28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕੀ ਅਮਰੀਕਾ ਸੱਚਮੁੱਚ ਫਿਰ ਤੋਂ 'ਮਹਾਨ' ਬਣ ਰਿਹਾ ਹੈ?

ਅਜੀਤ ਡੈਸਕ 20-06-2025

ਲੰਮੇ ਸਮੇਂ ਤੱਕ ਦੁਨੀਆ ਦੇ ਬਹੁ ਗਿਣਤੀ ਲੋਕਾਂ ਦੀ ਇਹ ਧਾਰਨਾ ਰਹੀ ਹੈ ਕਿ ਖੁਸ਼ਹਾਲ ਜੀਵਨ ਜਿਉਣ ਤੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਅਮਰੀਕਾ ਦੀ ਧਰਤੀ 'ਤੇ ਵਸਿਆ ਜਾਵੇ। ਸਦੀਆਂ ਤੋਂ ਦੁਨੀਆਂ ਭਰ ਦੇ ਦੇਸ਼ਾਂ ਦੇ ਲੋਕ ਅਮਰੀਕਾ ਨੂੰ ਵਿਕਾਸ ਤੇ ਤਰੱਕੀ ਦੇ ਅਵਸਰ ਪ੍ਰਦਾਨ ਕਰਨ ਵਾਲੀ ਧਰਤੀ ਵਜੋਂ ਵੇਖਦੇ ਸਨ। ਪਰ ਹੁਣ ਪ੍ਰਵਾਸੀਆਂ ਦੇ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ, ਲਾਸ ਏਂਜਲਸ ਦੀਆਂ ਗਲੀਆਂ, ਕਾਲਜ ਕੈਂਪਸਾਂ, ਇੱਥੋਂ ਤੱਕ ਕਿ ਚਰਚਾਂ ਨੂੰ ਵੀ ਹਿਲਾ ਹੀ ਨਹੀਂ ਰਹੀ, ਸਗੋਂ ਅਮਰੀਕਾ ਆਉਣ ਦੇ ਫਾਇਦਿਆਂ ਅਤੇ ਵਾਅਦਿਆਂ ਬਾਰੇ ਇਕ ਵਿਸ਼ਵਵਿਆਪੀ ਪੁਨਰ ਵਿਚਾਰ ਨੂੰ ਵੀ ਜਨਮ ਦੇ ਰਹੀ ਹੈ।
ਅੱਜ-ਕੱਲ੍ਹ ਵਾਸ਼ਿੰਗਟਨ ਇਹ ਕਹਿੰਦਾ ਲੱਗ ਰਿਹਾ ਹੈ ਕਿ ਹੁਣ ਤੁਹਾਡਾ ਅਮਰੀਕਾ ਵਿਚ ਸਵਾਗਤ ਨਹੀਂ ਹੈ। ਸਟੱਡੀ ਪੋਰਟਲ ਦੇ ਸੀਈਓ ਐਡਵਿਨ ਵੈਨ ਰੈਸਟ, ਜੋ ਦੂਜੇ ਦੇਸ਼ਾਂ ਵਿਚ ਪੜ੍ਹਾਈ ਕਰਨ ਬਾਰੇ ਵਿਚਾਰ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਸਲ-ਸਮੇਂ ਦੀਆਂ ਖੋਜਾਂ ਨੂੰ ਟਰੈਕ ਕਰਦਾ ਹੈ, ਨੇ ਕਿਹਾ ਹੈ ਕਿ 'ਕੋਵਿਡ-19' ਮਹਾਂਮਾਰੀ ਤੋਂ ਬਾਅਦ ਅਮਰੀਕਾ 'ਚ ਪੜ੍ਹਾਈ ਕਰਨ ਵਿਚ ਵਿਦਿਆਰਥੀਆਂ ਦੀ ਦਿਲਚਸਪੀ ਬਹੁਤ ਹੇਠਲੇ ਪੱਧਰ 'ਤੇ ਆ ਗਈ ਹੈ ਤੇ ਇਨ੍ਹਾਂ ਪਿੱਛੇ ਸੱਚ ਤੇ ਤੱਥ ਇਹ ਕੰਮ ਕਰ ਰਹੇ ਹਨ ਕਿ ਪੜ੍ਹਨ ਦੇ ਮੌਕੇ ਕਿਤੇ ਹੋਰ ਵੀ ਵਧੀਆ ਹੋ ਸਕਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਮੀਗ੍ਰੇਸ਼ਨ ਅਤੇ ਅਮਰੀਕਾ ਬਾਰੇ ਲੰਬੇ ਸਮੇਂ ਤੋਂ ਇਕ ਦਿਲਚਸਪ ਧਾਰਨਾ ਰਹੀ ਹੈ, ਪਰ ਹਕੀਕਤ ਹਮੇਸ਼ਾਂ ਵੱਖਰੀ ਵੇਖੀ ਗਈ ਹੈ। ਕਿਉਂਕਿ ਨਸਲ ਅਤੇ ਨਸਲੀਅਤ ਇਸ ਤਣਾਅ ਵਿਚ ਨਿਰਵਿਵਾਦ ਭੂਮਿਕਾ ਨਿਭਾਉਂਦੇ ਹਨ, ਕਿ ਕੌਣ ਇਕ ਅਮਰੀਕੀ ਹੋ ਸਕਦਾ ਹੈ? ਅਮਰੀਕਾ ਅਜੇ ਵੀ 'ਸਟੈਚੂ ਆਫ਼ ਲਿਬਰਟੀ' ਦੇ ਚੌਂਕ 'ਤੇ ਇਕੱਤਰ ਹੁੰਦੇ ਵੱਡੇ ਇਕੱਠਾਂ ਅਤੇ ਮਜ਼ਬੂਤ ਆਰਥਿਕਤਾ ਦੇ ਦਮ 'ਤੇ ਹਰ ਸਾਲ ਲੱਖਾਂ ਹੋਰ ਲੋਕਾਂ ਨੂੰ ਆਪਣੇ ਵੱਲ ਖਿੱਚਣ 'ਚ ਮਦਦ ਕਰਦਾ ਹੈ। ਇਸੇ ਕਾਰਨ ਅਮਰੀਕਾ ਦੀ ਆਬਾਦੀ 340 ਮਿਲੀਅਨ ਤੋਂ ਵੱਧ ਹੋ ਗਈ ਹੈ। ਹੁਣ ਸੈਰ-ਸਪਾਟਾ, ਵਪਾਰ, ਮਨੋਰੰਜਨ ਅਤੇ ਸਿੱਖਿਆ ਵਰਗੇ ਉਦਯੋਗਾਂ ਵਿਚਲੇ ਭੇਦ ਇਹ ਦੱਸ ਰਹੇ ਹਨ ਕਿ ਇਥੇ ਆਉਣ ਵਾਲੇ ਵਿਦੇਸ਼ੀ ਲੋਕਾਂ ਲਈ ਅਮਰੀਕੀ ਸੁਪਨਾ ਫਿੱਕਾ ਪੈ ਰਿਹਾ ਹੈ।
ਇਹ ਮਹੌਲ ਹਰਗਿਜ਼ ਉਚਿਤ ਨਹੀਂ ਹੈ ਕਿ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਗੈਵਿਨ ਵਲੋਂ ਲਾਸ ਏਂਜਲਸ ਵਿਚ ਫੌਜਾਂ ਦੀ ਤਾਇਨਾਤੀ ਦੇ ਕੀਤੇ ਗਏ ਵਿਰੋਧ ਦੇ ਮੁੱਦੇ ਨੂੰ ਟਰੰਪ ਮੁੜ ਤੋਂ ਸੁਰਜੀਤ ਕਰ ਰਹੇ ਹਨ। ਉਹ ਇਸ ਕਰਕੇ ਵੀ ਕਿ ਨਿਊਸਮ ਡੈਮੋਕ੍ਰੇਟਿਕ ਪਾਰਟੀ ਵਲੋਂ ਅਗਲੇ ਸੰਭਾਵੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣ ਸਕਦੇ ਹਨ। ਉਧਰ ਜਿਵੇਂ ਹੀ ਟਰੰਪ ਜੀ-7 ਸੰਮੇਲਨ ਵਿਚ ਜਾਂਦੇ ਹਨ, ਦੂਜੇ ਵਿਸ਼ਵ ਨੇਤਾ ਇਹ ਦਿਖਾਉਣ ਦਾ ਯਤਨ ਕਰਦੇ ਹਨ, ਕਿ ਉਹ ਉਸ ਤੋਂ ਡਰੇ ਹੋਏ ਨਹੀਂ ਹਨ। ਪਿਊ ਰਿਸਰਚ ਸੈਂਟਰ ਦੁਆਰਾ ਜਨਵਰੀ ਤੋਂ ਅਪ੍ਰੈਲ ਤੱਕ ਕੀਤੇ ਗਏ ਸਰਵੇਖਣਾਂ ਨਾਲ ਇਹ ਤੱਥ ਸਾਹਮਣੇ ਆਏ ਹਨ ਕਿ ਪਿਛਲੇ ਸਾਲ ਅਮਰੀਕੀ ਵਿਚਾਰਧਾਰਾ ਦੇ ਸਮਰਥਨ ਵਾਲੇ 24 ਦੇਸ਼ਾਂ ਵਿਚੋਂ 15 ਨਾਲ ਟਰੰਪ ਸਰਕਾਰ ਦਾ ਵਿਗਾੜ ਪੈ ਗਿਆ ਹੈ।
ਟਰੰਪ ਅਤੇ ਉਸਦੇ ਬਹੁਤ ਸਾਰੇ ਸਮਰਥਕ ਮੰਨਦੇ ਹਨ ਕਿ ਦੇਸ਼ ਵਿਚ ਪ੍ਰਵਾਸੀ ਗੈਰ-ਕਾਨੂੰਨੀ ਤੌਰ 'ਤੇ ਅਮਰੀਕੀ ਸੁਰੱਖਿਆ, ਨੌਕਰੀਆਂ ਅਤੇ ਸੱਭਿਆਚਾਰ ਲਈ ਖ਼ਤਰਾ ਹਨ ਪਰ ਦੇਸ਼ ਵਿਚ ਕਾਨੂੰਨੀ ਤੌਰ 'ਤੇ ਰਹਿੰਦੇ ਲੋਕ ਵੀ ਟਰੰਪ ਵਲੋਂ ਖੜ੍ਹੀਆਂ ਕੀਤੀਆਂ ਮੁਸ਼ਕਿਲਾਂ ਵਿਚ ਫਸ ਗਏ ਹਨ ਅਤੇ ਅਮਰੀਕਾ ਆਉਣ ਵਾਲੇ ਸੰਭਾਵੀ ਸੈਲਾਨੀਆਂ ਅੰਦਰ ਡਰ ਵਧ ਰਿਹਾ ਹੈ। ਇਸੇ ਕਰਕੇ ਹੁਣ ਸੈਲਾਨੀ ਅਮਰੀਕਾ ਦੇ ਆਜ਼ਾਦੀ ਦਿਵਸ ਮੌਕੇ 4 ਜੁਲਾਈ ਨੂੰ ਛੁੱਟੀਆਂ ਦਾ ਜੋਖਮ ਲੈਣ ਤੋਂ ਵੀ ਝਿਜਕ ਰਹੇ ਹਨ ਕਿ ਜਾਈਏ ਜਾਂ ਨਾ!
ਵੇਖਿਆ ਜਾਵੇ ਤਾਂ ਆਪਣੇ ਇਤਿਹਾਸ ਦੇ ਬਹੁਤੇ ਸਮੇਂ ਵਿਚ ਅਮਰੀਕਾ ਨੇ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕੀਤਾ ਸੀ, ਕਿਉਂਕਿ ਦੇਸ਼ ਨੇ ਆਪਣੇ ਵਿਕਾਸ ਨੂੰ ਪ੍ਰਫੁੱਲਤ ਕਰਨ ਲਈ ਬੌਧਿਕ ਅਤੇ ਆਰਥਿਕ ਸਾਧਨਾਂ ਦੀ ਤਲਾਸ਼ ਕੀਤੀ ਸੀ। ਪਰ ਸ਼ੁਰੂ ਤੋਂ ਹੀ ਅਮਰੀਕਾ ਇਸ ਸਵਾਲ ਨਾਲ ਵੀ ਦੋ ਹੱਥ ਹੋ ਰਿਹਾ ਹੈ, ਕਿ ਕਿਸ ਨੂੰ ਅਮਰੀਕੀ ਹੋਣ ਦੀ ਇਜਾਜ਼ਤ ਹੈ? ਨਵਾਂ ਅਮਰੀਕਾ, ਇਸ ਦੇ ਮੂਲ ਅਮਰੀਕੀਆਂ ਤੋਂ ਬੇਰਹਿਮੀ ਨਾਲ ਖੋਹੀ ਗਈ ਜ਼ਮੀਨ 'ਤੇ ਬਣਾਇਆ ਗਿਆ ਸੀ, ਜੋ ਬਾਅਦ ਵਿਚ ਲੱਖਾਂ ਗੁਲਾਮ ਅਫਰੀਕੀ ਲੋਕਾਂ ਦੁਆਰਾ ਆਬਾਦ ਕੀਤਾ ਗਿਆ। ਫਿਰ ਵੀ ਅਮਰੀਕਾ ਹਮੇਸ਼ਾ ਪ੍ਰਵਾਸੀਆਂ ਦਾ ਇਕ ਦੇਸ਼ ਰਿਹਾ ਹੈ, ਜੋ ਥਾਮਸ ਜੈਫਰਸਨ ਦੁਆਰਾ ਵਿਕਸਤ ਕੀਤੇ ਗਏ 'ਅਮਰੀਕੀ ਧਰਮ' ਦੁਆਰਾ ਚਲਾਇਆ ਜਾਂਦਾ ਹੈ, ਜੋ ਇਹ ਮੰਨਦਾ ਹੈ ਕਿ ਸਮਾਨਤਾ, ਸਖ਼ਤ ਮਿਹਨਤ ਅਤੇ ਆਜ਼ਾਦੀ ਦੇ ਸਿਧਾਂਤ ਦੀ ਮੂਲ ਰੂਪ ਵਿਚ ਕਦਰ ਕਰਨ ਵਾਲੇ ਹੀ ਅਮਰੀਕੀ ਹਨ।
ਦੂਜੇ ਪਾਸੇ ਗੈਰ-ਪੱਖਪਾਤੀ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਪ੍ਰਧਾਨ ਐਂਡਰਿਊ ਸੇਲੀ ਨੇ ਵੀ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਅਪਰਾਧਿਕ ਸਜ਼ਾਵਾਂ ਵਾਲੇ ਲੋਕਾਂ 'ਤੇ ਧਿਆਨ ਕੇਂਦਰਿਤ ਕਰਕੇ ਆਪਣੀ ਇਮੀਗ੍ਰੇਸ਼ਨ ਕਾਰਵਾਈ ਸ਼ੁਰੂ ਕੀਤੀ। ਪਰ ਇਹ ਪਿਛਲੇ ਦੋ ਹਫ਼ਤਿਆਂ ਵਿਚ ਕੰਮਾਂ ਵਾਲੀਆਂ ਥਾਵਾਂ 'ਤੇ ਛਾਪਿਆਂ ਵਿਚ ਬਦਲ ਗਈ ਹੈ। ਉਹ ਉਨ੍ਹਾਂ ਮਿਹਨਤੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਅਮਰੀਕੀ ਸਮਾਜ ਲਈ ਸਭ ਤੋਂ ਵੱਧ ਫਾਇਦੇਮੰਦ ਹਨ। ਮੌਜੂਦਾ ਇਮੀਗ੍ਰੇਸ਼ਨ ਅਪ੍ਰੇਸ਼ਨ ਕੋਵਿਡ ਤੋਂ ਵੀ ਭਿਆਨਕ ਲਗਦਾ ਹੈ, ਜੋ ਹਰ ਇਕ ਦੇ ਕਾਰੋਬਾਰ ਨੂੰ ਤਬਾਹ ਕਰ ਰਿਹਾ ਹੈ। ਇਮੀਗ੍ਰੇਸ਼ਨ ਲਾਗੂ ਕਰਨਾ ਜਿੰਨਾ ਜ਼ਿਆਦਾ ਵੱਡਾ ਤੇ ਔਖਾ ਕਾਰਜ ਹੈ, ਓਨਾ ਹੀ ਇਹ ਅਮਰੀਕੀ ਅਰਥ-ਵਿਵਸਥਾ ਦੀਆਂ ਚੂਲਾਂ ਢਿੱਲੀਆਂ ਕਰਨ ਵਾਲਾ ਅਮਲ ਵੀ ਸਾਬਤ ਹੋ ਰਿਹਾ ਹੈ।
1882 ਦੇ ਸੰਘੀ ਚੀਨੀ ਬੇਦਖਲੀ ਐਕਟ ਨੇ ਇਕ ਦਹਾਕੇ ਲਈ ਚੀਨੀ ਮਜ਼ਦੂਰਾਂ ਲਈ ਇਮੀਗ੍ਰੇਸ਼ਨ 'ਤੇ ਪਾਬੰਦੀ ਲਗਾ ਦਿੱਤੀ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਅਮਰੀਕੀ ਸਰਕਾਰ ਨੇ 10 ਨਜ਼ਰਬੰਦੀ ਕੈਂਪਾਂ ਵਿਚ ਜਾਪਾਨੀ ਮੂਲ ਦੇ ਲਗਭਗ 120,000 ਲੋਕਾਂ ਨੂੰ ਕੈਦ ਕੀਤਾ ਸੀ, ਜੋ ਲਗਭਗ ਦੋ-ਤਿਹਾਈ ਅਮਰੀਕੀ ਨਾਗਰਿਕ ਸਨ। ਇਹ ਵੀ ਇਕ ਤੱਥ ਹੀ ਹੈ ਕਿ ਇਸ ਮਹੀਨੇ ਓਵਲ ਦਫਤਰ ਵਿਚ ਕੈਮਰੇ ਸਾਹਮਣੇ ਜਦੋਂ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੇ ਰਾਸ਼ਟਰਪਤੀ ਨੂੰ ਟਰੰਪ ਦੇ ਦਾਦਾ, ਜਿਸਦਾ ਨਾਮ ਵੀ ਫ੍ਰੈਡਰਿਕ ਸੀ, ਦਾ ਫਰੇਮ ਕੀਤਾ ਜਨਮ ਸਰਟੀਫਿਕੇਟ ਦਿੱਤਾ, ਜੋ 1885 (19ਵੀਂ ਸਦੀ) ਵਿਚ ਜਰਮਨੀ ਤੋਂ ਪ੍ਰਵਾਸ ਕਰਕੇ ਇਥੇ ਆਇਆ ਸੀ। ਇਹ ਉਹ ਕਹਾਣੀ ਹੈ, ਜਿਸ ਬਾਰੇ ਟਰੰਪ ਪਰਿਵਾਰ ਪ੍ਰਵਾਸੀਆਂ ਦੀਆਂ ਜਿੱਤਾਂ ਅਤੇ ਲੋਕਾਂ ਨੂੰ ਕੱਢੇ ਜਾਣ ਦੇ ਸੰਘਰਸ਼ ਦੇ ਦੋਵੇਂ ਪੱਖਾਂ ਤੋਂ ਚੰਗੀ ਤਰ੍ਹਾਂ ਜਾਣਦਾ ਹੈ।
ਅਮਰੀਕਾ ਵਿਚ ਵਿਆਹ ਕਰਨ ਅਤੇ ਅਮੀਰ ਬਣਨ ਤੋਂ ਬਾਅਦ, ਵੱਡੇ ਟਰੰਪ ਨੇ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ ਸੀ ਅਤੇ ਫਿਰ ਜਰਮਨੀ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਵਲੋਂ ਆਪਣੀ ਫੌਜੀ ਸੇਵਾ ਪੂਰੀ ਕਰਨ ਵਿਚ ਅਸਫ਼ਲ ਰਹਿਣ ਕਾਰਨ ਅਤੇ ਜਰਮਨ ਵਿਚੋਂ ਕੱਢੇ ਜਾਣ ਕਾਰਨ ਉਸ ਦੀ ਵਾਪਸੀ ਸੰਭਵ ਨਾ ਹੋਈ ਤੇ ਉਸ ਨੂੰ ਮੁੜ ਅਮਰੀਕਾ ਪਰਤਣਾ ਪਿਆ। ਇਸ ਸੰਬੰਧੀ ਫ੍ਰੈਡਰਿਕ ਟਰੰਪ ਨੇ ਲੁਇਟਪੋਲਡ, ਪ੍ਰਿੰਸ ਰੀਜੈਂਟ ਨੂੰ ਲਿਖਿਆ ਸੀ, ਕਿ ਸਾਨੂੰ ਦੇਸ਼ ਨਿਕਾਲਾ ਕਿਉਂ ਦਿੱਤਾ ਜਾਣਾ ਚਾਹੀਦਾ ਹੈ? ਇਹ ਇਕ ਪਰਿਵਾਰ ਲਈ ਬਹੁਤ ਔਖਾ ਹੈ।
ਸੁਭਾਅ 'ਚ ਤਬਦੀਲੀ
ਗ਼ੈਰ-ਕਾਨੂੰਨੀ ਰਹਿ ਰਹੇ ਲੋਕਾਂ ਤੱਕ ਪਹੁੰਚਣ ਦੇ ਪ੍ਰਸ਼ਾਸਨ ਦੇ ਨਵੇਂ ਕਾਨੂੰਨੀ ਅਧਿਕਾਰ ਨੇ ਅਮਰੀਕਾ ਵਿਚ ਰਹਿ ਰਹੇ ਵੱਡੀ ਗਿਣਤੀ ਵਿਚ ਉਨ੍ਹਾਂ ਲੋਕਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਨ੍ਹਾਂ ਕੋਲ ਕੋਈ ਇਮੀਗ੍ਰੇਸ਼ਨ ਸਟੇਟਸ ਤਾਂ ਨਹੀਂ ਸੀ ਪਰ ਉਹ ਟੈਕਸ ਰਿਟਰਨਾਂ ਭਰਦੇ ਰਹੇ ਤੇ ਫੈਡਰਲ ਸਰਕਾਰ ਨੂੰ ਸਾਲਾਨਾ ਬਿਲੀਅਨ ਡਾਲਰਾਂ ਦਾ ਭੁਗਤਾਨ ਟੈਕਸ ਦੇ ਰੂਪ ਵਿਚ ਕਰਦੇ ਰਹੇ। ਪਰ ਹੁਣ ਨਵੀਂ ਅਦਾਲਤੀ ਫਾਈਲਿੰਗ ਅਨੁਸਾਰ, ਆਈ. ਆਰ.ਐਸ. (ਇੰਟਰਨਲ ਰੈਵੀਨਿਊ ਸਰਵਿਸ) ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਵਿਰੁੱਧ ਟਰੰਪ ਪ੍ਰਸ਼ਾਸਨ ਦੀ ਕਾਰਵਾਈ 'ਚ ਮਦਦ ਕਰਨ ਲਈ ਗੁਪਤ ਟੈਕਸਦਾਤਾ ਡੇਟਾ ਸਾਂਝਾ ਕਰਨ ਲਈ ਸਹਿਮਤ ਹੋ ਗਿਆ ਹੈ। ਹੁਣ ਆਈ.ਆਰ.ਐਸ. ਅਤੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਦੇ ਅਧਿਕਾਰੀ ਹਫ਼ਤਿਆਂ ਤੋਂ ਇਕ ਵਿਵਸਥਾ ਤਿਆਰ ਕਰਨ ਲਈ ਕੰਮ ਕਰ ਰਹੇ ਹਨ, ਜਿਸ ਦੇ ਤਹਿਤ ਇਮੀਗ੍ਰੇਸ਼ਨ ਅਧਿਕਾਰੀ ਟੈਕਸ ਏਜੰਸੀ ਤੋਂ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਬਾਰੇ ਜਾਣਕਾਰੀ ਮੰਗ ਸਕਦੇ ਹਨ, ਜਿਵੇਂ ਕਿ ਉਨ੍ਹਾਂ ਦੇ ਘਰ ਦੇ ਪਤੇ ਆਦਿ। ਜਿਸ ਨਾਲ ਉਨ੍ਹਾਂ ਨੂੰ ਲੱਭ ਕੇ ਦੇਸ਼ ਨਿਕਾਲਾ ਦੇਣਾ ਤਾਂ ਸੁਖਾਲਾ ਹੋ ਜਾਵੇਗਾ ਪਰ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਆਰਥਿਕ ਝਟਕਾ ਲੱਗਣਾ ਸੁਭਾਵਿਕ ਹੈ।

-ਈ-ਮੇਲ : ashokbhaura@gmail.com

ਪਿਛਲੀ ਖ਼ਬਰ ਮਾਪਿਆਂ ਦੀ ਪਹਿਲੀ ਚਾਹਤ ਬਣੀਆਂ ਧੀਆਂ ਅਗਲੀ ਖ਼ਬਰ ਮੱਧ ਪੂਰਬ-ਇਜ਼ਰਾਈਲ ਈਰਾਨ ਦੀ ਜੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।