18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਮੌਨਸੂਨ ਪੌਣਾਂ ਦੀ ਸਾਡੇ ਮਹਾਂਦੀਪ ਲਈ ਅਹਿਮੀਅਤ

ਅਜੀਤ ਡੈਸਕ 22-06-2025

ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿਚ ਅਨੇਕਾਂ ਐਸੀਆਂ ਵਰਖਾ ਪ੍ਰਣਾਲੀਆਂ ਹਨ ਜੋ ਭਿੰਨ ਭਿੰਨ ਦੇਸ਼ਾਂ ਦੀ ਖੇਤੀਬਾੜੀ, ਵਾਤਾਵਰਨ ਅਤੇ ਉੱਥੋਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਹਨ ਪੂਰਬੀ ਏਸ਼ਿਆਈ ਮੌਨਸੂਨ ਪੌਣਾਂ ਜੋ ਚੀਨ, ਵੀਅਤਨਾਮ, ਤਾਈਵਾਨ, ਜਾਪਾਨ, ਕੋਰੀਆ ਅਤੇ ਫ਼ਿਲੀਪੀਨਜ਼ ਆਦਿ ਦੇਸ਼ਾਂ ਵਿਚ ਮੀਂਹ ਵਰ੍ਹਾਉਂਦੀਆਂ ਹਨ। ਇਸੇ ਤਰ੍ਹਾਂ ਉੱਤਰੀ ਅਮਰੀਕੀ ਮੌਨਸੂਨ ਪੌਣਾਂ ਜੋ ਅਮਰੀਕਾ ਅਤੇ ਮੈਕਸੀਕੋ ਦੇਸ਼ਾਂ ਵਿਚ ਮੀਂਹ ਪਵਾਉਣ ਲਈ ਜ਼ਿੰਮੇਵਾਰ ਹੈ। ਇਸੇ ਤਰ੍ਹਾਂ ਦੁਨੀਆ ਦੇ ਬਾਕੀ ਹਿੱਸਿਆਂ ਵਿਚ ਅਜਿਹੀਆਂ ਹੋਰ ਕਈ ਮੌਨਸੂਨ ਪ੍ਰਣਾਲੀਆਂ ਹਨ ਜੋ ਸੰਬੰਧਿਤ ਦੇਸ਼ਾਂ ਵਿਚ ਮੀਂਹ ਵਰ੍ਹਾ ਕੇ ਉਨ੍ਹਾਂ ਖਿੱਤਿਆਂ ਦੇ ਸੱਭਿਆਚਾਰ ਅਤੇ ਅਰਥਚਾਰੇ ਨੂੰ ਪ੍ਰਭਾਵਿਤ ਕਰਦੀਆਂ ਹਨ। ਦਰਅਸਲ ਮੌਨਸੂਨ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ 'ਮੌਸਿਮ' ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੁੰਦਾ ਹੈ 'ਰੁੱਤ'।
ਗੱਲ ਕਰੀਏ ਜੇਕਰ ਭਾਰਤ ਸਮੇਤ ਸਮੁੱਚੇ ਦੱਖਣੀ ਏਸ਼ੀਆ ਵਿਚ ਚਲਦੀਆਂ ਦੱਖਣ ਪੱਛਮੀ ਮੌਨਸੂਨ ਪੌਣਾਂ ਦੀ ਤਾਂ ਇਹ ਇਸ ਖਿੱਤੇ ਵਿਚ ਚਾਰ ਮਹੀਨੇ ਦੇ ਕਰੀਬ ਚੱਲਣ ਵਾਲੀ ਅਜਿਹੀ ਪ੍ਰਮੁੱਖ ਵਾਤਾਵਰਨੀ ਪ੍ਰਣਾਲੀ ਹੈ ਜੋ ਭਾਰਤੀ ਉਪਮਹਾਂਦੀਪ ਦੇ ਮੌਸਮ, ਖੇਤੀਬਾੜੀ, ਅਰਥ-ਵਿਵਸਥਾ ਅਤੇ ਰੋਜ਼ਮਰ੍ਹਾ ਦੇ ਜੀਵਨ ਨੂੰ ਬੜੀ ਡੂੰਘਾਈ ਨਾਲ ਪ੍ਰਭਾਵਿਤ ਕਰਦੀ ਹੈ। ਇਨ੍ਹਾਂ ਪੌਣਾਂ ਦੇ ਇਸ ਖਿੱਤੇ ਦੇ ਬੰਗਲਾਦੇਸ਼, ਭੂਟਾਨ, ਭਾਰਤ, ਨਿਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਆਦਿ ਦੇਸ਼ਾਂ ਉੱਤੇ ਪੈਂਦੇ ਪ੍ਰਭਾਵਕਾਰੀ ਅਸਰ ਕਰਕੇ ਹੀ ਇਨ੍ਹਾਂ ਇਲਾਕਿਆਂ ਦੇ ਲੋਕਾਂ ਵਲੋਂ ਮੌਨਸੂਨ ਦੀ ਰੁੱਤ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਜੂਨ ਤੋਂ ਸਤੰਬਰ ਮਹੀਨੇ ਤੱਕ ਚੱਲਣ ਵਾਲਾ ਇਹ ਸੀਜ਼ਨ ਇਸ ਖਿੱਤੇ ਦੀ ਖੇਤੀ ਨੂੰ ਸਹਾਰਾ ਦਿੰਦਾ ਹੈ ਅਤੇ ਇੱਥੋਂ ਦੇ ਘਟ ਰਹੇ ਜਲ ਭੰਡਾਰਾਂ ਨੂੰ ਭਰਨ ਦਾ ਕੰਮ ਕਰਦਾ ਹੈ। ਇਸ ਨੂੰ ਦੱਖਣ ਪੱਛਮੀ ਮੌਨਸੂਨ ਦਾ ਨਾਂਅ ਦਿੱਤਾ ਜਾਂਦਾ ਹੈ। ਇਹ ਪੌਣਾਂ ਹਿੰਦ ਮਹਾਂਸਾਗਰ ਦੇ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਚੱਲ ਕੇ ਦੱਖਣੀ ਏਸ਼ੀਆ ਦੇ ਮੈਦਾਨੀ ਇਲਾਕਿਆਂ ਤੱਕ ਪਹੁੰਚਦੀਆਂ ਹਨ। ਇਨ੍ਹਾਂ ਪੌਣਾਂ ਦੇ ਪੈਦਾ ਹੋਣ ਦੀ ਸ਼ੁਰੂਆਤ ਮਈ ਅਤੇ ਜੂਨ ਦੇ ਮਹੀਨਿਆਂ ਵਿਚ ਭਾਰਤੀ ਉਪਮਹਾਂਦੀਪ ਦੇ ਕੇਂਦਰੀ ਅਤੇ ਉੱਤਰੀ ਇਲਾਕਿਆਂ ਵਿਚ ਪੈਂਦੀ ਤੇਜ਼ ਗਰਮੀ ਨਾਲ ਹੁੰਦੀ ਹੈ ਜਿਸ ਨਾਲ ਇਸ ਇਲਾਕੇ ਦਾ ਸਮੁੱਚਾ ਵਾਤਾਵਰਨ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ। ਇਸ ਨਾਲ ਇਸ ਇਲਾਕੇ ਦੀ ਹਵਾ ਗਰਮ ਹੋ ਕੇ ਫੈਲਣ ਲਗਦੀ ਹੈ ਅਤੇ ਇਸ ਦਾ ਦਬਾਅ ਕਾਫ਼ੀ ਹੱਦ ਤੱਕ ਘਟ ਜਾਂਦਾ ਹੈ। ਘੱਟ ਦਬਾਅ ਕਾਰਨ ਪੈਦਾ ਹੋਏ ਖ਼ਲਾਅ ਨੂੰ ਪੂਰਾ ਕਰਨ ਲਈ ਹਿੰਦ ਮਹਾਂਸਾਗਰ ਤੋਂ ਚੱਲਣ ਵਾਲੀਆਂ ਨਮੀ ਵਾਲੀਆਂ ਹਵਾਵਾਂ ਇਸ ਖਿੱਤੇ ਵੱਲ ਚੱਲ ਪੈਂਦੀਆਂ ਹਨ। ਇਨ੍ਹਾਂ ਹਵਾਵਾਂ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਹ ਸਮੁੰਦਰ ਦੇ ਪਾਣੀ ਨਾਲ ਭਰਪੂਰ ਹੁੰਦੀਆਂ ਹਨ। ਜਿੱਥੋਂ ਜਿੱਥੋਂ ਵੀ ਇਹ ਹਵਾਵਾਂ ਲੰਘਦੀਆਂ ਹਨ, ਉੱਥੇ ਉੱਥੇ ਮੀਂਹ ਵਰ੍ਹਾਉਣ ਦਾ ਕੰਮ ਕਰਦੀਆਂ ਹਨ। ਇਨ੍ਹਾਂ ਪੌਣਾਂ ਨਾਲ ਕੁਝ ਇਕ ਇਲਾਕਿਆਂ ਵਿਚ ਜ਼ਿਆਦਾ ਮੀਂਹ ਪੈਂਦਾ ਹੈ ਅਤੇ ਕੁਝ ਦੂਜੇ ਇਲਾਕਿਆਂ ਵਿਚ ਘੱਟ ਮੀਂਹ ਪੈਂਦਾ ਹੈ। ਭਾਰਤ ਦੇ ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿਚ ਹੁੰਦੀ ਕੁੱਲ ਵਰਖਾ ਦੀ 90 ਫ਼ੀਸਦ ਦੇ ਕਰੀਬ ਵਰਖਾ ਮੌਨਸੂਨ ਪੌਣਾਂ ਦੁਆਰਾ ਹੀ ਹੁੰਦੀ ਹੈ ਅਤੇ ਉੱਤਰੀ ਭਾਰਤ ਵਿਚ ਪੈਂਦੀ ਵਰਖਾ ਦਾ 50 ਤੋਂ 75 ਫ਼ੀਸਦੀ ਹਿੱਸਾ ਮੌਨਸੂਨ ਦੁਆਰਾ ਪੈਦਾ ਕੀਤਾ ਜਾਂਦਾ ਹੈ।
ਖੇਤੀਬਾੜੀ: ਦੱਖਣ ਪੱਛਮੀ ਮੌਨਸੂਨ ਪੌਣਾਂ ਦਾ ਭਾਰਤੀ ਖੇਤੀਬਾੜੀ ਦੇ ਖੇਤਰ ਉੱਤੇ ਵੱਡਾ ਪ੍ਰਭਾਵ ਪੈਂਦਾ ਹੈ, ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿਚ ਜਿਨ੍ਹਾਂ ਵਿਚ ਖੇਤੀ ਦਾ ਧੰਦਾ ਸਿਰਫ਼ ਅਤੇ ਸਿਰਫ਼ ਵਰਖਾ ਉੱਤੇ ਹੀ ਨਿਰਭਰ ਕਰਦਾ ਹੈ। ਢੁੱਕਵੀਂ ਅਤੇ ਸਮੇਂ ਸਿਰ ਹੋਈ ਬਾਰਿਸ਼ ਨਾਲ ਭਰਪੂਰ ਖੇਤੀ ਉਪਜਾਂ ਪੈਦਾ ਹੁੰਦੀਆਂ ਹਨ। ਝੋਨੇ ਭਾਵ ਚੌਲਾਂ ਦੀ ਫਸਲ ਨੂੰ ਬਹੁਤ ਜ਼ਿਆਦਾ ਮਾਤਰਾ ਵਿਚ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਇਹ ਫਸਲ ਕਾਫ਼ੀ ਹੱਦ ਤੱਕ ਮੌਨਸੂਨ ਦੀ ਵਰਖਾ ਉੱਤੇ ਹੀ ਨਿਰਭਰ ਕਰਦੀ ਹੈ। ਕਪਾਹ ਅਤੇ ਗੰਨੇ ਦੀਆਂ ਫ਼ਸਲਾਂ ਵੀ ਜ਼ਿਆਦਾਤਰ ਬਰਸਾਤੀ ਪਾਣੀ ਉੱਤੇ ਹੀ ਨਿਰਭਰ ਕਰਦੀਆਂ ਹਨ।
ਡੇਅਰੀ ਫ਼ਾਰਮਿੰਗ: ਮੌਨਸੂਨ ਦੇ ਦਿਨਾਂ ਵਿਚ ਖੇਤਾਂ ਵਿਚ ਹਰ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ। ਜਿੱਥੇ ਇਹ ਪਸ਼ੂਆਂ ਲਈ ਚਾਰੇ ਦੀ ਉਪਲਬਤਾ ਵਧਾਉਂਦੀ ਹੈ ਉੱਥੇ ਹੀ ਪਸ਼ੂਆਂ ਨੂੰ ਤੇਜ਼ ਗਰਮੀ ਦੇ ਮੌਸਮ ਤੋਂ ਰਾਹਤ ਮਿਲਦੀ ਹੈ ਜਿਸ ਨਾਲ ਉਨ੍ਹਾਂ ਦੇ ਦੁੱਧ ਦਾ ਉਤਪਾਦਨ ਕੁਦਰਤੀ ਤੌਰ 'ਤੇ ਵਧ ਜਾਂਦਾ ਹੈ।
ਪਾਣੀ ਦੀ ਪੂਰਤੀ: ਭਾਰਤੀ ਉਪਮਹਾਂਦੀਪ ਦੇ ਜ਼ਿਆਦਾਤਰ ਹਿੱਸਿਆਂ ਦੇ ਜ਼ਮੀਨ ਹੇਠਲੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਮੌਨਸੂਨ ਦੀ ਵਰਖਾ ਹੀ ਇਕ ਸਭ ਤੋਂ ਵੱਡਾ ਸਰੋਤ ਹੈ। ਪਿਛਲੇ ਕੁਝ ਸਾਲਾਂ ਵਿਚ ਜ਼ਮੀਨ ਹੇਠਲਾ ਘਟਦਾ ਹੋਇਆ ਪਾਣੀ ਵਿਗਿਆਨੀਆਂ, ਸਰਕਾਰਾਂ ਅਤੇ ਖ਼ਾਸ ਕਰਕੇ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਅਨੁਮਾਨ ਅਨੁਸਾਰ ਪੰਜਾਬ ਵਿਚ ਪਿਛਲੇ 20 ਸਾਲਾਂ ਤੋਂ ਹਰ ਸਾਲ ਔਸਤਨ ਅੱਧੇ ਮੀਟਰ ਦੇ ਕਰੀਬ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡੂੰਘਾ ਹੋਈ ਜਾ ਰਿਹਾ ਹੈ। ਅਜਿਹੇ ਹਾਲਾਤ ਵਿਚ ਮੌਨਸੂਨ ਦੀ ਵਰਖਾ ਵਲੋਂ ਫਸਲਾਂ ਦੀ ਸਿੰਜਾਈ ਅਤੇ ਜ਼ਮੀਨ ਹੇਠਲੇ ਪਾਣੀ ਦੀ ਮੁੜ ਪੂਰਤੀ ਦੀ ਅਹਿਮੀਅਤ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਜ਼ਿਕਰਯੋਗ ਹੈ ਕਿ ਅਸੀਂ ਆਪਣੀਆਂ ਰੋਜ਼ਮਰ੍ਹਾ ਦੀਆਂ ਪਾਣੀ ਦੀਆਂ ਜ਼ਰੂਰਤਾਂ ਲਈ ਜ਼ਿਆਦਾਤਰ ਜ਼ਮੀਨ ਹੇਠਲੇ ਪਾਣੀ ਦੀ ਹੀ ਵਰਤੋਂ ਕਰਦੇ ਹਾਂ।
ਬਿਜਲੀ ਦਾ ਉਤਪਾਦਨ: ਭਾਰਤ ਵਿਚ ਕੁੱਲ ਬਿਜਲੀ ਦੇ ਉਤਪਾਦਨ ਦਾ 10 ਫ਼ੀਸਦ ਹਿੱਸਾ ਹਾਈਡਰੋ ਪਾਵਰ ਭਾਵ ਕਿ ਪਾਣੀ ਤੋਂ ਪੈਦਾ ਹੋਣ ਵਾਲੀ ਬਿਜਲੀ ਹੀ ਹੁੰਦੀ ਹੈ। ਇਸ ਲਈ ਡੈਮਾਂ ਦੇ ਸਰੋਵਰਾਂ ਵਿਚ ਪਾਣੀ ਦੀ ਮੁਨਾਸਿਬ ਮਾਤਰਾ ਵਿਚ ਹੋਣਾ ਜ਼ਰੂਰੀ ਹੋ ਜਾਂਦਾ ਹੈ। ਇਸ ਨੂੰ ਪੂਰਾ ਕਰਨ ਵਿਚ ਮੌਨਸੂਨ ਦੀ ਵਰਖਾ ਦੀ ਵੱਡੀ ਭੂਮਿਕਾ ਹੁੰਦੀ ਹੈ ਅਤੇ ਇਹ ਪਣ ਬਿਜਲੀ ਦੇ ਉਤਪਾਦਨ ਨੂੰ ਵਧਾਉਣ ਲਈ ਇਕ ਵੱਡਾ ਹੁਲਾਰਾ ਸਾਬਤ ਹੁੰਦੀ ਹੈ।
ਅਰਥਚਾਰੇ 'ਤੇ ਅਸਰ: ਮੌਨਸੂਨ ਦਾ ਦੇਸ਼ ਦੀ ਅਰਥਵਿਵਸਥਾ ਉੱਤੇ ਸਿੱਧਾ ਅਤੇ ਡੂੰਘਾ ਅਸਰ ਪੈਂਦਾ ਹੈ। ਜਿੱਥੇ ਚੰਗੀ ਮੌਨਸੂਨ ਵਰਖਾ ਹੋਣ ਨਾਲ ਖੇਤੀ ਉਪਜਾਂ ਵਧ ਜਾਂਦੀਆਂ ਹਨ, ਉੱਥੇ ਹੀ ਆਮਦਨ ਵਧਣ ਨਾਲ ਲੋਕਾਂ ਦੀ ਖਪਤ ਸਮਰੱਥਾ ਵੀ ਵਧ ਜਾਂਦੀ ਹੈ। ਇਸ ਨਾਲ ਅਨਾਜ ਦੀਆਂ ਕੀਮਤਾਂ ਵੀ ਸਥਿਰ ਰਹਿੰਦੀਆਂ ਹਨ। ਅਕਸਰ ਵੇਖਿਆ ਜਾਂਦਾ ਹੈ ਕਿ ਚੰਗੀ ਮੌਨਸੂਨ ਦੀ ਖ਼ਬਰ ਨਾਲ ਸ਼ੇਅਰ ਬਾਜ਼ਾਰ ਵਿਚ ਖੁਸ਼ਹਾਲੀ ਆ ਜਾਂਦੀ ਹੈ ਅਤੇ ਸ਼ੇਅਰਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ।
ਮੌਨਸੂਨ ਦੀ ਰੁੱਤ ਅਤੇ ਸੱਭਿਆਚਾਰ: ਮਈ ਜੂਨ ਦੇ ਮਹੀਨਿਆਂ ਦੀ ਪੈਂਦੀ ਤੇਜ਼ ਲੂ ਨਾਲ ਤਪਦੇ ਸਰੀਰਾਂ ਕਾਰਨ ਗੁਆਚੀ ਮਨ ਦੀ ਸ਼ਾਂਤੀ ਨੂੰ ਸਾਉਣ ਦੀ ਝੜੀ ਦੇ ਮੀਂਹ ਆਦਮੀ ਦੇ ਮਨ ਨੂੰ ਸ਼ਾਂਤੀ ਦੇਣ ਵਾਲੇ ਹੁੰਦੇ ਹਨ। ਇਸ ਮੌਸਮ ਵਿਚ ਹਨੇਰੀ, ਮੀਂਹ ਦੀ ਨਿੱਕੀ ਨਿੱਕੀ ਬੂੰਦਾਬਾਂਦੀ ਅਤੇ ਅਸਮਾਨ ਵਿਚ ਪੈਂਦੀ ਸੱਤਰੰਗੀ ਪੀਂਘ ਮਨੁੱਖ ਨੂੰ ਉਸ ਦੇ ਧੁਰ ਅੰਦਰ ਤੱਕ ਸਕੂਨ ਦੇਣ ਵਾਲੀ ਹੁੰਦੀ ਹੈ। ਦੱਖਣ ਏਸ਼ੀਆ ਦੇ ਜ਼ਿਆਦਾਤਰ ਇਲਾਕਿਆਂ ਵਿਚ ਪੈਣ ਵਾਲੀ ਮੌਨਸੂਨੀ ਬਰਸਾਤ ਇਸ ਖਿੱਤੇ ਦੇ ਵੱਖ ਵੱਖ ਹਿੱਸਿਆਂ ਦੇ ਸਥਾਨਕ ਸੱਭਿਆਚਾਰਾਂ ਨੂੰ ਨੇੜੇ ਤੋਂ ਪ੍ਰਭਾਵਿਤ ਕਰਦੀ ਹੈ। ਭਾਰਤ ਦੇ ਵੱਖ ਵੱਖ ਰਾਜਾਂ ਵਿਚ ਮੌਨਸੂਨ ਰੁੱਤ ਨਾਲ ਜੁੜੇ ਤਿਉਹਾਰਾਂ ਜਿਵੇਂ ਗੁਜਰਾਤ ਦਾ ਮੇਘ ਮਲਹਾਰ ਪਰਵ, ਮਹਾਰਾਸ਼ਟਰ ਦਾ ਗਣਪਤੀ ਵਿਸਰਜਨ ਅਤੇ ਕੇਰਲ ਦਾ ਓਨਮ ਆਦਿ ਨੂੰ ਬੜੇ ਹੀ ਚਾਅ ਅਤੇ ਮਲਹਾਰ ਨਾਲ ਮਨਾਇਆ ਜਾਂਦਾ ਹੈ। ਗੱਲ ਕਰੀਏ ਪੰਜਾਬ ਦੀ ਤਾਂ ਇਸ ਮੌਸਮ ਵਿਚ ਛੋਟੇ ਛੋਟੇ ਬੱਚੇ ਕਾਗ਼ਜ਼ ਦੀਆਂ ਬੇੜੀਆਂ ਬਣਾ ਕੇ ਉਨ੍ਹਾਂ ਨੂੰ ਮੀਂਹ ਦੇ ਪਾਣੀ 'ਚ ਰੋੜ੍ਹ ਕੇ ਇਸ ਨਿਆਰੀ ਬਹਾਰ ਦਾ ਆਨੰਦ ਮਾਣਦੇ ਹਨ। ਇਸੇ ਤਰ੍ਹਾਂ ਮੁਟਿਆਰਾਂ ਰੁੱਖਾਂ ਦੀਆਂ ਟਹਿਣੀਆਂ ਉੱਤੇ ਪਾਈਆਂ ਹੋਈਆਂ ਪੀਂਘਾਂ ਨੂੰ ਝੂਟਦੀਆਂ ਹੋਈਆਂ ਅਤੇ ਇਕ ਦੂਜੀਆਂ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਵੱਲ ਨੂੰ ਪੀਂਘ ਦੇ ਹੁਲਾਰੇ ਦਿੰਦੀਆਂ ਹੋਈਆਂ, ਮੀਂਹ ਦੇ ਪਾਣੀ ਦੀ ਨਿੰਮ੍ਹੀ ਨਿੰਮ੍ਹੀ ਫ਼ੁਹਾਰ ਦਾ ਅਨੰਦ ਮਾਣਦੀਆਂ ਹਨ। ਸਾਉਣ ਦੇ ਮਹੀਨੇ ਵਿਚ ਮੀਂਹ ਦੀਆਂ ਲੱਗੀਆਂ ਲੰਮੀਆਂ ਲੰਮੀਆਂ ਝੜੀਆਂ ਵਿਚ ਲੋਕ ਆਪਣੇ ਘਰਾਂ ਵਿਚ ਖੀਰ ਤੇ ਪੂੜਿਆਂ ਅਤੇ ਹੋਰ ਵੰਨ ਸੁਵੰਨੇ ਪਕਵਾਨਾਂ ਦਾ ਆਨੰਦ ਮਾਣਦੇ ਹਨ। ਇਨ੍ਹੀਂ ਦਿਨੀਂ ਪੰਜਾਬ ਵਿਚ ਤੀਆਂ ਦੇ ਤਿਉਹਾਰ ਨੂੰ ਪ੍ਰਮੁੱਖਤਾ ਨਾਲ ਮਨਾਇਆ ਜਾਂਦਾ ਹੈ। ਗਿੱਧੇ ਵਿਚ ਨੱਚਦੀਆਂ ਮੁਟਿਆਰਾਂ ਆਪਣੀ ਨੱਚਣ ਕਲਾ ਅਤੇ ਹੁਸਨ ਦਾ ਪ੍ਰਗਟਾਵਾ ਕਰਦੀਆਂ ਹਨ। ਇਨ੍ਹਾਂ ਦਿਨਾਂ ਵਿਚ ਹੀ ਛਿੰਝ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚ ਸਥਾਨਕ ਅਤੇ ਬਾਹਰਲੇ ਥਾਵਾਂ ਤੋਂ ਆਏ ਪਹਿਲਵਾਨ ਆਪਣੀ ਕੁਸ਼ਤੀ ਦੇ ਜੌਹਰ ਵਿਖਾਉਂਦੇ ਹਨ। ਇਨ੍ਹਾਂ ਦਿਨਾਂ ਵਿਚ ਸਾਰੀਆਂ ਹੀ ਨਦੀਆਂ ਨਾਲਿਆਂ ਦੇ ਕੰਢਿਆਂ ਤੋਂ ਬਾਹਰ ਜਾਂਦਾ ਪਾਣੀ ਗਰਮੀ ਨਾਲ ਝੁਲਸ ਰਹੇ ਲੋਕਾਂ ਦੇ ਤਨਾਂ ਮਨਾਂ ਨੂੰ ਠੰਢਕ ਪਹੁੰਚਾਉਂਦਾ ਹੈ।
ਬਿਮਾਰੀਆਂ ਲੱਗਣ ਦੀ ਸੰਭਾਵਨਾ: ਮੌਨਸੂਨ ਪੌਣਾਂ ਦੇ ਭਾਰਤੀ ਅਰਥਵਿਵਸਥਾ ਉੱਤੇ ਪੈਂਦੇ ਬਹੁਤ ਸਾਰੇ ਹਾਂ ਪੱਖੀ ਪ੍ਰਭਾਵਾਂ ਤੋਂ ਇਲਾਵਾ ਕੁਝ ਇਕ ਨਾਂਹ ਪੱਖੀ ਪ੍ਰਭਾਵ ਵੀ ਵੇਖਣ ਨੂੰ ਮਿਲਦੇ ਹਨ। ਉਨ੍ਹਾਂ ਵਿਚੋਂ ਇਕ ਹੈ ਮੌਸਮੀ ਬਿਮਾਰੀਆਂ ਦੇ ਫੈਲਣ ਦਾ ਰੁਝਾਨ। ਇਸ ਸੀਜ਼ਨ ਵਿਚ ਮੌਸਮੀ ਜ਼ੁਕਾਮ, ਖੰਘ, ਹੈਜ਼ਾ, ਅੱਖਾਂ ਦਾ ਖ਼ਰਾਬ ਹੋਣਾ ਅਤੇ ਚਮੜੀ ਦੇ ਰੋਗਾਂ ਤੋਂ ਇਲਾਵਾ ਕੁਝ ਇਕ ਹੋਰ ਚਿੰਤਾਜਨਕ ਬਿਮਾਰੀਆਂ ਵੀ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਹਨ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਆਦਿ। ਇਨ੍ਹਾਂ ਦਿਨਾਂ ਵਿਚ ਹਸਪਤਾਲ ਡੇਂਗੂ ਦੇ ਮਰੀਜ਼ਾਂ ਨਾਲ ਭਰ ਜਾਂਦੇ ਹਨ।

-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ 6284220595

ਪਿਛਲੀ ਖ਼ਬਰ ਈਰਾਨ ਤੇ ਅਮਰੀਕਾ ਦਰਮਿਆਨ ਪ੍ਰਮਾਣੂ ਸਮਝੌਤਾ ਕਿਵੇਂ ਟੁੱਟਿਆ? ਅਗਲੀ ਖ਼ਬਰ ਐਮਰਜੈਂਸੀ ਸਮੇਂ ਲੱਗੇ ਅਕਾਲੀ ਮੋਰਚੇ ਦੀ ਦਾਸਤਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।