28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮਾਪਿਆਂ ਦੀ ਪਹਿਲੀ ਚਾਹਤ ਬਣੀਆਂ ਧੀਆਂ

ਅਜੀਤ ਡੈਸਕ 20-06-2025

'ਦਾ ਇਕਾਨੋਮਿਸਟ' ਦੀ ਰਿਪੋਰਟ ਨੂੰ ਸੱਚ ਮੰਨ ਲਈਏ ਤਾਂ ਮਾਪਿਆਂ ਵਿਚ ਮੁੰਡਿਆਂ ਦੀ ਚਾਹਤ ਘਟੀ ਹੈ ਅਤੇ ਧੀਆਂ ਦਾ ਮੁੱਲ ਪੈਣ ਲੱਗਾ ਹੈ। ਵਿਸ਼ਵ ਭਰ ਵਿਚ ਮਾਪਿਆਂ ਦੀ ਸੋਚ ਤੇਜ਼ੀ ਨਾਲ ਬਦਲ ਰਹੀ ਹੈ। ਪਹਿਲਾਂ ਮੁੰਡੇ ਦੀ ਇੱਛਾ ਲਈ ਧੀਆਂ ਨੂੰ ਕੁੱਖਾਂ ਵਿਚ ਹੀ ਖ਼ਤਮ ਕਰ ਦਿੱਤਾ ਜਾਂਦਾ ਸੀ ਪਰ ਹੁਣ ਮਾਪੇ ਰੱਬ ਦੇ ਘਰੋਂ ਬੇਟੀਆਂ ਮੰਗਣ ਲੱਗੇ ਹਨ।
'ਦਾ ਇਕਾਨੋਮਿਸਟ' ਦੇ ਇਕ ਤਾਜ਼ਾ ਸਰਵੇਖਣ ਮੁਤਾਬਿਕ 1980 ਤੋਂ ਲੈ ਕੇ ਹੁਣ ਤੱਕ ਪੰਜ ਕਰੋੜ ਬੇਟੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖਾਂ ਵਿਚ ਮਾਰ ਦਿੱਤਾ ਗਿਆ ਸੀ ਪਰ ਹੁਣ ਇਹ ਅੰਕੜਾ ਤੇਜ਼ੀ ਨਾਲ ਘਟ ਰਿਹਾ ਹੈ। ਸਾਲ 2000 ਵਿਚ ਪਿਛਲੇ ਸਾਲਾਂ ਨਾਲੋਂ 17 ਲੱਖ ਲੜਕੀਆਂ ਵੱਧ ਪੈਦਾ ਹੋਈਆਂ ਸਨ। ਉੱਥੇ 2014 ਵਿਚ ਇਹ ਗਿਣਤੀ ਘਟ ਕੇ ਦੋ ਲੱਖ ਰਹਿ ਗਈ ਹੈ। ਵਿਸ਼ਲੇਸ਼ਣ ਮੁਤਾਬਿਕ 2000 ਤੋਂ ਲੈ ਕੇ ਹੁਣ ਤੱਕ ਕਰੀਬ 70 ਲੱਖ ਲੜਕੀਆਂ ਕੁੱਖਾਂ ਵਿਚ ਬਚਾਈਆਂ ਜਾ ਚੁੱਕੀਆਂ ਹਨ। ਚੀਨ, ਭਾਰਤ ਅਤੇ ਦੱਖਣੀ ਕੋਰੀਆ ਜਿਹੇ ਦੇਸ਼ਾਂ ਵਿਚ ਲਿੰਗ ਅਨੁਪਾਤ ਬਰਾਬਰ ਹੋਣ ਦੇ ਨੇੜੇ ਹੈ। ਇਹ ਤਬਦੀਲੀ ਨਾ ਸਿਰਫ਼ ਸਮਾਜਿਕ ਸੋਚ ਵਿਚ ਬਦਲਾਅ ਦਾ ਚੰਗਾ ਸੰਕੇਤ ਹੈ, ਸਗੋਂ ਇਸ ਨਾਲ ਭਵਿੱਖ ਵਿਚ ਸਮਾਜਿਕ ਅਸੰਤੁਲਨ ਅਤੇ ਅਪਰਾਧ ਵੀ ਘਟੇਗਾ।
ਚੀਨ ਵਿਚ 2006 ਨੂੰ 100 ਲੜਕੀਆਂ ਪਿੱਛੇ ਲੜਕਿਆਂ ਦੀ ਗਿਣਤੀ 117 ਸੀ। ਸਾਲ 2023 ਵਿਚ ਇਹ ਅੰਕੜਾ ਘਟ ਕੇ 109 ਰਹਿ ਗਿਆ। ਹੁਣ ਚੀਨ ਵਿਚ 100 ਲੜਕੀਆਂ ਪਿੱਛੇ 106 ਲੜਕੇ ਹਨ। ਕੋਰੀਆ ਵਿਚ ਸਾਲ 2000 'ਚ ਇਹ ਅਨੁਪਾਤ 115 ਸੀ, ਜਿਹੜਾ ਕਿ ਹੁਣ ਘਟ ਕੇ 99 ਰਹਿ ਗਿਆ ਹੈ। ਇਹ ਅੰਕੜੇ ਸਪੱਸ਼ਟ ਦੱਸਦੇ ਹਨ ਕਿ ਮਾਪਿਆਂ ਦੀ ਲੜਕੀਆਂ ਪ੍ਰਤੀ ਚਾਹਤ ਵਧੀ ਹੈ।
ਮਾਤਾ-ਪਿਤਾ ਹੁਣ ਬੇਟੀਆਂ ਨੂੰ ਜ਼ਿਆਦਾ ਸਮਝਦਾਰ, ਸੰਵੇਦਨਸ਼ੀਲ ਅਤੇ ਘੱਟ ਦੁੱਖ ਦੇਣ ਵਾਲੀਆਂ ਮੰਨਣ ਲੱਗੇ ਹਨ। ਕਈ ਦੇਸ਼ਾਂ ਵਿਚ ਇਹ ਧਾਰਨਾ ਹੈ ਕਿ ਬੇਟੀਆਂ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਬਿਹਤਰ ਕਰਦੀਆਂ ਹਨ। ਜਦਕਿ ਬੇਟਿਆਂ ਨੂੰ ਪਾਲਣਾ ਮਹਿੰਗਾ ਅਤੇ ਚੁਣੌਤੀਆਂ ਭਰਿਆ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਕਈ ਸਦੀਆਂ ਪਹਿਲਾਂ ਹੀ ਵਿਸ਼ਵ ਭਰ ਨੂੰ ਸੁਨੇਹਾ ਦਿੱਤਾ ਸੀ ਕਿ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਗੁਰੂ ਸਾਹਿਬ ਨੇ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲਿਆਂ ਨੂੰ ਵੰਗਾਰਿਆ ਹੀ ਨਹੀਂ, ਸਗੋਂ ਸਮਾਜ ਵਿਚ ਔਰਤ ਦੀ ਮਹੱਤਤਾ ਦਾ ਅਹਿਸਾਸ ਵੀ ਕਰਾਇਆ। ਚੀਨ ਵਿਚ ਬੇਟੇ ਦਾ ਵਿਆਹ ਕਰਨ ਤੋਂ ਪਹਿਲਾਂ ਉਸ ਲਈ ਘਰ ਖ਼ਰੀਦਣਾ ਜ਼ਰੂਰੀ ਹੁੰਦਾ ਹੈ, ਜੋ ਮਾਪਿਆਂ 'ਤੇ ਬੇਲੋੜਾ ਬੋਝ ਹੈ। ਅਮਰੀਕਾ ਵਿਚ 25 ਤੋਂ 30 ਸਾਲ ਦੇ 20 ਫ਼ੀਸਦੀ ਲੜਕੇ ਮਾਪਿਆਂ ਨਾਲ ਰਹਿੰਦੇ ਹਨ, ਜਦਕਿ ਧੀਆਂ ਦਾ ਇਹ ਅੰਕੜਾ 40 ਫ਼ੀਸਦੀ ਹੈ।
ਲੜਕਿਆਂ ਨਾਲ ਜੁੜੀਆਂ ਸਮਾਜਿਕ ਸਮੱਸਿਆਵਾਂ ਤੇ ਚਿੰਤਾਵਾਂ ਵਧ ਰਹੀਆਂ ਹਨ। ਅਮੀਰ ਦੇਸ਼ਾਂ ਵਿਚ ਅੱਲ੍ਹੜ ਉਮਰ ਦੇ ਲੜਕਿਆਂ ਦੇ ਅਪਰਾਧ, ਖ਼ੁਦਕੁਸ਼ੀਆਂ ਅਤੇ ਸਕੂਲ ਤੋਂ ਬਾਹਰ ਕੱਢਣ ਦੀ ਦਰ ਲੜਕੀਆਂ ਨਾਲੋਂ ਕਿਤੇ ਜ਼ਿਆਦਾ ਹੈ। ਜੇਲ੍ਹਾਂ 'ਚ 93 ਫ਼ੀਸਦੀ ਕੈਦੀ ਪੁਰਸ਼ ਹਨ। ਵਿਕਸਿਤ ਦੇਸ਼ਾਂ 'ਚ 94 ਫ਼ੀਸਦੀ ਔਰਤਾਂ ਉੱਚ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਜਦਕਿ 41 ਫ਼ੀਸਦੀ ਲੜਕੇ ਯੂਨੀਵਰਸਿਟੀ ਦੀ ਪੜ੍ਹਾਈ ਤੱਕ ਪਹੁੰਚਦੇ ਹਨ।
ਅਮਰੀਕਾ ਵਿਚ ਆਈ.ਵੀ.ਐਫ. ਰਾਹੀਂ ਬੱਚੇ ਚਾਹੁਣ ਵਾਲੇ 80 ਫ਼ੀਸਦੀ ਜੋੜੇ ਧੀਆਂ ਦੀ ਚੋਣ ਕਰਦੇ ਹਨ। ਇੰਗਲੈਂਡ 'ਚ ਵੀ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਮੰਗ ਜ਼ਿਆਦਾ ਹੈ। ਉੱਥੇ ਗੋਦ ਲੈਣ ਵੇਲੇ ਲੜਕੀਆਂ ਨੂੰ ਵਧੇਰੇ ਪਹਿਲ ਦਿੱਤੀ ਜਾਣ ਲੱਗੀ ਹੈ। ਜਾਪਾਨ ਵਿਚ ਜ਼ਿਆਦਾਤਰ ਜੋੜੇ ਇਕ ਬੱਚਾ ਚਾਹੁੰਦੇ ਹਨ ਤੇ ਉਹ ਵੀ ਬੇਟੀ। ਅਮਰੀਕਾ ਦੇ ਸਕੈਂਡੇਨੇਵੀਆ 'ਚ ਪਹਿਲਾ ਬੱਚਾ ਬੇਟੀ ਪੈਦਾ ਹੋ ਜਾਵੇ ਤਾਂ ਮਾਪੇ ਦੂਸਰੇ ਬੱਚੇ ਦੀ ਇੱਛਾ ਨਹੀਂ ਰੱਖਦੇ।
ਇਕ ਹੋਰ ਰਿਪੋਰਟ ਅਨੁਸਾਰ ਏਸ਼ੀਆ ਦੇ ਛੇ ਦੇਸ਼ਾਂ 'ਚ ਲਿੰਗ ਅਸੰਤੁਲਨ ਕਾਰਨ ਜਬਰ ਜਨਾਹ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਸਰੀਰਕ ਤੇ ਮਾਨਸਿਕ ਪੱਖੋਂ ਤੇਜ਼ੀ ਨਾਲ ਵਿਕਾਸ ਕਰਦੀਆਂ ਹਨ। ਇਕ ਵੱਖਰੀ ਰਿਪੋਰਟ ਅਨੁਸਾਰ ਭਾਰਤ ਦੀਆਂ ਸਭ ਤੋਂ 10 ਸ਼ਕਤੀਸ਼ਾਲੀ ਔਰਤਾਂ ਇਕ ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ਹਨ। ਇਹ ਦੌਲਤ ਉਨ੍ਹਾਂ ਨੇ ਆਪਣੇ ਦਮ 'ਤੇ ਕਮਾਈ ਹੈ। ਇਸ ਰਿਪੋਰਟ 'ਚ ਇਕ ਹੋਰ ਅਹਿਮ ਪੱਖ ਵੀ ਉਜਾਗਰ ਕੀਤਾ ਗਿਆ ਹੈ ਕਿ ਭਾਰਤ ਵਿਚ 12 ਲੱਖ ਕਰੋੜ ਦੀ ਸਨਅਤ ਨੂੰ ਔਰਤਾਂ ਅਗਵਾਈ ਦੇ ਰਹੀਆਂ ਹਨ। ਇਕ ਹੋਰ ਮਹੱਤਵਪੂਰਨ ਤੱਤ ਵੀ ਸਾਹਮਣੇ ਆਇਆ ਹੈ ਕਿ ਜਿਹੜੀਆਂ ਕੰਪਨੀਆਂ ਦੀਆਂ ਮੁਖੀ ਔਰਤਾਂ ਹਨ, ਉਹ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ।
ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹ ਬਦਲਾਅ ਔਰਤਾਂ ਨੂੰ ਵੱਧ ਅਧਿਕਾਰ ਤੇ ਆਰਥਿਕ ਆਜ਼ਾਦੀ ਮਿਲਣ ਤੋਂ ਬਾਅਦ ਹੀ ਤੇਜ਼ੀ ਨਾਲ ਆਇਆ ਹੈ। ਬੇਟੀਆਂ ਦੀ ਚਾਹਤ ਰੱਖਣ ਵਾਲਿਆਂ ਦੇ ਸਿਰਫ਼ ਅੰਕੜੇ ਬਦਲਣਾ ਹੀ ਖ਼ੁਸ਼ੀ ਵਾਲੀ ਗੱਲ ਨਹੀਂ ਹੈ, ਸਗੋਂ ਇਹ ਸਮਾਜਿਕ ਸੋਚ ਵਿਚ ਬਦਲਾਅ ਦਾ ਵੀ ਸੰਕੇਤ ਹੈ। ਲੜਕੀਆਂ ਦੀ ਚਾਹਤ ਦੇ ਚਲਦਿਆਂ ਲੜਕਿਆਂ ਨੂੰ ਉਲਾਂਭੇ ਦਿੰਦੇ ਰਹਿਣਾ ਵੀ ਸਮਾਜ ਲਈ ਹਾਂ-ਪੱਖੀ ਵਰਤਾਰਾ ਨਹੀਂ ਮੰਨਿਆ ਜਾ ਸਕਦਾ। ਇਕ ਸੰਤੁਲਿਤ ਪਰਿਵਾਰ ਤੇ ਸਮਾਜ ਕਿਸੇ ਵੀ ਸੂਰਤ ਵਿਚ ਲੜਕੀਆਂ ਤੇ ਲੜਕਿਆਂ ਦੀ ਮਹੱਤਤਾ ਤੇ ਲੋੜ ਨੂੰ ਇਕ-ਦੂਜੇ ਨਾਲੋਂ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ, ਕਿਉਂਕਿ ਗੱਡੀ ਨੂੰ ਸੁਖਾਂਵਿਆਂ ਰੇੜ੍ਹਨ ਲਈ ਦੋਵੇਂ ਪਹੀਆਂ ਦਾ ਬਰਾਬਰ ਚੱਲਣਾ ਜ਼ਰੂਰੀ ਹੁੰਦਾ ਹੈ।

-ਪਿੰਡ+ਡਾਕ-ਉੜਾਪੜ, ਜ਼ਿਲ੍ਹਾ ਨਵਾਂਸ਼ਹਿਰ।
ਮੋਬਾ: 9814734035

ਪਿਛਲੀ ਖ਼ਬਰ ਸਿੱਖ ਭਾਈਚਾਰੇ ਨੂੰ ਸੋਚ ਸਮਝ ਕੇ ਚੱਲਣ ਦੀ ਲੋੜ ਅਗਲੀ ਖ਼ਬਰ ਕੀ ਅਮਰੀਕਾ ਸੱਚਮੁੱਚ ਫਿਰ ਤੋਂ 'ਮਹਾਨ' ਬਣ ਰਿਹਾ ਹੈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।