ਮੱਧ ਪੂਰਬ, ਜਿਸ ਵਿਚ ਲੀਬੀਆ, ਇਰਾਕ, ਈਰਾਨ, ਜਾਰਡਨ, ਸਾਊਦੀ ਅਰਬ, ਬਹਿਰੀਨ, ਕੁਵੈਤ, ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਈਲ ਆਦਿ ਦੇਸ਼ ਸ਼ਾਮਿਲ ਹਨ, ਦੇ ਖਿੱਤੇ ਵਿਚ ਹੁਣ ਇਜ਼ਰਾਈਲ ਅਤੇ ਈਰਾਨ ਵਿਚਕਾਰ ਹਫ਼ਤੇ ਭਰ ਤੋਂ ਜੰਗ ਬੇਹੱਦ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਇਸ ਖਿੱਤੇ ਵਿਚ ਇਜ਼ਰਾਈਲ 80 ਕੁ ਸਾਲ ਪਹਿਲਾਂ ਹੋਂਦ ਵਿਚ ਆਇਆ ਸੀ, ਇਸ ਨੂੰ ਅਰਬ ਮੁਲਕਾਂ ਨਾਲ ਵੱਡੇ ਟਕਰਾਅ 'ਚੋਂ ਗੁਜ਼ਰਨਾ ਪਿਆ। ਸਮੇਂ-ਸਮੇਂ ਬਹੁਤੇ ਅਰਬ ਮੁਲਕਾਂ ਨੇ ਇਜ਼ਰਾਈਲ ਨਾਲ ਸਮਝੌਤੇ ਕਰ ਲਏ, ਪਰ ਈਰਾਨ ਅਤੇ ਉਸ ਦੇ ਕੁਝ ਹੋਰ ਭਾਈਵਾਲ ਮੁਲਕਾਂ ਨੇ ਇਜ਼ਰਾਈਲ ਦਾ ਵਿਰੋਧ ਜਾਰੀ ਰੱਖਿਆ। ਈਰਾਨ ਨੇ ਤਾਂ ਪਿਛਲੇ ਲਗਭਗ ਸਾਢੇ ਚਾਰ ਦਹਾਕਿਆਂ ਤੋਂ ਇਜ਼ਰਾਈਲ ਦਾ ਖ਼ੁਰਾ-ਖੋਜ ਮਿਟਾ ਦੇਣ ਦਾ ਐਲਾਨ ਕੀਤਾ ਹੋਇਆ ਹੈ। ਉੱਥੋਂ ਦੀ ਸਰਕਾਰ ਸਮਝਦੀ ਹੈ ਕਿ ਯੂਰਪੀਅਨਾਂ ਖ਼ਾਸ ਤੌਰ 'ਤੇ ਅੰਗਰੇਜ਼ਾਂ ਨੇ ਇਜ਼ਰਾਈਲ ਦੇ ਇਸ ਖਿੱਤੇ 'ਤੇ ਦੁਨੀਆ ਭਰ ਦੇ ਯਹੂਦੀਆਂ ਨੂੰ ਲਿਆ ਕੇ ਵਸਾ ਦਿੱਤਾ, ਜਦੋਂ ਕਿ ਇਸ ਧਰਤੀ ਦੇ ਪਹਿਲੇ ਹੱਕਦਾਰ ਫ਼ਿਲਸਤੀਨ ਦੇ ਲੋਕ ਹਨ, ਜਿਨ੍ਹਾਂ ਨੂੰ ਇੱਥੋਂ ਧੱਕੇ ਨਾਲ ਕੱਢ ਕੇ ਵੱਖ-ਵੱਖ ਦੇਸ਼ਾਂ ਵਿਚ ਸ਼ਰਨਾਰਥੀ ਬਣਨ ਲਈ ਮਜਬੂਰ ਕਰ ਦਿੱਤਾ ਗਿਆ ਸੀ।
ਸਾਲ 1979 ਦੇ ਸਮੇਂ ਈਰਾਨ ਵਿਚ ਉੱਥੋਂ ਦੇ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦੀ ਹਕੂਮਤ ਦਾ ਤਖ਼ਤਾ ਪਲਟ ਕੇ ਰੋਹੁੱਲਾ ਖੁਮੈਨੀ ਦੀ ਕਮਾਂਡ ਹੇਠ ਈਰਾਨ ਨੂੰ ਮੁਸਲਿਮ ਦੇਸ਼ ਐਲਾਨ ਦਿੱਤਾ ਗਿਆ ਸੀ। ਉਸ ਸਮੇਂ ਤੋਂ ਹੀ ਇਜ਼ਰਾਈਲ ਤੇ ਈਰਾਨ ਦੀ ਦੁਸ਼ਮਣੀ ਜਾਰੀ ਹੈ। ਈਰਾਨ ਨੇ ਹਮਾਸ ਨਾਂਅ ਦੀ ਇਜ਼ਰਾਈਲ ਵਿਰੁੱਧ ਲੜ ਰਹੀ ਖਾੜਕੂ ਜਥੇਬੰਦੀ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ, ਜਿਸ ਨੇ ਦਸ ਕੁ ਸਾਲ ਪਹਿਲਾਂ ਗਾਜ਼ਾ ਪੱਟੀ 'ਤੇ ਅਧਿਕਾਰ ਜਮਾ ਲਿਆ ਸੀ, ਜਿੱਥੇ 25 ਕੁ ਲੱਖ ਦੇ ਕਰੀਬ ਫ਼ਿਲਸਤੀਨੀ ਲੋਕ ਰਹਿੰਦੇ ਹਨ। ਇਨ੍ਹਾਂ ਨੂੰ ਲਗਾਤਾਰ ਈਰਾਨ ਤੋਂ ਹਥਿਆਰ ਅਤੇ ਹੋਰ ਹਰ ਤਰ੍ਹਾਂ ਦੀ ਮਦਦ ਮਿਲਦੀ ਰਹੀ ਹੈ। ਇਸ ਤੋਂ ਇਲਾਵਾ ਈਰਾਨ ਨੇ ਲਿਬਨਾਨ ਵਿਚ ਬੜੇ ਮਜ਼ਬੂਤ ਖਾੜਕੂ ਗਰੁੱਪ ਹਿਜ਼ਬੁੱਲਾ ਨੂੰ ਵੀ ਇਜ਼ਰਾਈਲ ਦੇ ਖ਼ਿਲਾਫ਼ ਲਗਾਤਾਰ ਮਦਦ ਦਿੱਤੀ ਹੈ। ਇਸੇ ਹੀ ਤਰ੍ਹਾਂ ਯਮਨ ਵਿਚ ਹੂਤੀਆਂ ਨੂੰ ਵੀ ਈਰਾਨ ਵਲੋਂ ਪੂਰੀ ਮਦਦ ਦਿੱਤੀ ਜਾਂਦੀ ਰਹੀ ਹੈ। ਈਰਾਨ ਕੋਲ ਵੱਡੀ ਮਾਤਰਾ ਵਿਚ ਤੇਲ ਅਤੇ ਕੁਦਰਤੀ ਖਣਿਜ ਪਦਾਰਥਾਂ ਦਾ ਭੰਡਾਰ ਹੈ, ਜਿਸ ਦੇ ਬਲਬੂਤੇ ਉਸ ਨੇ ਆਪਣੀ ਤਾਕਤ ਵਿਚ ਲਗਾਤਾਰ ਵਾਧਾ ਕੀਤਾ ਹੈ ਅਤੇ ਪਿਛਲੇ ਇਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਉਹ ਪ੍ਰਮਾਣੂ ਬੰਬ ਬਣਾਉਣ ਲਈ ਵੱਡੀ ਯੋਜਨਾਬੰਦੀ ਕਰਦਾ ਰਿਹਾ ਹੈ। ਇਸ ਤਿਆਰੀ ਨੂੰ ਇਜ਼ਰਾਈਲ ਆਪਣੀ ਹੋਂਦ ਲਈ ਲਗਾਤਾਰ ਖ਼ਤਰਾ ਮੰਨਦਾ ਰਿਹਾ ਹੈ।
ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਦੀ ਵੀ ਇਹੀ ਨੀਤੀ ਰਹੀ ਹੈ ਕਿ ਉਹ ਈਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਹਰ ਸੂਰਤ ਵਿਚ ਰੋਕੇ। ਮੱਧ ਪੂਰਬ ਦੇ ਬਹੁਤੇ ਦੇਸ਼ ਈਰਾਨ ਦੇ ਵਿਰੋਧ ਵਿਚ ਖੜ੍ਹੇ ਦਿਖਾਈ ਦਿੰਦੇ ਰਹੇ ਹਨ। ਇਨ੍ਹਾਂ 'ਚੋਂ ਬਹੁਤੇ ਮੁਸਲਿਮ ਅੱਤਵਾਦੀ ਸੰਗਠਨਾਂ ਨੂੰ ਆਪਣੇ ਦੇਸ਼ਾਂ ਲਈ ਵੱਡਾ ਖ਼ਤਰਾ ਮੰਨਦੇ ਰਹੇ ਹਨ। ਇਸੇ ਲਈ ਸਊਦੀ ਅਰਬ, ਕੁਵੈਤ, ਬਹਿਰੀਨ, ਜਾਰਡਨ ਅਤੇ ਸੰਯੁਕਤ ਅਰਬ ਅਮੀਰਾਤ ਨੇ ਲਗਾਤਾਰ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਸਾਥ ਦੇਣ ਦੀ ਗੁਹਾਰ ਲਗਾਈ ਹੈ। ਇਰਾਕ ਵਿਚ ਵੀ ਸੱਦਾਮ ਹੁਸੈਨ ਦੇ ਪਤਨ ਤੋਂ ਬਾਅਦ ਅਮਰੀਕਾ ਨੇ ਆਪਣੇ ਹਵਾਈ ਟਿਕਾਣੇ ਬਣਾਏ ਹੋਏ ਹਨ। ਇਨ੍ਹਾਂ ਸਾਰੇ ਹੀ ਦੇਸ਼ਾਂ ਵਿਚ ਅੱਜ ਅਮਰੀਕਾ ਦੇ 50,000 ਤੋਂ ਵੀ ਵਧੇਰੇ ਸੈਨਿਕ ਤਾਇਨਾਤ ਹਨ। ਇਸ ਦੇ ਨਾਲ ਹੀ ਇਨ੍ਹਾਂ ਦੇਸ਼ਾਂ ਦੇ ਸਮੁੰਦਰਾਂ ਵਿਚ ਵੀ ਅਮਰੀਕੀ ਬੇੜੇ ਲਗਾਤਾਰ ਗਸ਼ਤ ਕਰਦੇ ਰਹਿੰਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਈਰਾਨ ਨੂੰ ਆਪਣਾ ਪ੍ਰਮਾਣੂ ਪ੍ਰੋਗਰਾਮ ਛੱਡ ਦੇਣ ਦੀ ਚਿਤਾਵਨੀ ਦਿੱਤੀ ਸੀ। ਉਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੀਮਤ ਕਰਨ ਲਈ ਲੰਮੀ ਗੱਲਬਾਤ ਵੀ ਚਲਦੀ ਰਹੀ, ਜੋ ਕਿਸੇ ਸਿੱਟੇ 'ਤੇ ਨਹੀਂ ਸੀ ਪੁੱਜੀ, ਪਰ ਗੱਲਬਾਤ ਦਾ ਦੌਰ ਅਜੇ ਜਾਰੀ ਹੀ ਸੀ ਕਿ ਇਜ਼ਰਾਈਲ ਨੇ ਈਰਾਨ ਤੋਂ ਪ੍ਰਮਾਣੂ ਖ਼ਤਰਾ ਭਾਂਪਦਿਆਂ ਉਸ ਦੇ ਫ਼ੌਜੀ ਤੇ ਪ੍ਰਮਾਣੂ ਟਿਕਾਣਿਆਂ ਦੇ ਨਾਲ-ਨਾਲ ਵੱਡੇ ਅਧਿਕਾਰੀਆਂ ਅਤੇ ਪ੍ਰਮਾਣੂ ਵਿਗਿਆਨੀਆਂ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਅਤੇ ਮਿਜ਼ਾਈਲ ਹਮਲਿਆਂ ਨਾਲ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ। ਦੋਹਾਂ ਦੇਸ਼ਾਂ ਵਿਚ ਇਹ ਲੜਾਈ ਇਸ ਕਰਕੇ ਹਵਾ ਵਿਚ ਲੜੀ ਜਾ ਰਹੀ ਹੈ, ਕਿਉਂਕਿ ਦੋਹਾਂ ਦੀਆਂ ਸਰਹੱਦਾਂ ਇਕ-ਦੂਸਰੇ ਤੋਂ ਦੂਰ ਹਨ। ਇਜ਼ਰਾਈਲ ਦੇ ਇਨ੍ਹਾਂ ਹਮਲਿਆਂ ਦੇ ਪ੍ਰਤੀਕਰਮ ਵਜੋਂ ਈਰਾਨ ਨੇ ਵੀ ਉਸ 'ਤੇ ਵੱਡੇ ਮਿਜ਼ਾਈਲ ਹਮਲੇ ਕੀਤੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਸਭ ਤੋਂ ਵੱਡੇ ਆਗੂ ਆਇਤੁੱਲਾ ਖਾਮੇਨੇਈ ਨੂੰ ਹਥਿਆਰ ਸੁੱਟਣ ਦੀ ਧਮਕੀ ਦਿੱਤੀ ਹੈ, ਜਿਸ ਨੂੰ ਖਾਮੇਨੇਈ ਨੇ ਰੱਦ ਕਰ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਈਰਾਨ ਆਪਣੀ ਪੂਰੀ ਸ਼ਕਤੀ ਨਾਲ ਦੁਸ਼ਮਣ ਨੂੰ ਤਬਾਹ ਕਰੇਗਾ।
ਦੂਸਰੇ ਪਾਸੇ ਮੱਧ ਪੂਰਬ ਵਿਚ ਲੱਖਾਂ ਹੀ ਭਾਰਤੀ ਨਾਗਰਿਕ ਆਪਣੇ ਕੰਮ-ਧੰਦਿਆਂ ਲਈ ਗਏ ਹੋਏ ਹਨ। ਇਨ੍ਹਾਂ ਤੋਂ ਇਲਾਵਾ ਲੱਖਾਂ ਹੀ ਭਾਰਤੀ ਵਿਦਿਆਰਥੀ ਇਨ੍ਹਾਂ ਦੇਸ਼ਾਂ ਵਿਚ ਮੈਡੀਕਲ ਤੇ ਹੋਰ ਵਿਸ਼ਿਆਂ ਦੀ ਪੜ੍ਹਾਈ ਵੀ ਕਰ ਰਹੇ ਹਨ। ਵੀਰਵਾਰ ਨੂੰ ਭਾਰਤ ਸਰਕਾਰ ਵਲੋਂ 110 ਵਿਦਿਆਰਥੀਆਂ ਨੂੰ ਦਿੱਲੀ ਲਿਆਂਦਾ ਗਿਆ ਹੈ। ਬਾਕੀ ਰਹਿੰਦੇ ਵਿਦਿਆਰਥੀਆਂ ਨੂੰ ਵੀ ਉਹ ਈਰਾਨ ਦੇ ਗੁਆਂਢੀ ਦੇਸ਼ ਅਰਮੇਨੀਆ ਅਤੇ ਤੁਰਕਮੇਨਿਸਤਾਨ ਰਾਹੀਂ ਲਿਆਉਣ ਦੇ ਯਤਨ ਵਿਚ ਹੈ। ਹੁਣ ਤੱਕ ਇਸ ਲੜਾਈ ਵਿਚ ਈਰਾਨ ਵਿਚ 224 ਅਤੇ ਇਜ਼ਰਾਈਲ ਵਿਚ 24 ਲੋਕ ਮਾਰੇ ਗਏ ਹਨ। ਦੋਵੇਂ ਦੇਸ਼ ਇਕ-ਦੂਸਰੇ 'ਤੇ ਲਗਾਤਾਰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕਰ ਰਹੇ ਹਨ। ਇਜ਼ਰਾਈਲ ਵਲੋਂ ਵਿਸ਼ੇਸ਼ ਕਰਕੇ ਈਰਾਨ ਦੇ ਪ੍ਰਮਾਣੂ ਪਲਾਂਟਾਂ ਤੇ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਯਕੀਨੀ ਬਣਦਾ ਜਾ ਰਿਹਾ ਹੈ ਕਿ ਜੇਕਰ ਕੌਮਾਂਤਰੀ ਪੱਧਰ 'ਤੇ ਕੀਤੇ ਗਏ ਯਤਨਾਂ ਨਾਲ ਇਸ ਲੜਾਈ ਨੂੰ ਨਾ ਰੋਕਿਆ ਗਿਆ ਤਾਂ ਇਸ ਨਾਲ ਵੱਡੀ ਪੱਧਰ 'ਤੇ ਤਬਾਹੀ ਹੋ ਸਕਦੀ ਹੈ।
-ਬਰਜਿੰਦਰ ਸਿੰਘ ਹਮਦਰਦ