ਅੰਤਰਰਾਸ਼ਟਰੀ ਯੋਗ ਦਿਵਸ 'ਤੇ ਵਿਸ਼ੇਸ਼
ਯੋਗ, ਭਾਰਤ ਦੀ ਇਕ ਪ੍ਰਾਚੀਨ ਪ੍ਰਥਾ ਹੈ ਜੋ ਸਿਹਤ ਅਤੇ ਤੰਦਰੁਸਤੀ ਲਈ ਵਰਦਾਨ ਹੈ। ਅੱਜ ਤੇਜ਼ੀ ਨਾਲ ਬਦਲ ਰਹੀ ਸਾਡੀ ਦੁਨੀਆ 'ਚ ਯੋਗ ਇਕ ਅਧਿਆਤਮਿਕ ਪ੍ਰਕਿਰਿਆ ਅਤੇ ਅਜਿਹਾ ਸਿਹਤ ਵਿਗਿਆਨ ਹੈ ਜੋ ਮਨੁੱਖ ਦੇ ਸਰੀਰ ਅਤੇ ਮਨ ਨੂੰ ਇਕਜੁੱਟ ਕਰ ਕੇ ਅੰਦਰੂਨੀ ਸ਼ਾਂਤੀ ਅਤੇ ਸੰਤੁਲਨ ਪ੍ਰਦਾਨ ਕਰਦਾ ਹੈ। ਅਸੀਂ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੇ ਹਾਂ ਜਿਸ ਦਾ ਵਿਸ਼ਾ 'ਇਕ ਧਰਤੀ, ਇਕ ਸਿਹਤ ਲਈ ਯੋਗ' ਰੱਖਿਆ ਗਿਆ ਹੈ ਜਿਸ ਤੋਂ ਭਾਵ ਹੈ ਕਿ ਅਸੀਂ ਯੋਗ ਦੁਆਰਾ ਪੂਰੀ ਦੁਨੀਆ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹਾਂ ਅਤੇ ਇਹ ਦੁਨੀਆ ਭਰ 'ਚ ਆਪਸੀ ਭਾਈਚਾਰੇ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
ਵਿਸ਼ਵ ਪੱਧਰ 'ਤੇ ਯੋਗ ਨੂੰ ਮਾਨਤਾ : ਮਹਾਂਰਿਸ਼ੀ ਪਤੰਜਲੀ ਨੂੰ ਰਵਾਇਤੀ ਤੌਰ 'ਤੇ ਯੋਗ ਸੂਤਰਾਂ ਦੇ ਰਚੇਤਾ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਯੋਗ ਸੂਤਰਾਂ ਨੂੰ ਯੋਗ ਦਾ ਆਧਾਰ ਮੰਨਿਆ ਜਾਂਦਾ ਹੈ। ਯੋਗ ਦੀ ਇਸ ਮਹਾਨਤਾ ਦੇ ਬਾਵਜੂਦ ਬੀਤੇ ਸਮੇਂ 'ਚ ਹਰ ਪਾਸੇ ਬਾਡੀ ਬਿਲਡਿੰਗ ਅਤੇ ਐਰੋਬਿਕਸ ਵਰਗੇ ਪੱਛਮੀ-ਸ਼ੈਲੀ ਦੇ ਸਿਹਤ ਪ੍ਰਤੀ ਰੁਝਾਨਾਂ ਦਾ ਬੋਲਬਾਲਾ ਰਿਹਾ। ਪਰ ਬੀਤੇ ਇਕ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਨਿਰੰਤਰ ਯਤਨਾਂ ਸਦਕਾ ਵਿਸ਼ਵ ਪੱਧਰ 'ਤੇ ਯੋਗ ਨੂੰ ਮਾਨਤਾ ਮਿਲੀ ਹੈ। ਪ੍ਰਧਾਨ ਮੰਤਰੀ ਵਲੋਂ ਸੰਯੁਕਤ ਰਾਸ਼ਟਰ ਮਹਾਂਸਭਾ 'ਚ 27 ਸਤੰਬਰ, 2014 ਨੂੰ ਯੋਗ ਦੀ ਮਹੱਤਤਾ ਨੂੰ ਮਾਨਤਾ ਦੇਣ ਲਈ ਦਿੱਤੇ ਗਏ ਇਤਿਹਾਸਕ ਭਾਸ਼ਨ ਨੇ ਵਿਸ਼ਵ ਪੱਧਰ 'ਤੇ ਸਿਹਤ ਸੰਬੰਧੀ ਚਰਚਾ ਨੂੰ ਇਕ ਨਵਾਂ ਮੋੜ ਦਿੱਤਾ ਅਤੇ ਯੋਗ ਦੇ ਪ੍ਰਾਚੀਨ ਭਾਰਤੀ ਵਿਗਿਆਨ ਨੂੰ ਦੁਨੀਆ ਦੇ ਧਿਆਨ ਵਿਚ ਲਿਆਂਦਾ। ਇਸ ਦੇ ਬਾਅਦ ਕੁਝ ਮਹੀਨਿਆਂ ਦੇ ਅੰਦਰ ਹੀ ਸੰਯੁਕਤ ਰਾਸ਼ਟਰ ਨੇ 193 ਮੈਂਬਰ ਦੇਸ਼ਾਂ ਦੇ ਸਮਰਥਨ ਨਾਲ ਅਧਿਕਾਰਤ ਤੌਰ 'ਤੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਐਲਾਨ ਦਿੱਤਾ। 2024 'ਚ ਯੋਗਾ ਦੀ ਨਵੀਂ ਮਹੱਤਤਾ ਨੂੰ ਦਰਸਾਉਂਦੇ ਹੋਏ, ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਡੇਨਿਸ ਫ੍ਰਾਂਸਿਸ ਨੇ ਕਿਹਾ ਕਿ ਯੋਗਾ ਸੰਯੁਕਤ ਰਾਸ਼ਟਰ ਦੇ ਵਿਸ਼ਵ ਏਕਤਾ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਪ੍ਰਤੀਕ ਹੈ।
ਦੁਨੀਆ 'ਤੇ ਪ੍ਰਭਾਵ : ਅੰਤਰਰਾਸ਼ਟਰੀ ਯੋਗ ਦਿਵਸ ਨੇ ਦੁਨੀਆ ਭਰ 'ਚ ਯੋਗ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਹੈ। ਅੱਜ ਵਿਸ਼ਵ ਪੱਧਰ 'ਤੇ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਵਿਚ ਲੋਕਾਂ ਦੀ ਵੱਡੀ ਹਿੱਸੇਦਾਰੀ ਇਸ ਗੱਲ ਦਾ ਸਬੂਤ ਹੈ ਕਿ ਦੁਨੀਆ ਨੇ ਯੋਗ ਨੂੰ ਅਪਣਾ ਲਿਆ ਹੈ। ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਜਾ ਰਹੇ ਪ੍ਰੋਗਰਾਮਾਂ 'ਚ ਵਿਸ਼ਵ ਭਰ ਤੋਂ 24.53 ਕਰੋੜ ਲੋਕਾਂ ਨੇ ਹਿੱਸਾ ਲਿਆ, ਜਦਕਿ ਸੋਸ਼ਲ ਮੀਡੀਆ 'ਤੇ 34,890,990 ਲੋਕ ਇਸ ਨਾਲ ਜੁੜੇ ਅਤੇ ਰੇਡੀਓ ਰਾਹੀ 2,600,000 ਕਰੋੜ ਲੋਕਾਂ ਤੱਕ ਯੋਗ ਨੇ ਪਹੁੰਚ ਕੀਤੀ। ਸੰਯੁਕਤ ਰਾਸ਼ਟਰ ਦੇ 177 ਮੈਂਬਰ ਦੇਸ਼ਾਂ ਨੇ ਭਾਰਤ ਦੀ ਇਸ ਪਹਿਲਕਦਮੀ ਦਾ ਸਮਰਥਨ ਕੀਤਾ ਹੈ। ਅੱਜ ਜਦੋਂਕਿ ਯੋਗ ਸਰੀਰਕ ਅਤੇ ਮਾਨਸਿਕ ਸਿਹਤ ਲਈ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ, ਉਥੇ ਇਹ ਨਵੀਂ ਯੋਗ ਅਰਥਵਿਵਸਥਾ ਦੁਨੀਆ ਭਰ ਵਿਚ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰ ਰਹੀ ਹੈ। ਦੁਨੀਆ ਭਰ ਵਿਚ ਯੋਗ ਕਰਨ ਵਾਲਿਆਂ ਦੀ ਗਿਣਤੀ ਵਿਚ ਹੋਏ ਨਿਰੰਤਰ ਵਾਧੇ ਨਾਲ ਸੈਰ-ਸਪਾਟਾ, ਯੋਗ ਦੇ ਖਾਸ ਲਿਬਾਸ, ਯੋਗ ਨਾਲ ਸੰਬੰਧਿਤ ਉਪਕਰਨ ਅਤੇ ਯੋਗ ਸਿਖਲਾਈ ਲਈ ਹੁਨਰਮੰਦ ਮਾਹਿਰਾਂ ਦੀ ਮੰਗ ਵੱਧੀ ਹੈ।
ਅਸੀਮ ਸੰਭਾਵਨਾ : ਦੁਨੀਆ ਭਰ 'ਚ ਯੋਗ ਨਾਲ ਸੰਬੰਧਿਤ ਉਦਯੋਗ ਜੋ ਲਗਭਗ 88 ਬਿਲੀਅਨ ਅਮਰੀਕੀ ਡਾਲਰ ਦੇ ਨੇੜੇ ਸਨ, 2025 ਤੱਕ ਉਨ੍ਹਾਂ ਦੇ 215 ਬਿਲੀਅਨ ਡਾਲਰ ਤੋਂ ਵੱਧ ਤੱਕ ਪਹੁੰਚਣ ਦਾ ਅਨੁਮਾਨ ਹੈ। 2022 ਗਲੋਬਲ ਆਯੂਸ਼ ਇਨਵੈਸਟਮੈਂਟ ਅਤੇ ਇਨੋਵੇਸ਼ਨ ਸਮਿਟ ਵਰਗੀਆਂ ਮੁੱਖ ਪਹਿਲਕਦਮੀਆਂ ਨੇ 9,013 ਕਰੋੜ ਪਏ ਦੇ ਨਿਵੇਸ਼ ਨੂੰ ਇਸ ਖੇਤਰ 'ਚ ਆਕਰਸ਼ਿਤ ਕੀਤਾ ਹੈ, ਜਿਸ ਨਾਲ 5,35,000 ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਸਰਕਾਰ ਦੇ ਸਮਰਥਨ ਵਾਲਾ ਆਯੂਸ਼ ਸਿੱਖਿਆ ਪ੍ਰੋਗਰਾਮ ਹੁਨਰਮੰਦ ਕਰਮਚਾਰੀ ਵੀ ਪੈਦਾ ਕਰ ਰਿਹਾ ਹੈ, ਜਿਸ ਵਿਚ 30 ਲੱਖ ਤੱਕ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦਾ ਅਨੁਮਾਨ ਹੈ। ਭਾਰਤ ਦਾ ਯੋਗਾ ਸੈਰ-ਸਪਾਟਾ ਬਾਜ਼ਾਰ ਵੀ ਇਸ ਵਾਧੇ ਨੂੰ ਦਰਸਾਉਂਦਾ ਹੈ, ਜਿਸ ਨੇ 2021 ਵਿਚ 9.35 ਬਿਲੀਅਨ ਅਮਰੀਕੀ ਡਾਲਰ ਪੈਦਾ ਕੀਤੇ ਅਤੇ 2030 ਤੱਕ 14.63 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ 5.1 ਫੀਸਦ (ਸਾਲਾਨਾ ਮਿਸ਼ਰਿਤ ਵਾਧਾ ਦਰ) ਨਾਲ ਵਧ ਰਿਹਾ ਹੈ। ਇਹ ਰੁਝਾਨ ਯੋਗਾ ਨਾਲ ਸਬੰਧਤ ਸੈਰ-ਸਪਾਟੇ ਨੂੰ ਭਾਰਤ ਦੀ ਵਧ ਰਹੀ ਅਰਥਵਿਵਸਥਾ ਦਾ ਇਕ ਮਹੱਤਵਪੂਰਨ ਹਿੱਸਾ ਬਣਾਉਂਦਾ ਹੈ।
ਆਯੂਸ਼ ਮਾਰਕਿਟ ਦਾ ਤੇਜ਼ੀ ਨਾਲ ਵਿਸਥਾਰ : ਬੀਤੇ ਕੁਝ ਸਮੇਂ ਦੌਰਾਨ ਆਯੂਸ਼ ਖੇਤਰ ਵਿਚ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ ਜੋ 2014 ਵਿਚ 2.85 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ 2023 ਵਿਚ 43.4 ਬਿਲੀਅਨ ਅਮਰੀਕੀ ਡਾਲਰ ਪਹੁੰਚ ਗਿਆ ਹੈ। ਇਸ ਦਾ ਨਿਰਯਾਤ ਵੀ ਦੁੱਗਣਾ ਹੋ ਗਿਆ ਹੈ, ਜੋ 1.09 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ 2.16 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ ਜੋ ਇਸਦੀ ਵਿਸ਼ਵ ਪੱਧਰ 'ਤੇ ਵਧ ਰਹੀ ਮੰਗ ਨੂੰ ਉਜਾਗਰ ਕਰਦਾ ਹੈ। ਇਸ ਖੇਤਰ ਨਾਲ ਸੰਬੰਧਿਤ ਸਟਾਰਟ-ਅੱਪਸ ਨੂੰ ਸਰਕਾਰੀ ਪਹਿਲਕਦਮੀਆਂ ਦਾ ਜ਼ੋਰਦਾਰ ਸਮਰਥਨ ਪ੍ਰਾਪਤ ਹੋਇਆ ਹੈ। ਆਯੂਸ਼ ਸੰਬੰਧਿਤ ਛੋਟੇ ਅਤੇ ਮੱਧਮ ਉਦਯੋਗਾਂ ਦੀ ਗਿਣਤੀ ਲਗਭਗ 40 ਫੀਸਦੀ ਵਧੀ ਹੈ, ਜੋ ਅਗਸਤ 2021 ਵਿਚ 38,216 ਤੋਂ ਜਨਵਰੀ 2023 ਤੱਕ 53,023 ਹੋ ਗਈ ਹੈ। ਇਹ ਸ਼ਾਨਦਾਰ ਵਾਧਾ ਆਯੂਸ਼ ਦੁਆਰਾ ਭਾਰਤ ਦੀ ਸਿਹਤ ਅਰਥਵਿਵਸਥਾ ਅਤੇ ਨੌਕਰੀਆਂ ਸਿਰਜਣ ਵਿਚ ਇਕ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦਾ ਹੈ।
ਸੁਝਾਅ : ਯੋਗ ਅਤੇ ਆਯੂਸ਼ ਨੂੰ ਨੌਜਵਾਨਾਂ ਵਿਚ ਇਕ ਪੇਸ਼ੇ ਵਜੋਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਜੋ ਭਾਰਤੀ ਨੌਜਵਾਨਾਂ ਲਈ ਵਿਸ਼ਵ ਪੱਧਰ 'ਤੇ ਨੌਕਰੀਆਂ ਦੇ ਨਵੇਂ ਮੌਕੇ ਖੋਲ੍ਹ ਸਕਦਾ ਹੈ। ਇਸ ਲਈ ਭਾਰਤੀ ਯੂਨੀਵਰਸਿਟੀਆਂ ਨੂੰ ਵੀ ਵੱਡੇ ਪੱਧਰ 'ਤੇ ਆਯੂਸ਼ ਅਤੇ ਯੋਗ ਨਾਲ ਸੰਬੰਧਿਤ ਮਾਹਿਰ ਨੌਜਵਾਨ ਤਿਆਰ ਕਰਨ ਲਈ ਸੰਬੰਧਿਤ ਡਿਗਰੀਆਂ ਅਤੇ ਕੋਰਸ ਕਰਵਾਉਣੇ ਚਾਹੀਦੇ ਹਨ। ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਇਲਾਜ ਨਾਲੋਂ ਰੋਕਥਾਮ ਬਿਹਤਰ ਹੈ, ਸਿਹਤ ਸੰਭਾਲ ਵਿਚ ਯੋਗ ਦੇ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਜਿਸ ਰਾਹੀਂ ਇਕ ਸਿਹਤਮੰਦ ਜੀਵਨ ਸ਼ੈਲੀ ਵਿਕਸਿਤ ਹੋਵੇਗੀ ਅਤੇ ਲੋਕ ਬਿਮਾਰੀਆਂ ਤੋਂ ਬਚ ਸਕਣਗੇ। ਜਿਵੇਂ ਕਿ ਸਰੀਰਕ ਸਿੱਖਿਆ ਭਾਰਤੀ ਸਿੱਖਿਆ ਦਾ ਇਕ ਅਨਿੱਖੜਵਾਂ ਅੰਗ ਹੈ, ਇਸ ਤਰ੍ਹਾਂ ਯੋਗ ਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਹ ਨੌਜਵਾਨਾਂ ਵਿਚ ਮੋਟਾਪੇ ਵਰਗੀਆਂ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਰੋਕਣ ਵਿਚ ਵੀ ਮਦਦ ਕਰੇਗਾ।
-ਸੰਸਦ ਮੈਂਬਰ (ਰਾਜ ਸਭਾ)
satnam.sandhu@sansad.nic.in