ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ 25 ਜੂਨ, 1975 ਈ: ਨੂੰ ਦੇਸ਼ ਵਿਚ ਐਮਰਜੈਂਸੀ ਲਗਾ ਕੇ 3000 ਦੇ ਕਰੀਬ ਵਿਰੋਧੀ ਨੇਤਾਵਾਂ ਅਤੇ ਵਰਕਰਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਕਰ ਦਿੱਤਾ ਸੀ। ਦਿਨ ਚੜ੍ਹਦੇ ਨੂੰ ਅਖ਼ਬਾਰਾਂ 'ਤੇ ਸੈਂਸਰ ਲਾਗੂ ਕਰ ਦਿੱਤਾ ਗਿਆ ਸੀ। ਜੇਲ੍ਹਾਂ ਅੰਦਰ ਨਜ਼ਰਬੰਦ ਰਾਜਸੀ ਨੇਤਾਵਾਂ 'ਤੇ ਮੀਸਾ ਡੀ.ਆਈ.ਆਰ. ਲਗਾ ਦਿੱਤੀ ਗਈ। ਸਰਕਾਰ ਨੂੰ ਪਤਾ ਸੀ ਕਿ ਅਕਾਲੀ ਦਲ ਕਾਂਗਰਸ ਵਿਰੋਧੀ ਹੈ ਪਰ ਫਿਰ ਵੀ ਕਿਸੇ ਅਕਾਲੀ ਨੇਤਾ ਨੂੰ ਨਾ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਨਾ ਹੀ ਥਾਣੇ ਬੁਲਾਇਆ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਣ ਸਿੰਘ ਤੁੜ ਨੇ ਅਕਾਲੀ ਦਲ ਦੇ ਨੇਤਾਵਾਂ ਦੀ ਇਕ ਜ਼ਰੂਰੀ ਇਕੱਤਰਤਾ 29-30 ਜੂਨ, 1975 ਈ: ਨੂੰ ਬੁਲਾਈ। ਉਸ ਮੀਟਿੰਗ ਵਿਚ ਸਾਰੇ ਸੀਨੀਅਰ ਆਗੂ ਪਹੁੰਚੇ ਸਨ ਪਰ ਬਹੁਤ ਸਾਰੇ ਮੈਂਬਰ ਅਜਿਹੇ ਵੀ ਸਨ, ਜੋ ਮੋਰਚਾ ਲਾਉਣ ਦੇ ਸਮਰਥਕ ਨਹੀਂ ਸਨ ਪਰ ਚਰਚਾ ਉਪਰੰਤ ਐਮਰਜੈਂਸੀ ਵਿਰੁੱਧ ਮੋਰਚਾ ਲਾਉਣ ਦਾ ਫ਼ੈਸਲਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵਲੋਂ 9 ਜੁਲਾਈ, 1975 ਈ: ਨੂੰ ਐਮਰਜੈਂਸੀ ਵਿਰੁੱਧ ਮੋਰਚਾ ਸ਼ੁਰੂ ਕੀਤਾ ਗਿਆ ਅਤੇ ਪਹਿਲੇ ਦਿਨ ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ: ਪ੍ਰਕਾਸ਼ ਸਿੰਘ ਬਾਦਲ, ਸ: ਆਤਮਾ ਸਿੰਘ ਅਤੇ ਸ: ਬਸੰਤ ਸਿੰਘ ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਰਦਾਸ ਕਰਨ ਉਪਰੰਤ ਘੰਟਾਘਰ ਵਾਲੇ ਪਾਸੇ ਐਮਰਜੈਂਸੀ ਵਿਰੁੱਧ ਨਾਅਰੇ ਲਗਾਏ। ਇਨ੍ਹਾਂ ਨੇਤਾਵਾਂ ਨੂੰ 107/151 ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਥੋੜ੍ਹੇ ਦਿਨਾਂ ਬਾਅਦ ਇਨ੍ਹਾਂ ਪੰਜਾਂ ਨੇਤਾਵਾਂ 'ਤੇ ਮੀਸਾ ਲਗਾ ਦਿੱਤਾ ਗਿਆ। ਇਧਰ ਜਥੇਦਾਰ ਮੋਹਣ ਸਿੰਘ 'ਤੁੜ' ਮੋਰਚਾ ਡਿਕਟੇਟਰ ਵਲੋਂ ਹਰ ਰੋਜ਼ ਐਮਰਜੈਂਸੀ ਵਿਰੁੱਧ ਜਥੇ ਹਰਿਮੰਦਰ ਸਾਹਿਬ ਸਮੂਹ ਦੇ ਬਾਹਰ ਗ੍ਰਿਫ਼ਤਾਰੀ ਲਈ ਭੇਜੇ ਜਾਂਦੇ ਸਨ। ਅਖ਼ਬਾਰਾਂ 'ਤੇ ਸੈਂਸਰਸ਼ਿਪ ਸੀ, ਸਿਰਫ ਬੀ.ਬੀ.ਸੀ. ਲੰਦਨ ਹੀ ਮੋਰਚੇ ਬਾਰੇ ਖ਼ਬਰ ਦਿੰਦਾ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਨੇਤਾਵਾਂ ਨੇ ਸਮੇਂ-ਸਮੇਂ 'ਤੇ ਆਪਣੇ-ਆਪਣੇ ਜਥਿਆਂ ਨਾਲ ਐਮਰਜੈਂਸੀ ਵਿਰੁੱਧ ਗ੍ਰਿਫ਼ਤਾਰੀ ਦਿੱਤੀ, ਜਿਨ੍ਹਾਂ ਵਿਚ ਸ: ਸੁਖਜਿੰਦਰ ਸਿੰਘ, ਸ: ਜਸਵਿੰਦਰ ਸਿੰਘ ਬਰਾੜ, ਸ: ਸੁਖਦੇਵ ਸਿੰਘ ਢੀਂਡਸਾ, ਸ: ਬਲਵੰਤ ਸਿੰਘ, ਸ: ਰਣਧੀਰ ਸਿੰਘ ਚੀਮਾ, ਸ: ਬਲਵਿੰਦਰ ਸਿੰਘ ਭੂੰਦੜ, ਸ: ਧੰਨਾ ਸਿੰਘ ਗੁਲਸ਼ਨ, ਜਥੇਦਾਰ ਉਜਾਗਰ ਸਿੰਘ ਸੇਖਵਾਂ, ਸ: ਸੁਰਜੀਤ ਸਿੰਘ ਬਰਨਾਲਾ ਤੇ ਜਥੇਦਾਰ ਹੀਰਾ ਸਿੰਘ ਗਾਬੜੀਆ ਆਦਿ ਸ਼ਾਮਿਲ ਸਨ। ਐਮਰਜੈਂਸੀ ਵਿਰੁੱਧ ਗ੍ਰਿਫ਼ਤਾਰੀਆਂ ਦੇਣ ਲਈ ਜਨਸੰਘ ਨੇ ਵੀ ਐਲਾਨ ਕੀਤਾ ਸੀ ਕਿ ਹਰ ਮਹੀਨੇ 100 ਵਲੰਟੀਅਰ ਗ੍ਰਿਫ਼ਤਾਰੀ ਦਿਆ ਕਰਨਗੇ। ਪਰ ਕੰਮ ਠੁੱਸ ਹੋ ਗਿਆ। ਪੰਜਾਬ ਅੰਦਰ ਜਨਸੰਘ (ਹੁਣ ਭਾਰਤੀ ਜਨਤਾ ਪਾਰਟੀ) ਦੇ ਨੇਤਾਵਾਂ ਅਤੇ ਵਰਕਰਾਂ ਨੂੰ ਫੜਿਆ ਗਿਆ। ਜਨਸੰਘ ਦੇ ਕੁਝ ਨੇਤਾਵਾਂ ਨੂੰ ਛੱਡ ਕੇ ਬਾਕੀ ਸਾਰੇ ਵਰਕਰ ਤੇ ਛੋਟੇ ਨੇਤਾ ਮੁਆਫ਼ੀਆਂ ਮੰਗ ਕੇ ਜੇਲ੍ਹਾਂ 'ਚੋਂ ਬਾਹਰ ਆ ਗਏ। ਅਕਾਲੀ ਦਲ ਦੇ ਕਿਸੇ ਨੇਤਾ ਜਾਂ ਵਰਕਰ ਨੇ ਨਾ ਤਾਂ ਮੁਆਫ਼ੀ ਮੰਗੀ ਅਤੇ ਨਾ ਹੀ ਪੈਰੋਲ 'ਤੇ ਰਿਹਾਅ ਹੋਇਆ। ਸ੍ਰੀਮਤੀ ਇੰਦਰਾ ਗਾਂਧੀ ਨੇ ਭਾਰਤ ਵਿਚ ਐਮਰਜੈਂਸੀ ਲਗਾ ਕੇ ਸਮੁੱਚੀ ਵਿਰੋਧੀ ਧਿਰ ਦੇ ਨੇਤਾਵਾਂ ਦੀ ਜ਼ਬਾਨ ਬੰਦ ਕਰ ਦਿੱਤੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਵਲੋਂ ਚੱਲ ਰਹੇ ਐਮਰਜੈਂਸੀ ਵਿਰੋਧੀ ਮੋਰਚੇ ਤੋਂ ਉਹ ਪ੍ਰੇਸ਼ਾਨ ਸੀ। ਜਥੇਦਾਰ ਤੁੜ ਨੇ ਮੋਰਚੇ ਵਿਚ ਖ਼ੁਦ ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਨੂੰ ਮੋਰਚਾ ਡਿਕਟੇਟਰ ਥਾਪ ਦਿੱਤਾ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਮੋਰਚੇ ਦੀ ਵਾਗਡੋਰ ਸੰਭਾਲ ਕੇ ਮੋਰਚੇ ਨੂੰ ਇਸ ਹਿਸਾਬ ਨਾਲ ਚਲਾਇਆ ਕਿ ਹਰ ਐਤਵਾਰ 6-7 ਜਥੇ ਅਤੇ ਮੱਸਿਆ ਨੂੰ 10 ਜਥੇ ਭੇਜੇ ਜਾਣ ਲੱਗੇ। ਪਟਿਆਲੇ ਦੇ ਸਿੰਘਾਂ ਨੂੰ ਇਕੱਠੇ ਕਰਨ ਲਈ ਜਥੇਦਾਰ ਰਤਨ ਸਿੰਘ ਅਲੋਰਾਂ, ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਅਤੇ ਫਿਰ ਆਪ ਜਥੇ ਸਮੇਤ ਗ੍ਰਿਫ਼ਤਾਰੀ ਦਿੱਤੀ।
ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਸੰਤ ਸਮਾਜ, ਪ੍ਰਚਾਰਕਾਂ, ਬੁੱਧੀਜੀਵੀਆਂ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਦੀਆਂ ਮੀਟਿੰਗਾਂ ਤੇ ਕਾਨਫ਼ਰੰਸਾਂ ਕੀਤੀਆਂ। ਸੰਤ ਸਮਾਜ ਦੀ ਵੱਡੀ ਇਕੱਤਰਤਾ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਈ। ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸੰਤਾਂ ਨੂੰ ਐਮਰਜੈਂਸੀ ਵਿਰੁੱਧ ਡਟਣ ਲਈ ਪ੍ਰੇਰਿਆ ਅਤੇ ਖ਼ੁਦ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲਾ ਸ਼ਹੀਦੀ ਦਿਵਸ ਦੇ ਸੰਬੰਧ ਵਿਚ 37 ਨਗਰ ਕੀਰਤਨ ਸਾਰੇ ਪੰਜਾਬ ਵਿਚ ਕੱਢੇ। ਇਨ੍ਹਾਂ ਨਗਰ ਕੀਰਤਨਾਂ ਦੇ ਇਕੱਠ ਵਿਚ ਸੰਗਤਾਂ ਨੂੰ ਮਨੁੱਖੀ ਆਜ਼ਾਦੀ ਲਈ ਪ੍ਰੇਰਦੇ ਹੋਏ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕਾਨਫ਼ਰੰਸ 11 ਅਗਸਤ, 1976 ਦਿਨ ਬੁੱਧਵਾਰ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਕੀਤੀ ਗਈ। ਸੰਤ ਲੌਂਗੋਵਾਲ ਨੇ ਪ੍ਰਚਾਰਕਾਂ ਨੂੰ ਇਕੱਤਰ ਕਰਕੇ ਪ੍ਰੇਰਿਆ ਕਿ ਉਹ ਗੁਰਦੁਆਰਿਆਂ ਵਿਚ ਵੱਖ-ਵੱਖ ਮੌਕਿਆਂ 'ਤੇ ਲੱਗਦੇ ਦੀਵਾਨਾਂ ਸਮੇਂ ਸੰਗਤਾਂ ਨੂੰ ਐਮਰਜੈਂਸੀ ਵਿਰੁੱਧ ਅਕਾਲੀ ਦਲ ਵਲੋਂ ਲਗਾਏ ਮੋਰਚੇ ਤੋਂ ਜਾਣੂ ਕਰਵਾਉਣ।
ਐਮਰਜੈਂਸੀ ਵਿਰੁੱਧ ਮੋਰਚਾ 1 ਸਾਲ 6 ਮਹੀਨੇ 7 ਦਿਨ ਚੱਲਿਆ। ਇਸ ਮੋਰਚੇ ਵਿਚ 43,000 ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ। ਮੋਰਚੇ ਸਮੇਂ ਦੋ ਸਿੰਘ ਕੌਰ ਸਿੰਘ, ਪ੍ਰੇਮ ਸਿੰਘ ਅੰਮ੍ਰਿਤਸਰ ਜੇਲ੍ਹ ਵਿਚ ਚੜ੍ਹਾਈ ਕਰ ਗਏ। ਐਮਰਜੈਂਸੀ ਬਾਰੇ 23 ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਪਰ ਕਿਸੇ ਕਿਤਾਬ ਵਿਚ ਅਕਾਲੀ ਦਲ ਦੇ ਐਮਰਜੈਂਸੀ ਵਿਰੁੱਧ ਮੋਰਚੇ ਬਾਰੇ ਵਿਸਥਾਰ ਵਿਚ ਜ਼ਿਕਰ ਨਹੀਂ ਕੀਤਾ ਗਿਆ। ਅਕਾਲੀ ਦਲ ਦੇ ਨੇਤਾਵਾਂ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਅਕਾਲੀ ਜੁਝਾਰੂ ਯੋਧਿਆਂ ਦੀ ਕੁਰਬਾਨੀ ਨੂੰ ਦੇਖਦਿਆਂ ਜੋ ਸਤਿਕਾਰ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਦੇਣਾ ਚਾਹੀਦਾ ਸੀ, ਉਹ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਅਕਾਲੀ ਯੋਧਿਆਂ ਦੇ ਮਨਾਂ ਨੂੰ ਠੇਸ ਪਹੁੰਚੀ ਅਤੇ ਕੁਰਬਾਨੀ ਵਾਲੇ ਅਕਾਲੀ ਘਰਾਂ ਵਿਚ ਬੈਠ ਗਏ, ਜਿਸ ਦਾ ਨੁਕਸਾਨ ਅਕਾਲੀ ਦਲ ਨੂੰ ਹੋਇਆ। ਅੱਜ ਅਕਾਲੀ ਦਲ ਵਿਚ ਕੁਰਬਾਨੀ ਕਰਨ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ, ਸਗੋਂ ਸਰਮਾਏਦਾਰਾਂ ਤੇ ਮੌਕਾਪ੍ਰਸਤਾਂ ਦਾ ਬੋਲਬਾਲਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀ ਚੜ੍ਹਦੀ ਕਲਾ ਲਈ ਜੂਝਣ ਵਾਲਾ ਅਕਾਲੀ ਦਲ ਅੱਜ ਰਾਜ ਕਰਦਾ-ਕਰਦਾ ਹਾਸ਼ੀਏ 'ਤੇ ਚਲਾ ਗਿਆ ਹੈ। ਅਸੀਂ ਅੱਜ ਦੇ ਦਿਨ ਉਨ੍ਹਾਂ ਸਾਰੇ ਜੁਝਾਰੂ ਅਕਾਲੀ ਯੋਧਿਆਂ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਮਾਰਾਂ ਖਾਧੀਆਂ, ਮੋਰਚੇ ਲਈ ਰਾਤ-ਦਿਨ ਕੰਮ ਕੀਤਾ, ਐਮਰਜੈਂਸੀ ਵਿਰੁੱਧ ਲਿਖਿਆ ਤੇ ਲੋਕਾਂ ਨੂੰ ਪ੍ਰੇਰਿਆ, ਨੂੰ ਪ੍ਰਣਾਮ ਕਰਦੇ ਹਾਂ।
-ਬਠਿੰਡਾ। ਮੋ: 98155-33725.