11ਵੇਂ ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼
ਇਸ ਸਾਲ 11ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦਾ ਵਿਸ਼ਾ ਹੈ 'ਇਕ ਧਰਤੀ, ਇਕ ਸਿਹਤ ਲਈ ਯੋਗ', ਜੋ ਇਸ ਮਹੱਤਵਪੂਰਨ ਸਚਾਈ ਨੂੰ ਦਰਸਾਉਂਦਾ ਹੈ ਕਿ ਵਿਅਕਤੀਗਤ ਸਿਹਤ ਅਤੇ ਗ੍ਰਹਿ ਸਿਹਤ ਅਟੁੱਟ ਤੌਰ 'ਤੇ ਜੁੜੇ ਹੋਏ ਹਨ। ਯੋਗ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ, ਮਨ ਨੂੰ ਸ਼ਾਂਤ ਕਰਦਾ ਹੈ ਅਤੇ ਰੋਜ਼ਾਨਾ ਜੀਵਨ ਵਿਚ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਧਾਉਂਦਾ ਹੈ। ਇਹ ਜਾਗਰੂਕਤਾ ਸਾਨੂੰ ਸਿਹਤਮੰਦ ਅਤੇ ਵਧੇਰੇ ਟਿਕਾਊ ਜੀਵਨਸ਼ੈਲੀ ਚੁਣਨ ਦੀ ਆਗਿਆ ਦਿੰਦੀ ਹੈ। ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਅਸੀਂ ਧਰਤੀ ਦੀ ਦੇਖਭਾਲ ਕਰਦੇ ਹਾਂ, ਜੋ 'ਵਸੂਧੈਵ ਕੁਟੁੰਬਕਮ' ਦੇ ਸਥਾਈ ਭਾਰਤੀ ਸਿਧਾਂਤ ਕਿ ਦੁਨੀਆ ਇਕ ਪਰਿਵਾਰ ਹੈ, ਨੂੰ ਦਰਸਾਉਂਦਾ ਹੈ। ਯੋਗ ਇਕ ਪੁਰਾਤਨ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ, ਜੋ ਭਾਰਤ ਵਿਚ ਸ਼ੁਰੂ ਹੋਇਆ ਸੀ। ਯੋਗ ਸ਼ਬਦ ਸੰਸਕ੍ਰਿਤ ਤੋਂ ਲਿਆ ਗਿਆ ਹੈ ਇਸ ਦਾ ਅਰਥ ਹੈ ਜੁੜਨਾ ਜਾਂ ਇਕਜੁੱਟ ਹੋਣਾ, ਜੋ ਸਰੀਰ ਅਤੇ ਚੇਤਨਾ ਦੇ ਮੇਲ ਦਾ ਪ੍ਰਤੀਕ ਹੈ। ਯੋਗ ਸਰੀਰਕ ਕਸਰਤ, ਸਰੀਰਕ ਮੁਦਰਾ (ਆਸਨ), ਧਿਆਨ, ਸਾਹ ਲੈਣ ਦੀ ਤਕਨੀਕ ਹੈ। ਇਸ ਦੇ ਅਭਿਆਸ ਦਾ ਜ਼ਿਕਰ ਰਿਗਵੇਦ ਅਤੇ ਉਪਨਿਸ਼ਦਾਂ ਵਿਚ ਵੀ ਮਿਲਦਾ ਹੈ। ਪਤੰਜਲੀ ਦਾ ਯੋਗਸੂਤਰ ਯੋਗ 'ਤੇ ਇਕ ਪ੍ਰਮਾਣਿਕ ਗ੍ਰੰਥ ਹੈ ਅਤੇ ਇਸ ਨੂੰ ਸ਼ਾਸਤਰੀ ਯੋਗ ਦਰਸ਼ਨ ਦਾ ਇਕ ਬੁਨਿਆਦੀ ਗ੍ਰੰਥ ਮੰਨਿਆ ਜਾਂਦਾ ਹੈ। ਆਧੁਨਿਕ ਸਮੇਂ ਦੌਰਾਨ ਅਤੇ ਖਾਸ ਕਰਕੇ ਪੱਛਮ ਵਿਚ, ਯੋਗ ਨੂੰ ਵੱਡੇ ਪੈਮਾਨੇ 'ਤੇ ਸਰੀਰਕ ਕਸਰਤ ਦੇ ਨਾਲ-ਨਾਲ ਧਿਆਨ ਅਤੇ ਆਸਨ ਦੇ ਰੂਪ ਵਿਚ ਅਪਣਾਇਆ ਜਾ ਰਿਹਾ ਹੈ। ਅੱਜ ਇਹ ਸੰਸਾਰ ਭਰ ਵਿਚ ਵਿਭਿੰਨ ਰੂਪਾਂ ਵਿਚ ਪ੍ਰਚਲਿਤ ਹੈ ਅਤੇ ਇਸ ਦੀ ਪ੍ਰਸਿੱਧੀ ਲਗਾਤਾਰ ਵਧ ਰਹੀ ਹੈ। ਇਸ ਦੀ ਵਿਸ਼ਵਵਿਆਪੀ ਅਪੀਲ ਨੂੰ ਮਾਨਤਾ ਦਿੰਦੇ ਹੋਏ 11 ਦਸੰਬਰ, 2014 ਨੂੰ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਇਸ ਦਾ ਮੁੱਖ ਉਦੇਸ਼ ਯੋਗ ਅਭਿਆਸ ਦੇ ਅਨੇਕ ਲਾਭਾਂ ਬਾਰੇ ਵਿਸ਼ਵ ਭਰ ਵਿਚ ਜਾਗਰੂਕਤਾ ਵਧਾਉਣਾ ਹੈ। ਕੌਮਾਂਤਰੀ ਯੋਗ ਦਿਵਸ ਦੀ ਸਥਾਪਨਾ ਵਾਸਤੇ ਖਰੜਾ ਮਤਾ ਭਾਰਤ ਵਲੋਂ ਪ੍ਰਸਤਾਵਿਤ ਕੀਤਾ ਗਿਆ ਸੀ ਅਤੇ ਰਿਕਾਰਡ 175 ਮੈਂਬਰਾਂ ਦੇਸ਼ਾਂ ਵਲੋਂ ਇਸ ਦਾ ਸਮਰਥਨ ਕੀਤਾ ਗਿਆ ਸੀ। ਇਸ ਪ੍ਰਸਤਾਵ ਨੂੰ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮਹਾਂਸਭਾ ਦੇ 69ਵੇਂ ਸੈਸ਼ਨ ਦੇ ਉਦਘਾਟਨ ਸਮੇਂ ਆਪਣੇ ਭਾਸ਼ਨ ਵਿਚ ਪੇਸ਼ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ : 'ਯੋਗ ਸਾਡੀ ਪ੍ਰਾਚੀਨ ਪਰੰਪਰਾ ਦਾ ਇਕ ਅਨਮੋਲ ਤੋਹਫ਼ਾ ਹੈ। ਯੋਗ ਮਨ ਅਤੇ ਸਰੀਰ, ਵਿਚਾਰ ਅਤੇ ਕਿਰਿਆ ਦੀ ਏਕਤਾ ਦਾ ਪ੍ਰਤੀਕ ਹੈ, ਇਕ ਸੰਪੂਰਨ ਦ੍ਰਿਸ਼ਟੀਕੋਣ, ਜੋ ਸਾਡੀ ਸਿਹਤ ਅਤੇ ਸਾਡੀ ਭਲਾਈ ਲਈ ਕੀਮਤੀ ਹੈ। ਯੋਗ ਕੇਵਲ ਕਸਰਤ ਨਹੀਂ, ਇਹ ਖੁਦ ਦੁਨੀਆ ਅਤੇ ਪ੍ਰਾਕ੍ਰਿਤੀ ਦੇ ਨਾਲ ਏਕਤਾ ਦੀ ਭਾਵਨਾ ਨੂੰ ਲੱਭਣ ਦਾ ਇਕ ਤਰੀਕਾ ਹੈ।' ਮਤੇ ਵਿਚ 'ਵਿਅਕਤੀਆਂ ਅਤੇ ਆਬਾਦੀ ਦੇ ਲਈ ਸਿਹਤ ਬਦਲ ਚੁਣਨ ਅਤੇ ਚੰਗੀ ਸਿਹਤ ਨੂੰ ਉਤਸ਼ਾਹ ਦੇਣ ਵਾਲੀ ਜੀਵਨਸ਼ੈਲੀ ਅਪਣਾਉਣ ਦੇ ਮਹੱਤਵ' 'ਤੇ ਧਿਆਨ ਦਿੱਤਾ ਗਿਆ ਸੀ।
ਸਵਾਮੀ ਵਿਵੇਕਾਨੰਦ ਦੀ ਭੂਮਿਕਾ
ਪਿਛਲੇ ਕਰੀਬ 100 ਸਾਲਾਂ ਵਿਚ ਯੋਗ ਨੂੰ ਸੰਸਾਰਕ ਪੱਧਰ 'ਤੇ ਇਕ ਖਾਸ ਪਹਿਚਾਣ ਮਿਲੀ ਹੈ ਅਤੇ ਇਸ ਦਾ ਸਾਰਾ ਸਿਹਰਾ ਸਵਾਮੀ ਵਿਵੇਕਾਨੰਦ ਨੂੰ ਦਿੱਤਾ ਜਾਂਦਾ ਹੈ। ਵਿਵੇਕਾਨੰਦ ਨੇ ਪੱਛਮੀ ਦੇਸ਼ਾਂ ਵਿਚ ਲੋਕਪ੍ਰਿਯ ਬਣਾਉਣ ਵਿਚ ਮਹੱਤਵਪੂਰਨ ਕਾਰਜ ਕੀਤੇ ਹਨ। ਸਵਾਮੀ ਵਿਵੇਕਾਨੰਦ ਇਕ ਸ਼ਾਨਦਾਰ ਬੁਲਾਰੇ ਹੋਣ ਦੇ ਨਾਲ-ਨਾਲ ਅਧਿਆਤਮ ਦੀ ਵੀ ਗਹਿਰੀ ਸਮਝ ਰੱਖਦੇ ਸਨ। ਉਨ੍ਹਾਂ ਨੇ ਪੂਰਬ ਅਤੇ ਪੱਛਮ ਵਿਚ ਸੰਸਕ੍ਰਿਤੀ ਅਤੇ ਅਧਿਆਤਮਿਕ ਆਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਲਈ ਮਹੱਤਵਪੂਰਨ ਯਤਨ ਕੀਤੇ। ਸਵਾਮੀ ਵਿਵੇਕਾਨੰਦ ਨੇ ਯੋਗ ਦੀ ਵਿਸ਼ਾਲਤਾ ਨੂੰ ਪ੍ਰਗਟ ਕਰਦੇ ਹੋਏ ਰਾਜਯੋਗ ਨਾਮਕ ਕਿਤਾਬ ਦੀ ਪ੍ਰਸਤਾਵਨਾ ਵਿਚ ਲਿਖਿਆ ਸੀ, 'ਭਾਰਤੀ ਦਰਸ਼ਨ ਦੀਆਂ ਸਾਰੀਆਂ ਰੂੜੀਵਾਦੀ ਪ੍ਰਣਾਲੀਆਂ ਦਾ ਇਕ ਹੀ ਟੀਚਾ, ਯੋਗ ਰਾਹੀਂ ਸੰਪੂਰਨਤਾ ਦੇ ਮਾਧਿਅਮ ਨਾਲ ਆਤਮਾ ਦੀ ਮੁਕਤੀ ਹੈ।' ਇਸ ਲਈ ਪੱਛਮੀ ਪ੍ਰੰਪਰਾਵਾਂ ਵਿਚ ਅੱਜ ਵੀ ਵਿਵੇਕਾਨੰਦ ਦੇ ਯੋਗ ਪ੍ਰਚਾਰ ਦਾ ਗਹਿਰਾ ਅਸਰ ਦਿਖਾਈ ਦਿੰਦਾ ਹੈ। ਪਤੰਜਲੀ ਯੋਗਸੂਤਰ, ਯੋਗ ਦਰਸ਼ਨ ਦਾ ਮੂਲ ਗ੍ਰੰਥ ਮੰਨਿਆ ਜਾਂਦਾ ਹੈ। ਯੋਗ ਸੂਤਰਾਂ ਦੀ ਰਚਨਾ ਹਜ਼ਾਰਾਂ ਸਾਲ ਪਹਿਲਾਂ ਪਤੰਜਲੀ ਨੇ ਕੀਤੀ ਸੀ। ਪਤੰਜਲੀ ਯੋਗ ਸੂਤਰ ਮਨ ਦੀ ਇਕਾਗਰਤਾ ਅਤੇ ਇਸ ਨੂੰ ਪਰਮਾਤਮਾ ਵਿਚ ਲੀਨ ਕਰਨ ਦਾ ਵਿਧਾਨ ਹੈ। ਪਤੰਜਲੀ ਅਨੁਸਾਰ ਯੋਗ ਮਨ ਦੀਆਂ ਪ੍ਰਵਿਰਤੀਆਂ ਨੂੰ ਚੰਚਲ ਹੋਣ ਤੋਂ ਰੋਕਣਾ ਹੀ ਯੋਗ ਹੈ। ਇਸ ਦਾ ਮਤਲਬ ਹੈ ਕਿ ਮਨ ਨੂੰ ਇਧਰ-ਉਧਰ ਭਟਕਣ ਨਾ ਦੇਣਾ, ਕੇਵਲ ਇਕ ਹੀ ਚੀਜ਼ 'ਤੇ ਸਥਿਰ ਰੱਖਣਾ ਹੈ।
ਸਾਲ 2014 ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਨੇ 21 ਜੂਨ ਨੂੰ ਹਰ ਸਾਲ 'ਕੌਮਾਂਤਰੀ ਯੋਗ ਦਿਵਸ' ਦੇ ਰੂਪ ਵਿਚ ਮਨਾਉਣ ਦੀ ਘੋਸ਼ਣਾ ਕੀਤੀ ਸੀ। ਇਸ ਲਈ ਯਤਨ ਭਾਰਤ ਵਲੋਂ ਸ਼ੁਰੂ ਕੀਤੇ ਗਏ ਸਨ ਅਤੇ ਇਸ ਨੂੰ ਭਾਰਤ ਦੀ ਸਾਫ਼ਟ ਪਾਵਰ (ਨਰਮ ਸ਼ਕਤੀ) ਦੇ ਪ੍ਰਸਾਰ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਭਾਰਤ ਦੀ ਇਸ ਪਹਿਲ ਦੇ ਬਾਅਦ ਯੋਗ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਉਤਸ਼ਾਹ ਮਿਲਣ ਲੱਗਾ। ਨਾਲ ਹੀ ਇਸ ਵਿਚ ਭਾਰਤ ਦੀਆਂ ਹੋਰ ਨਰਮ ਸ਼ਕਤੀਆਂ ਦੇ ਪਹਿਲੂਆਂ ਜਿਵੇਂ ਭਾਰਤੀ ਸਿਨੇਮਾ, ਆਯੁਰਵੇਦ ਵੇਦਾਂਤ, ਸ਼ਾਸਤਰੀ ਕਲਾ, ਭਾਰਤੀ ਦਸਤਕਾਰੀ ਅਤੇ ਪਕਵਾਨ ਆਦਿ ਵੀ ਜੁੜ ਗਏ। ਯੋਗ ਦਾ ਪ੍ਰਸਾਰ ਕਰਨ ਦੀ ਭਾਰਤ ਦੀ ਇਹ ਮੁਹਿੰਮ ਕਾਫ਼ੀ ਹੱਦ ਤੱਕ ਸਫ਼ਲ ਰਹੀ ਹੈ, ਜੋ ਇਸ ਤੱਥ ਤੋਂ ਝਲਕਦੀ ਹੈ ਕਿ ਭਾਰਤ ਦੇ ਯੋਗ ਦਿਵਸ ਦੇ ਪ੍ਰਸਤਾਵ ਨੂੰ ਦੁਨੀਆ ਭਰ ਦੇ ਦੇਸ਼ਾਂ ਤੋਂ ਸਮਰਥਨ ਪ੍ਰਾਪਤ ਹੋਇਆ ਹੈ। ਯੋਗ ਦਿਵਸ ਸਾਡੇ ਦੇਸ਼ ਦੇ ਲਈ ਇਕ ਵੱਡਾ ਉਤਸ਼ਾਹ ਦੇਣ ਵਾਲਾ ਤਿਉਹਾਰ ਵੀ ਬਣ ਗਿਆ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਵਾਸਤੇ ਜੋ ਵਿਦੇਸ਼ਾਂ ਵਿਚ ਰਹਿੰਦੇ ਹਨ ਅਤੇ ਵਿਚ ਯੋਗ ਸਿੱਖਣ ਅਤੇ ਅਭਿਆਸ ਕਰਨ ਵਾਸਤੇ ਇੱਥੇ ਆਉਂਦੇ ਹਨ। ਕੌਮਾਂਤਰੀ ਯੋਗ ਦਿਵਸ ਅਤੇ ਇਸ ਦਿਸ਼ਾ ਵਿਚ ਸਰਕਾਰ ਦੇ ਯਤਨਾਂ ਦੇ ਪਿੱਛੇ ਵਿਚਾਰ ਇਹ ਸੀ ਕਿ ਮਾਨਵਤਾ ਨੂੰ ਯੋਗ ਦੇ ਰੂਪ ਵਿਚ ਭਾਰਤ ਦਾ ਤੋਹਫ਼ਾ ਸਵੀਕਾਰ ਕਰਨਾ ਚਾਹੀਦਾ ਅਤੇ ਉਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਇਸੇ ਲਈ ਹੀ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅਕਸਰ ਆਪਣੇ ਭਾਸ਼ਨਾਂ ਵਿਚ ਯੋਗ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਇਹ ਯੁੱਗ ਯੁੱਧ ਦਾ ਨਹੀਂ ਯੋਗ ਦਾ ਹੈ। ਆਓ ਅਸੀਂ ਅੱਜ 11ਵੇਂ ਕੌਮਾਂਤਰੀ ਯੋਗ ਦਿਵਸ 'ਤੇ ਯੋਗ ਨਾਲ ਜੁੜ ਕੇ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਪੁੰਨ ਪ੍ਰਾਪਤ ਕਰੀਏ, ਤਾਂ ਜੋ ਲੋਕਾਂ ਵਿਚ ਸਿਹਤ ਸੰਬੰਧੀ ਜਾਗਰੂਕਤਾ ਪੈਦਾ ਹੋ ਸਕੇ, ਆਮ ਜਨਤਾ ਤੰਦਰੁਸਤ ਹੋ ਸਕੇ, ਨਿਰੋਗੀ ਜੀਵਨ ਪ੍ਰਾਪਤ ਕਰੇ ਅਤੇ ਸੰਸਾਰ ਨਿਰੋਗ ਰਹੇ।
-ਐਫ ਐਮ 70, ਮਾਡਲ ਹਾਊਸ, ਜਲੰਧਰ।
ਮੋਬਾਈਲ : 94170-65272,
ਈ-ਮੇਲ : rajnish0181@gmail.com