੀ ਜਾਇਦਾਦ ਉਨ੍ਹਾਂ ਲੋਕਾਂ ਵਿਚ ਦਾਨ ਕਰਨ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਅਸਲ ਵਿਚ ਇਸ ਦੀ ਲੋੜ ਹੈ। ਇਹ ਇਕ ਕਲਾਕਾਰ ਤੋਂ ਇਲਾਵਾ, ਇਕ ਜ਼ਿੰਮੇਵਾਰ ਨਾਗਰਿਕ ਦੀ ਸੋਚ ਸੀ। ਕਈ ਮਾਪੇ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਜਾਣਬੁੱਝ ਕੇ ਨਜ਼ਰ-ਅੰਦਾਜ਼ ਕਰਦੇ ਜਾਂਦੇ ਹਨ, ਉਨ੍ਹਾਂ ਦੀ ਗਲਤ ਹਮਾਇਤ ਕਰਦੇ ਹਨ। ਪਰ ਇਹ ਹਕੀਕਤ ਅੱਖਾਂ ਖੋਲ੍ਹਣ ਵਾਲੀ ਹੈ ਕਿ ਅਜਿਹਾ ਕਰਨਾ ਉਨ੍ਹਾਂ ਬੱਚਿਆਂ ਲਈ ਮਦਦਗਾਰ ਨਹੀਂ, ਸਗੋਂ ਉਨ੍ਹਾਂ ਦੇ ਨਾਸ਼ ਦਾ ਰਾਹ ਬਣਦਾ ਹੈ।
ਜੈਕੀ ਚੇਨ ਨੇ ਜੋ ਕੀਤਾ, ਉਹ ਆਮ ਨਹੀਂ ਹੈ। ਪਰ ਇਹ ਆਮ ਹੋਣਾ ਚਾਹੀਦਾ ਹੈ। ਜੇਕਰ ਇਕ ਬੱਚਾ ਆਪਣੀ ਜ਼ਿੰਦਗੀ ਵਿਚ ਆਤਮਨਿਰਭਰ ਨਹੀਂ ਹੋ ਸਕਦਾ, ਆਪਣੇ ਅੰਦਰ ਇਮਾਨਦਾਰੀ ਅਤੇ ਨੈਤਿਕਤਾ ਨਹੀਂ ਵਸਾ ਸਕਦਾ, ਤਾਂ ਜਾਇਦਾਦ ਦੇਣ ਨਾਲ ਉਹ ਸੰਭਾਲਣ ਦੀ ਬਜਾਏ ਹੋਰ ਵਿਗੜੇਗਾ। ਸੰਪਤੀ ਦੇ ਨਾਲ ਆਉਂਦੀ ਆਜ਼ਾਦੀ, ਜੇਕਰ ਚਰਿਤਰਹੀਣ ਹੱਥਾਂ ਵਿਚ ਚਲੀ ਜਾਵੇ, ਤਾਂ ਉਹ ਵਿਨਾਸ਼ ਦਾ ਕਾਰਨ ਬਣਦੀ ਹੈ। ਮਾਪਿਆਂ ਦੀ ਆਮ ਸੋਚ ਹੁੰਦੀ ਹੈ ਕਿ ਉਹ ਆਪਣਾ ਸਭ ਕੁਝ ਆਪਣੇ ਬੱਚਿਆਂ ਲਈ ਛੱਡ ਕੇ ਜਾਣ। ਪਰ ਇਹ ਵੀ ਸਮਝਣ ਦੀ ਲੋੜ ਹੈ ਕਿ ਜੋ ਪਿਆਰ ਚਰਿਤਰ ਬਣਾਏ, ਉਹੀ ਅਸਲ ਪਿਆਰ ਹੈ। ਚਰਿਤਰਵਾਨ ਬੱਚਾ ਨਾ ਸਿਰਫ ਆਪਣੇ ਲਈ, ਸਗੋਂ ਮਾਪਿਆਂ ਲਈ ਵੀ ਇੱਜ਼ਤ ਕਮਾਉਂਦਾ ਹੈ। ਜੇਕਰ ਬੱਚਾ ਹੀ ਮਾਪਿਆਂ ਦੇ ਨਾਂਅ ਨੂੰ ਨੁਕਸਾਨ ਪਹੁੰਚਾਵੇ, ਤਾਂ ਉਹ ਪਿਆਰ ਵੀ ਪਾਸੇ ਹਟਣਾ ਚਾਹੀਦਾ ਹੈ, ਜੋ ਅੰਨ੍ਹਾ ਬਣ ਜਾਂਦਾ ਹੈ।
ਜੈਕੀ ਚੇਨ ਦਾ ਇਹ ਫ਼ੈਸਲਾ ਸਿੱਧਾ-ਸਿੱਧਾ ਇਹ ਦਰਸਾਉਂਦਾ ਹੈ ਕਿ ਭਵਿੱਖ ਸੰਪੱਤੀ ਨਾਲ ਨਹੀਂ, ਸਗੋਂ ਸੰਸਕਾਰ ਨਾਲ ਬਣਦਾ ਹੈ। ਜਦ ਤੱਕ ਮਾਪੇ ਆਪਣੇ ਬੱਚਿਆਂ ਨੂੰ ਸੰਸਕਾਰ, ਚਰਿੱਤਰ ਅਤੇ ਇਮਾਨਦਾਰੀ ਦੀ ਸਿੱਖਿਆ ਨਹੀਂ ਦਿੰਦੈ, ਤਦ ਤੱਕ ਸੰਪਤੀ ਵੀ ਉਨ੍ਹਾਂ ਲਈ ਅਭਿਸ਼ਾਪ ਬਣ ਸਕਦੀ ਹੈ। ਇਸ ਪੂਰੇ ਮਾਮਲੇ ਤੋਂ ਜੋ ਸਿੱਖਣ ਨੂੰ ਮਿਲਦਾ ਹੈ, ਉਹ ਇਹ ਹੈ ਕਿ ਜੇਕਰ ਇਕ ਬੱਚਾ ਆਪਣੀ ਜ਼ਿੰਦਗੀ ਦੇ ਸਹੀ ਰਸਤੇ ਨੂੰ ਖ਼ੁਦ ਨਹੀਂ ਚੁਣ ਸਕਦਾ ਅਤੇ ਗ਼ਲਤ ਰਸਤੇ 'ਤੇ ਚੱਲ ਪੈਂਦਾ ਹੈ, ਤਾਂ ਮਾਪਿਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਦੀ ਬਜਾਏ, ਉਸ ਦੇ ਚਰਿੱਤਰ 'ਤੇ ਧਿਆਨ ਦੇਣਾ ਚਾਹੀਦਾ ਹੈ। ਕਈ ਵਾਰੀ ਪਿਆਰ ਦੇ ਨਾਂਅ 'ਤੇ ਕੀਤੇ ਫ਼ੈਸਲੇ, ਸੰਪਤੀ ਦੇ ਨਾਂਅ 'ਤੇ ਦਿੱਤੀ ਆਜ਼ਾਦੀ ਅਤੇ ਗ਼ਲਤੀਆਂ ਉਤੇ ਚੁੱਪ ਰਹਿਣਾ ਬੱਚਿਆਂ ਨੂੰ ਠੀਕ ਰਸਤੇ ਤੋਂ ਭਟਕਾ ਦਿੰਦੇ ਹਨ। ਜੈਕੀ ਚੇਨ ਦੁਨੀਆ ਲਈ ਸਿਰਫ ਇਕ ਐਕਸ਼ਨ ਹੀਰੋ ਨਹੀਂ, ਸਗੋਂ ਇਕ ਚੇਤਾਵਨੀ ਭਰੀ ਮਿਸਾਲ ਵੀ ਬਣ ਗਿਆ। ਇਕ ਪਿਤਾ ਜਿਸ ਨੇ ਆਪਣੇ ਪਿਆਰ ਦੀ ਆੜ ਵਿਚ ਆਪਣੇ ਫਰਜ਼ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ।
ਅੰਤ ਵਿਚ ਇਹ ਕਹਿਣਾ ਠੀਕ ਹੋਵੇਗਾ ਕਿ ਜੈਕੀ ਚੇਨ ਵਰਗੀਆਂ ਹਸਤੀਆਂ ਦੇ ਫ਼ੈਸਲੇ ਸਮਾਜ ਵਿਚ ਨਵੀਆਂ ਲਕੀਰਾਂ ਖਿੱਚਦੇ ਹਨ। ਇਹ ਫ਼ੈਸਲੇ ਸਾਨੂੰ ਸਿਖਾਉਂਦੇ ਹਨ ਕਿ ਮਾਪਿਆਂ ਦਾ ਫਰਜ਼ ਸਿਰਫ ਰੋਟੀ, ਕੱਪੜਾ ਅਤੇ ਛੱਤ ਤੱਕ ਸੀਮਤ ਨਹੀਂ, ਸਗੋਂ ਆਪਣੇ ਬੱਚਿਆਂ ਵਿਚ ਅਸਲ ਇਨਸਾਨੀਅਤ ਦੇ ਗੁਣ ਪੈਦਾ ਕਰਨਾ ਹੈ। ਪੈਸਾ ਇਕ ਸਾਧਨ ਹੈ, ਪਰ ਚਰਿੱਤਰ ਹੀ ਅਸਲ ਧਨ ਹੈ। ਮਾਪਿਆਂ ਨੂੰ ਆਪਣੀ ਔਲਾਦ ਦੇ ਭਵਿੱਖ ਲਈ ਸਿਰਫ ਸੰਪਤੀ ਨਹੀਂ, ਸਗੋਂ ਸੰਸਕਾਰ ਅਤੇ ਚਰਿੱਤਰ ਦੀ ਵਿਰਾਸਤ ਛੱਡਣੀ ਚਾਹੀਦੀ ਹੈ।
-ਐਮ.ਸੀ.ਏ., ਐਮ.ਏ. ਮਨੋਵਿਗਆਨ, ਰੂਪਨਗਰ।
ਮੋਬਾਈਲ : 7009807121