ਈਰਾਨ ਤੇ ਇਸਰਾਈਲ ਦੀ ਜੰਗ ਨੇ ਜਿਸ ਤਰ੍ਹਾਂ ਦੇ ਖਤਰਨਾਕ ਤੇ ਚਿੰਤਾਜਨਕ ਹਾਲਾਤ ਪੈਦਾ ਕਰ ਦਿੱਤੇ ਹਨ, ਦੁਨੀਆਂ ਦਾ ਹਰ ਅਮਨ ਪਸੰਦ ਨਾਗਰਿਕ ਇਸ ਨੂੰ ਰੋਕੇ ਜਾਣ ਬਾਰੇ ਇਕਮੱਤ ਹੈ ਪਰ ਜਿਵੇਂ ਇਜ਼ਰਾਈਲ ਵਾਈਟ ਹਾਊਸ 'ਤੇ ਉਸ ਦੇ ਪਿੱਛੇ ਜੰਗ 'ਚ ਸ਼ਾਮਿਲ ਹੋਣ ਲਈ ਦਬਾਅ ਵਧਾ ਰਿਹਾ ਹੈ, ਜੇ ਅਜਿਹਾ ਹੁੰਦਾ ਹੈ ਤਾਂ ਬਹੁਤ ਫਿਕਰਮੰਦੀ ਵਾਲੀ ਗੱਲ ਹੋਵੇਗੀ। ਇਕ ਅਮਰੀਕੀ ਅਧਿਕਾਰੀ ਅਨੁਸਾਰ ਟਰੰਪ ਨੇ ਇਕ ਸਮੇਂ ਆਪਣੇ ਮੱਧ ਪੂਰਬ ਦੇ ਰਾਜਦੂਤ, ਸਟੀਵ ਵਿਟਕੌਫ, ਅਤੇ ਸੰਭਾਵਤ ਤੌਰ 'ਤੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੂੰ ਈਰਾਨੀਆਂ ਨੂੰ ਮਿਲਣ ਦੀ ਪੇਸ਼ਕਸ਼ ਕਰਨ ਲਈ ਉਤਸ਼ਾਹਿਤ ਕੀਤਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਵੈਂਸ ਅਤੇ ਵਿਟਕੌਫ ਈਰਾਨੀਆਂ ਨਾਲ ਮਿਲੇ ਹੁੰਦੇ, ਤਾਂ ਸੰਭਾਵਿਤ ਈਰਾਨੀ ਵਾਰਤਾਕਾਰ ਦੇਸ਼ ਦੇ ਵਿਦੇਸ਼ ਮੰਤਰੀ, ਅੱਬਾਸ ਅਰਾਘਚੀ ਚੰਗਾ ਰੋਲ ਨਿਭਾਉਂਦੇ, ਜਿਨ੍ਹਾਂ ਨੇ ਓਬਾਮਾ ਪ੍ਰਸ਼ਾਸਨ ਨਾਲ 2015 ਦੇ ਪ੍ਰਮਾਣੂ ਸਮਝੌਤੇ ਵਿਚ ਮੁੱਖ ਭੂਮਿਕਾ ਨਿਭਾਈ ਸੀ ਤੇ ਉਹ ਈਰਾਨ ਦੇ ਵਿਸ਼ਾਲ ਪ੍ਰਮਾਣੂ ਕੰਪਲੈਕਸ ਦੇ ਹਰ ਤੱਤ ਨੂੰ ਜਾਣਦੇ ਸਨ। ਅਰਾਘਚੀ, ਜੋ ਹਾਲ ਹੀ ਵਿਚ ਗੱਲਬਾਤ ਵਿਚ ਵਿਟਕੌਫ ਦੇ ਹਮਰੁਤਬਾ ਰਹੇ ਹਨ, ਨੇ ਸੋਮਵਾਰ ਨੂੰ ਇਕ ਸਮਝੌਤੇ ਲਈ ਆਪਣੇ ਵਲੋਂ ਖੁੱਲ੍ਹੇਪਣ ਦਾ ਸੰਕੇਤ ਦਿੰਦੇ ਹੋਏ ਇਕ ਬਿਆਨ ਵਿਚ ਕਿਹਾ ਹੈ ਕਿ ਜੇ ਰਾਸ਼ਟਰਪਤੀ ਟਰੰਪ ਕੂਟਨੀਤੀ ਪ੍ਰਤੀ ਸੱਚੇ ਹਨ ਅਤੇ ਇਸ ਯੁੱਧ ਨੂੰ ਰੋਕਣ ਵਿਚ ਦਿਲਚਸਪੀ ਰੱਖਦੇ ਹਨ, ਤਾਂ ਅਗਲੇ ਕਦਮ ਨਤੀਜੇ ਵਜੋਂ ਚੰਗੇ ਹੋਣਗੇ। ਖ਼ੈਰ! ਈਰਾਨ ਨਾਲ ਉਹ ਸਮਝੌਤਾ ਕੀ ਹੈ ਜੋ ਤੜੱਕ ਦੇਣੀ ਟੁੱਟ ਗਿਆ ਸੀ, ਇਹਦੇ 'ਤੇ ਚਰਚਾ ਕਰਦੇ ਹਾਂ। ਬਹੁਤੇ ਗਹਿਣੇ ਕਈ ਵਾਰ ਸ਼ਖ਼ਸੀਅਤ ਦਾ ਜਲੂਸ ਵੀ ਕੱਢ ਦਿੰਦੇ ਨੇ ਤੇ ਜਾਨ ਲਈ ਖ਼ਤਰਾ ਵੀ ਪੈਦਾ ਕਰ ਦਿੰਦੇ ਹਨ। ਪ੍ਰਮਾਣੂ ਊਰਜਾ ਲਈ ਸਭ ਤੋਂ ਮਹੱਤਵਪੂਰਨ ਪਦਾਰਥ ਯੂਰੇਨੀਅਮ ਨੂੰ ਮੰਨਿਆ ਜਾਂਦਾ ਹੈ ਤੇ ਇਹਦਾ ਭੰਡਾਰ ਸੰਭਾਲੀ ਬੈਠੇ ਈਰਾਨ ਲਈ ਇਹ ਗਹਿਣਾ ਮੁਸੀਬਤ ਵੀ ਬਣਿਆ ਹੋਇਆ ਹੈ ਤੇ ਖ਼ਤਰਾ ਵੀ। ਪਿਛਲੇ ਦੋ ਦਹਾਕਿਆਂ ਤੋਂ ਯੂਰੇਨੀਅਮ ਕਰਕੇ ਹੀ ਈਰਾਨ ਦੀ ਪ੍ਰਮਾਣੂ ਸਮਰੱਥਾ ਦਾ ਮੁੱਦਾ ਚਰਚਾ ਵਿਚ ਹੈ। ਈਰਾਨੀ ਹਾਕਮ ਇਹ ਕਹਿੰਦੇ ਰਹੇ ਹਨ ਕਿ ਉਹ ਪ੍ਰਮਾਣੂ ਹਥਿਆਰ ਨਹੀਂ ਬਣਾਉਣਗੇ ਅਤੇ ਈਰਾਨ ਅਜਿਹਾ ਕੁਝ ਵੀ ਨਹੀਂ ਕਰੇਗਾ ਜੋ ਅਰਬ ਖੇਤਰ ਅਤੇ ਦੁਨੀਆਂ ਲਈ ਨੁਕਸਾਨਦੇਹ ਹੋਵੇ। ਪਰ 1992 ਵਿਚ ਈਰਾਨ ਨੇ ਇਕ ਘੋਸ਼ਣਾ ਕਰਦਿਆਂ ਚੇਤਾਵਨੀ ਦਿੱਤੀ ਸੀ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਦੇ ਵਿਗਿਆਨੀਆਂ ਨਾਲ ਮਿਲ ਕੇ ਅਰਬ ਦੇਸ਼ਾਂ ਲਈ ਪ੍ਰਮਾਣੂ ਹਥਿਆਰ ਬਣਾ ਸਕਦਾ ਹੈ। ਇਹੀ ਚਿਤਾਵਨੀ ਆਲਮੀ ਪ੍ਰਮਾਣੂ ਵਿਸ਼ਲੇਸ਼ਕਾਂ ਲਈ ਚਿੰਤਾ ਵੀ ਬਣੀ ਰਹੀ ਤੇ ਕੁਝ ਸੰਤੁਸ਼ਟੀ ਉਦੋਂ ਆ ਕੇ ਮਿਲੀ ਜਦੋਂ 2015 ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨ ਨਾਲ ਪ੍ਰਮਾਣੂ ਸੰਧੀ ਨੂੰ ਨੇਪਰੇ ਚਾੜ੍ਹਿਆ। ਜੁਆਇੰਟ ਕੰਪਰੀਹੈਂਸਿਵ ਪਲੈਨ ਆਫ ਐਕਸ਼ਨ (ਜੇ.ਸੀ.ਪੀ.ਓ.ਏ) ਜਿਸ ਨੂੰ ਈਰਾਨ ਨਿਊਕਲੀਅਰ ਡੀਲ, 'ਪੀ 5+1' ਜਾਂ ਈਰਾਨ ਡੀਲ ਵੀ ਕਿਹਾ ਜਾਂਦਾ ਹੈ, 14 ਜੁਲਾਈ 2015 ਨੂੰ ਵਿਆਨਾ ਵਿਚ ਯੁਨਾਈਟਡ ਨੇਸ਼ਨਜ਼ ਸਕਿਉਰਿਟੀ ਕੌਂਸਲ ਦੇ ਪੰਜ ਸਥਾਈ ਮੈਂਬਰਾਂ ਚੀਨ, ਰਸ਼ੀਆ, ਯੂਨਾਈਟਡ ਕਿੰਗਡਮ, ਯੂਨਾਈਟਡ ਸਟੇਟਸ, ਜਰਮਨੀ ਅਤੇ ਯੂਰਪੀਅਨ ਯੂਨੀਅਨ ਦੁਆਰਾ ਇਸ ਨੂੰ ਅਮਲੀ ਰੂਪ ਦਿੱਤਾ ਗਿਆ ਸੀ। ਇੱਥੇ ਦੱਸਣਯੋਗ ਹੈ ਕਿ ਉਸ ਵੇਲੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਸਨ। ਇਸ ਮੁੱਦੇ 'ਤੇ ਬੋਲਦਿਆਂ ਬਰਾਕ ਓਬਾਮਾ ਨੇ ਉਦੋਂ ਕਿਹਾ ਸੀ ਕਿ 'ਜੇ.ਸੀ.ਪੀ.ਓ.ਏ.' ਸਮਝੌਤਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਈਰਾਨ ਵਲੋਂ ਸਮਝੌਤੇ ਦੀ ਉਲੰਘਣਾ ਕੀਤੇ ਬਿਨਾਂ 'ਜੇ.ਸੀ.ਪੀ.ਓ.ਏ.' ਨੂੰ ਭੰਗ ਕਰਨਾ ਇਕ ਗੰਭੀਰ ਗ਼ਲਤੀ ਹੈ। ਇਸ ਸਮਝੌਤੇ ਦੇ ਭੰਗ ਹੋਣ ਨਾਲ ਮੱਧ ਪੂਰਬ ਦੇ ਨਾਲ ਨਾਲ ਵਿਸ਼ਵ ਸ਼ਾਂਤੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। 'ਜੇ.ਸੀ.ਪੀ.ਓ.ਏ.' ਇਕ ਨਮੂਨਾ ਹੈ ਜੋ ਕੂਟਨੀਤੀ 'ਤੇ ਖਰਾ ਉੱਤਰਦਾ ਹੈ। ਇਸ ਦੀ ਜਾਂਚ ਅਤੇ ਤਸਦੀਕ ਪ੍ਰਣਾਲੀ ਬਿਲਕੁਲ ਸਹੀ ਚੱਲ ਰਹੀ ਹੈ। ਈਰਾਨ ਦੇ ਨਾਲ ਨਾਲ ਟਰੰਪ ਨੂੰ ਉੱਤਰੀ ਕੋਰੀਆ ਨਾਲ ਵੀ ਨੇੜਤਾ ਕਰਨੀ ਚਾਹੀਦੀ ਹੈ।
ਇਸ ਸਮਝੌਤੇ ਅਨੁਸਾਰ ਈਰਾਨ ਨੂੰ ਯੂਰੇਨੀਅਮ ਸਿਹਤ ਅਤੇ ਬਿਜਲਈ ਜਾਂ ਹੋਰ ਊਰਜਾ ਖੇਤਰਾਂ ਵਿਚ ਵਰਤਣ ਲਈ ਰਜ਼ਾਮੰਦ ਕਰ ਲਿਆ ਗਿਆ ਸੀ। ਇਸੇ ਸਮਝੌਤੇ ਦਾ ਸਿੱਟਾ ਸੀ ਕਿ ਈਰਾਨ ਜਿਹੜਾ 15000 ਕਿਲੋਗ੍ਰਾਮ ਯੂਰੇਨੀਅਮ 2008 ਵਿਚ ਕੱਢਦਾ ਸੀ, ਉਹ 2016 ਵਿਚ ਘਟ ਕੇ 3000 ਕਿਲੋਗ੍ਰਾਮ ਹੋ ਗਿਆ ਸੀ। ਇਹ ਸਮਝੌਤਾ ਕੀ ਸੀ ਇਸ ਦੀ ਵਿਥਿਆ ਜਾਣਨ ਤੋਂ ਪਹਿਲਾਂ ਇਹ ਦੱਸ ਦੇਣਾ ਵੀ ਜ਼ਰੂਰੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪਿਛਲੇ ਕਾਰਜਕਾਲ 'ਚ ਆਪਣੇ ਹੀ ਮੁਲਕ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਕੀਤਾ ਹੋਇਆ ਸਮਝੌਤਾ ਇਕ ਇਕਪਾਸੜ ਤੌਰ 'ਤੇ ਹੀ ਰੱਦ ਕਰ ਦਿੱਤਾ ਸੀ ਕਿ ਇਹ ਅਮਰੀਕੀ ਹਿਤਾਂ ਲਈ ਤਬਾਹਕੁੰਨ ਹੈ। ਪਰ ਇਸ ਸਮਝੌਤੇ ਦੇ ਸਹਿਯੋਗੀ ਮੁਲਕਾਂ ਇੰਗਲੈਂਡ, ਫਰਾਂਸ, ਰੂਸ ਤੇ ਜਰਮਨੀ ਨੇ ਇਸ ਸੰਬੰਧੀ ਕੁਝ ਵੀ ਨਹੀਂ ਸੀ ਕਿਹਾ। ਸੀ। 'ਪੀ 5+1' ਪ੍ਰਮਾਣੂ ਸੰਧੀ 'ਤੇ ਇਨ੍ਹਾਂ ਆਲਮੀ ਤਾਕਤਾਂ ਨੇ ਦਸਤਖਤ ਕੀਤੇ ਸਨ ਪਰ ਡੋਨਾਲਡ ਟਰੰਪ ਜਿਵੇਂ ਕਰਦੇ ਆ ਰਹੇ ਹਨ, ਕਿ ਉਹ ਕਿਸੇ ਵੀ ਸਮਝੌਤੇ ਨੂੰ ਤੋੜਨ ਵਿਚ ਬਹੁਤੀ ਦੇਰ ਨਹੀਂ ਲਾਉਂਦੇ ਅਜਿਹਾ ਹੀ ਉਨ੍ਹਾਂ ਨੇ ਪੈਰਿਸ ਵਿਸ਼ਵ ਵਾਤਾਵਰਨ ਸਮਝੌਤੇ ਤੋਂ ਹੱਥ ਪਿੱਛੇ ਖਿੱਚ ਕੇ ਕੀਤਾ ਸੀ।
ਈਰਾਨ ਅਤੇ ਅਮਰੀਕਾ ਦਰਮਿਆਨ ਜਦੋਂ ਇਹ ਸਮਝੌਤਾ 2015 ਵਿਚ ਸਿਰੇ ਲੱਗਾ ਸੀ ਤਾਂ ਮੱਧ ਪੂਰਬੀ ਖਿੱਤੇ 'ਚ ਇਕ ਤਰ੍ਹਾਂ ਨਾਲ ਸ਼ਾਂਤੀ ਪਸਰ ਗਈ ਸੀ। 16 ਜਨਵਰੀ 2016 ਨੂੰ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੇ ਇਹ ਪੁਸ਼ਟੀ ਕਰ ਦਿੱਤੀ ਸੀ ਈਰਾਨ ਨੇ ਸਮਝੌਤੇ ਤਹਿਤ ਸਾਰੇ ਜ਼ਰੂਰੀ ਕਦਮ ਪੂਰੇ ਕੀਤੇ ਹਨ ਤੇ ਉਸਦਾ ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ। ਪਰ ਇਸ ਦੇ ਬਾਵਜੂਦ ਟਰੰਪ ਨੇ ਆਪਣੀ ਅੜੀ 'ਤੇ ਕਾਇਮ ਰਹਿੰਦਿਆਂ ਇਸ ਸਮਝੌਤੇ ਨੂੰ ਪੂਰੀ ਤਰਾਂ ਤਾਰਪੀਡੋ ਕਰ ਦਿੱਤਾ। ਇਸ ਸਮਝੌਤੇ ਪ੍ਰਤੀ ਈਰਾਨ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਵਿਦੇਸ਼ ਮੰਤਰੀ ਨੂੰ ਸਮਝੌਤੇ ਵਿਚ ਸ਼ਾਮਿਲ ਕਰਕੇ ਬਾਕੀ ਮੁਲਕਾਂ ਨਾਲ ਇਸ ਸੰਬੰਧੀ ਗੱਲਬਾਤ ਕਰਨ ਲਈ ਭੇਜੇਗਾ ਤਾਂ ਕਿ ਸਮਝੌਤਾ ਬਚਾਇਆ ਜਾ ਸਕੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਮਰੀਕਾ ਵਲੋਂ ਤੋੜੀ ਪ੍ਰਮਾਣੂ ਸੰਧੀ ਨੂੰ ਈਰਾਨ ਨਾਲ ਖਹਿਬਾਜ਼ੀ ਰੱਖਣ ਵਾਲੇ ਸਾਊਦੀ ਅਰਬ ਨੇ ਹੀ ਸਲਾਹਿਆ ਸੀ। ਕਿਉਂਕਿ ਈਰਾਨ ਸਾਊਦੀ ਅਰਬ ਦੇ ਸੁੰਨੀ ਪ੍ਰਸਾਰਵਾਦ ਨੂੰ ਰੋਕਣ ਦੇ ਯਤਨਾਂ 'ਚ ਲੱਗਾ ਹੋਇਆ ਹੈ। ਇਸ ਕਰਕੇ ਸਾਊਦੀ ਅਰਬ ਦਾ ਨਿਸ਼ਚੈ ਹੀ ਇਸ ਸੰਧੀ ਦੇ ਵਿਰੁੱਧ ਬੋਲਣਾ ਸੁਭਾਵਿਕ ਹੀ ਸੀ। ਰੂਹਾਨੀ ਨੇ ਇਸ ਗੱਲ ਨੂੰ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਜੇ ਡੋਨਾਲਡ ਟਰੰਪ ਇਸ ਸਮਝੌਤੇ ਨੂੰ ਤੋੜ ਰਿਹਾ ਹੈ ਤਾਂ ਵੀ ਇਸ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ ਪਰ ਈਰਾਨੀ ਮੁਖੀ ਨੇ ਇਹ ਹੈਰਾਨੀ ਪ੍ਰਗਟ ਕੀਤੀ ਕਿ ਸੰਯੁਕਤ ਰਾਸ਼ਟਰ, ਫਰਾਂਸ ਅਤੇ ਬਰਤਾਨੀਆ ਵਰਗੇ ਮੁਲਕ ਵੀ ਇਸ ਮਹੱਤਵਪੂਰਨ ਸਮਝੌਤੇ ਦੇ ਟੁੱਟਣ 'ਤੇ ਖਾਮੋਸ਼ ਹਨ। ਨਾਲ ਦੀ ਨਾਲ ਇਹ ਵੀ ਦੱਸ ਦੇਣਾ ਜ਼ਰੂਰੀ ਹੈ ਕਿ ਈਰਾਨ ਦੇ ਰਵਾਇਤੀ ਵਿਰੋਧੀ ਇਜ਼ਰਾਈਲ ਨੇ ਵੀ ਉਦੋਂ ਸਮਝੌਤੇ ਦੇ ਟੁੱਟਣ 'ਤੇ ਆਪਣੀ ਪ੍ਰਤੀਕਿਰਿਆ ਜ਼ਹਿਰ ਕਰਦਿਆਂ ਇਸ ਨੂੰ ਸਹੀ ਦਿਸ਼ਾ ਵਿਚ ਪੁੱਟਿਆ ਕਦਮ ਕਿਹਾ ਸੀ। ਟਰੰਪ ਨੇ ਸਮਝੌਤਾ ਤੋੜਨ ਦੇ ਨਾਲ ਹੀ ਈਰਾਨ ਨੂੰ ਖ਼ਬਰਦਾਰ ਕਰ ਦਿੱਤਾ ਸੀ ਕਿ ਉਸ 'ਤੇ ਪਹਿਲਾਂ ਵਾਲੀਆਂ ਪਾਬੰਦੀਆਂ ਹੀ ਮੁੜ ਕੇ ਲਾਗੂ ਕੀਤੀਆਂ ਜਾ ਸਕਦੀਆਂ ਹਨ। ਜਿਸ ਯੂਰੇਨੀਅਮ ਦਾ ਈਰਾਨ ਕੋਲ ਭੰਡਾਰ ਹੈ, ਵਰਤਮਾਨ ਸਮੇਂ ਵਿਚ ਈਰਾਨ ਇਸ ਨਾਲ 8 ਤੋਂ 10 ਪ੍ਰਮਾਣੂ ਬੰਬ ਬਣਾਉਣ ਦੀ ਸਮਰੱਥਾ ਰੱਖਦਾ ਹੈ। ਪ੍ਰਮਾਣੂ ਸਮਝੌਤੇ ਵਿਚ ਈਰਾਨ ਲਈ ਯੂਰੇਨੀਅਮ ਦਾ ਭੰਡਾਰ 98 ਫੀਸਦੀ ਘੱਟ ਕਰਨ ਦੀ ਮੱਦ ਸੀ ਅਤੇ ਜਾਣੀ ਕਿ ਯੂਰੇਨੀਅਮ ਭੰਡਾਰ 3.67 ਫੀਸਦੀ ਹੀ ਰੱਖਿਆ ਜਾ ਸਕਦਾ ਸੀ।
ਜੇ ਈਰਾਨ ਗੁਪਤ ਪ੍ਰਮਾਣੂ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੀ ਹੋਵੇਗਾ? ਇਸ ਲਈ ਇਹ ਸਮਝੌਤਾ ਮਹੱਤਵਪੂਰਨ ਸੀ। ਸਮਝੌਤੇ ਤਹਿਤ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਅਤੇ ਯੂਰੇਨੀਅਮ ਭੰਡਾਰਾਂ ਅਤੇ ਆਲਮੀ ਪ੍ਰਮਾਣੂ ਨਿਰੀਖਕਾਂ ਨੂੰ ਆਪਣੇ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਦੇਣ ਲਈ ਵਚਨਬੱਧ ਰਿਹਾ ਹੈ। ਈਰਾਨ ਦੇ ਘੋਸ਼ਿਤ ਹਰ ਪ੍ਰਮਾਣੂ ਪ੍ਰੋਗਰਾਮ ਦੀ ਲਗਾਤਾਰ ਨਿਗਰਾਨੀ ਕੀਤੀ ਗਈ ਹੈ। ਪਰ ਫਿਰ ਵੀ ਇਸ ਗੱਲ ਨੂੰ ਮੰਨਿਆ ਜਾਂਦਾ ਰਿਹਾ ਹੈ ਕਿ ਈਰਾਨ ਗੁਪਤ ਰੂਪ ਵਿਚ ਬੰਬ ਬਣਾਉਣ ਦੀ ਸਮਰੱਥਾ ਰੱਖਦਾ ਹੈ ਅਤੇ ਹਾਲਾਂਕਿ ਉਸ ਨੇ ਕੌਮਾਂਤਰੀ ਪ੍ਰਾਮਣੂ ਨਿਰੀਖਕਾਂ ਨੂੰ ਪ੍ਰੋਟੋਕੋਲ ਤਹਿਤ ਕਿਸੇ ਵੀ ਸਾਈਟ 'ਤੇ ਜਾ ਕੇ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 8 ਮਈ 2018 ਨੂੰ ਇਹ ਸਮਝੌਤਾ ਇਹ ਕਹਿ ਕੇ ਰੱਦ ਕੀਤਾ ਸੀ ਕਿ ਅਮਰੀਕਾ ਆਪਣੇ ਆਪ ਨੂੰ ਈਰਾਨ ਨਾਲ ਪ੍ਰਮਾਣੂ ਸਮਝੌਤੇ ਤੋਂ ਬਾਹਰ ਕੱਢ ਰਿਹਾ ਹੈ ਤੇ ਤਹਿਰਾਨ 'ਤੇ ਆਰਥਿਕ ਪਾਬੰਦੀਆਂ ਵਾਪਸ ਲਗਾਈਆਂ ਜਾਣਗੀਆਂ। 2015 ਦਾ ਇਹ ਸਮਝੌਤਾ ਬੇਅਰਥ ਸੀ ਅਤੇ ਮੈਂ ਇਸ ਦਾ ਵਿਰੋਧ ਕਰਦਾ ਰਿਹਾ ਹਾਂ। ਵਾਈਟ ਹਾਊਸ ਮੁਤਾਬਿਕ ਉਸ ਨੇ ਇਸ ਸਮਝੌਤੇ ਨੂੰ ਪਾਗਲਪਨ ਕਰਾਰ ਦਿੱਤਾ ਸੀ। ਇਸ ਸਮਝੌਤੇ ਵਿਚ ਬੜੇ ਨੁਕਸ ਹਨ ਤੇ ਜੇ ਅਸੀਂ ਕੁਝ ਨਾ ਕਰ ਸਕੇ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਕੀ ਹੋਵੇਗਾ? ਟਰੰਪ ਨੇ ਤਿੱਖੀ ਸੁਰ ਵਿਚ ਕਿਹਾ ਸੀ ਕਿ ਥੋੜ੍ਹੇ ਸਮੇਂ ਵਿਚ ਹੀ ਈਰਾਨ ਸਭ ਤੋਂ ਖ਼ਤਰਨਾਕ ਪ੍ਰਮਾਣੂ ਹਥਿਆਰਾਂ ਨੂੰ ਤਿਆਰ ਕਰਨ ਵਿਚ ਸਫਲ ਹੋ ਜਾਵੇਗਾ। ਉਸ ਨੇ ਅਮਰੀਕੀ ਸੁਰੱਖਿਆ ਨੂੰ ਜ਼ਰੂਰੀ ਕਰਾਰ ਦਿੰਦਿਆਂ ਈਰਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਅਮਰੀਕਾ ਹੁਣ ਸਿਰਫ ਖ਼ਤਰਿਆਂ ਨਾਲ ਹੀ ਨਹੀਂ ਖੇਡੇਗਾ। ਹਾਲਾਂਕਿ ਸਮਝਿਆ ਇਹ ਜਾ ਰਿਹਾ ਸੀ ਕਿ ਇਸ ਸਮਝੌਤੇ ਦੀ ਹੱਤਿਆ ਹੋਣ ਨਾਲ ਈਰਾਨ ਨੂੰ ਗੁਪਤ ਰੂਪ ਵਿਚ ਪ੍ਰਮਾਣੂ ਬੰਬ ਬਣਾਉਣਾ ਕਾਫੀ ਸੌਖਾ ਹੋ ਜਾਵੇਗਾ। ਟਰੰਪ ਦੀ ਇਸ ਘੋਸ਼ਣਾ ਤੋਂ ਬਾਅਦ ਬਰਤਾਨੀਆ, ਫਰਾਂਸ ਅਤੇ ਜਰਮਨੀ ਨੇ ਅਫ਼ਸੋਸ ਅਤੇ ਚਿੰਤਾ ਜ਼ਾਹਿਰ ਕਰਦਿਆਂ ਸਾਂਝਾ ਬਿਆਨ ਜਾਰੀ ਕੀਤਾ ਸੀ ਕਿ ਉਹ ਸਮਝੌਤੇ ਦੀਆਂ ਸ਼ਰਤਾਂ ਲਈ ਵਚਨਬੱਧ ਹਨ, ਜੋ ਉਨ੍ਹਾਂ ਦੀ ਸਾਂਝੀ ਕਾਰਜ ਯੋਜਨਾ ਹੈ। ਇਹ ਹਾਲਾਤ ਜ਼ਰੂਰ ਬਣ ਗਏ ਹਨ ਕਿ ਇਹ ਸੰਧੀ ਟੁੱਟਣ ਤੋਂ ਬਾਅਦ ਮੱਧ ਪੂਰਬੀ ਖਿੱਤੇ 'ਚ ਚੇਤੰਨ ਲੋਕਾਂ ਨੂੰ ਚਿੰਤਾਵਾਂ ਦਾ ਮੁੜ੍ਹਕਾ ਜ਼ਰੂਰ ਆ ਗਿਆ ਸੀ। ਹੁਣ ਜਦੋਂ ਈਰਾਨ ਤੇ ਇਜ਼ਰਾਈਲ ਵਿਚ ਜੰਗ ਵਧ ਰਹੀ ਹੈ ਅਤੇ ਈਰਾਨੀ ਹਾਕਮ ਅਯਾਤੁੱਲ੍ਹਾ ਖੇਮੇਨੇਈ ਨੇ ਜੰਗ ਆਖਰੀ ਸਾਹ ਤੱਕ ਲੜਨ ਦਾ ਐਲਾਨ ਕੀਤਾ ਹੈ ਅਤੇ ਆਤਮ ਸਮਰਪਣ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣ ਦਾ ਫਿਕਰ ਵਧਦਾ ਜਾ ਰਿਹਾ ਹੈ।
-ashokbhaura@gmail.com