21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਰਹੱਸਮਈ ਝੀਲਾਂ ਜੋ ਪਾਣੀ ਦਾ ਰੰਗ ਬਦਲਦੀਆਂ ਹਨ

ਅਜੀਤ ਡੈਸਕ 21-06-2025

ਪਿਆਰੇ ਬਾਲ ਸਾਥੀਓ, ਜਦ ਵੀ ਤੁਸੀਂ ਅਖ਼ਬਾਰ ਮੈਗਜ਼ੀਨ, ਟੀ.ਵੀ. ਜਾਂ ਫਿਲਮ ਵਿਚ ਸਾਫ ਹਰੇ, ਨੀਲੇ ਪਾਣੀਆਂ ਨਾਲ ਭਰਪੂਰ ਕੁਦਰਤੀ ਮਨਮੋਹਕ ਦ੍ਰਿਸ਼ਾਂ ਵਾਲੀਆਂ ਸੁੰਦਰ ਝੀਲਾਂ ਵੇਖਦੇ ਹੋ ਤਾਂ ਤੁਹਾਡਾ ਮਨ ਜ਼ਰੂਰ ਹੀ ਸਰਸ਼ਾਰ ਹੁੰਦਾ ਹੋਵੇਗਾ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਸੰਸਾਰ ਵਿਚ ਕਈ ਅਜਿਹੀਆਂ ਝੀਲਾਂ ਵੀ ਹਨ, ਜਿਨ੍ਹਾਂ ਦਾ ਪਾਣੀ ਕੁਝ ਹਾਲਤਾਂ ਕਾਰਨ ਰੰਗ ਬਦਲਦਾ ਰਹਿੰਦਾ ਹੈ...। ਆਓ! ਅਜਿਹੀਆਂ ਦਿਲਚਸਪ ਝੀਲਾਂ ਬਾਰੇ ਜਾਣਦੇ ਹਾਂ:
ਪੱਛਮੀ ਅਮਰੀਕਾ ਦੇ ਪਹਾੜੀ ਸੂਬੇ ਵਿਊਮਨ ਦੇ ਵੱਡ-ਅਕਾਰੀ ਨੈਸ਼ਨਲ ਯੈਲੋਸਟੋਨ ਪਾਰਕ ਦੀ ਕੁਦਰਤੀ ਝੀਲ ਵਾਰ-ਵਾਰ ਰੰਗ ਬਦਲਣ ਕਰਕੇ ਲੋਕਾਂ, ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਸੰਨ 1966 ਤੱਕ ਤਾਂ ਇਸ ਦਾ ਪਾਣੀ ਕੁਦਰਤੀ ਨੀਲੇ ਰੰਗ ਦਾ ਸੀ, ਜੋ ਕਿ ਬਾਅਦ ਵਿਚ ਹਰੇ, ਲਾਲ ਅਤੇ ਪੀਲੇ ਰੰਗ ਵਿਚ ਤਬਦੀਲ ਹੁੰਦਾ ਰਿਹਾ ਹੈ। ਕਈ ਵਾਰ ਤਾਂ ਇਸ ਝੀਲ ਦਾ ਪਾਣੀ ਵਿਚਾਲਿਓਂ ਹਰਾ ਤੇ ਕੰਢਿਆਂ ਦੇ ਨਾਲ-ਨਾਲ ਪੀਲਾ ਜਾਂ ਲਾਲ ਵੀ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਥੋਂ ਦੇ ਲੋਕ ਕਿਸੇ ਪੁਰਾਣੀ ਦੰਦ ਕਥਾ, ਸ਼ਰਧਾ, ਮਾਨਤਾ ਸਦਕਾ ਆਪਣੇ ਮਨ ਦੀ ਇੱਛਾ ਪੂਰੀ ਕਰਨ ਹਿਤ ਇਸ ਝੀਲ ਵਿਚ ਮੁੱਢ ਤੋਂ ਹੀ ਕਰੰਸੀ, ਸਿੱਕੇ ਅਤੇ ਹੋਰ ਵਸਤਾਂ ਸੁੱਟਦੇ ਆ ਰਹੇ ਸਨ।
ਵਿਗਿਆਨੀਆਂ ਦੀ ਇਹ ਰਾਇ ਹੈ ਕਿ ਸਦੀਆਂ ਤੋਂ ਲੋਕ ਜੋ ਇਸ ਪਾਣੀ 'ਚ ਕਰੰਸੀ ਜਾਂ ਸਿੱਕੇ ਸੁੱਟਦੇ ਆ ਰਹੇ ਹਨ, ਉਹ ਇਸ ਦੀ ਸਤਹ 'ਚ ਜਾ ਕੇ ਬੈਠ ਗਏ ਹਨ। ਉਨ੍ਹਾਂ ਸਿੱਕਿਆਂ ਦੀ ਧਾਤ ਦੇ ਰਸਾਇਣਾਂ ਕਾਰਨ ਵਧੇ ਤਾਪਮਾਨ ਅਤੇ ਕਈ ਤਰ੍ਹਾਂ ਦੇ ਪੈਦਾ ਹੋਏ ਬੈਕਟੀਰੀਆ ਸਦਕਾ ਇਸ ਝੀਲ ਦਾ ਪਾਣੀ ਨੀਲੇ ਕੁਦਰਤੀ ਰੰਗ ਤੋਂ ਕਦੇ ਪੀਲੇ, ਕਦੇ ਹਰੇ ਆਦਿ ਰੰਗਾਂ 'ਚ ਤਬਦੀਲ ਹੋ ਜਾਂਦਾ ਹੈ। ਪਤਾ ਲੱਗਾ ਹੈ ਕਿ ਕੁਝ ਸਮੇਂ ਤੋਂ ਉਥੋਂ ਦੀ ਸਰਕਾਰ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਇਸ ਪ੍ਰਤੀ ਜਾਗਰੂਕ ਹੁੰਦਿਆਂ ਇਸ ਝੀਲ ਵਿਚ ਡਾਲਰ, ਸੈਂਟ, ਸਿੱਕੇ ਜਾਂ ਹੋਰ ਪਦਾਰਥ ਵਗੈਰਾ ਸੁੱਟਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਭਾਰਤ ਦੇ ਸਵਰਗ ਕਹੇ ਜਾਂਦੇ ਸੂਬੇ ਕਸ਼ਮੀਰ ਵਿਖੇ ਸ੍ਰੀਨਗਰ ਸ਼ਹਿਰ ਤੋਂ ਲਗਭਗ 35 ਕਿਲੋਮੀਟਰ ਦੂਰ ਖੂਬਸੂਰਤ ਮਾਨਸ ਡੱਲ ਝੀਲ ਹੈ। ਜਿਥੇ ਇਹ ਝੀਲ ਖੂਬਸੂਰਤੀ ਕਰਕੇ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ ਹੈ। ਉਥੇ ਇਸ ਝੀਲ ਦਾ ਅੱਧਾ ਪਾਣੀ ਕਾਲਾ ਅਤੇ ਅੱਧਾ ਨੀਲਾ ਹੋਣ ਕਾਰਨ ਲੋਕ ਇਸ ਨੂੰ ਹੈਰਾਨੀ ਨਾਲ ਨਿਹਾਰਦੇ ਹਨ। ਸਥਾਨਕ ਲੋਕਾਂ ਅਨੁਸਾਰ ਇਸ ਝੀਲ ਵਿਚ ਲਗਭਗ 1200 ਚਸ਼ਮਿਆਂ ਦਾ ਪਾਣੀ ਪੈਂਦਾ ਹੈ। ਕੁਝ ਲੋਕ ਤਾਂ ਇਸ ਨੂੰ ਤਿਲਿਸਮੀ ਝੀਲ ਵੀ ਕਹਿੰਦੇ ਹਨ। ਇਸ ਝੀਲ ਦਾ ਅੱਧਾ ਪਾਣੀ ਕਾਲਾ ਅਤੇ ਅੱਧਾ ਨੀਲਾ ਕਿਉਂ ਹੈ? ਇਸ ਬਾਰੇ ਅਜੇ ਤੱਕ ਕਿਸੇ ਨੇ ਵੀ ਸਪੱਸ਼ਟ ਨਹੀਂ ਦੱਸਿਆ। ਗੱਲ ਕੀ... ਇਹ ਰਾਜ਼ ਅੱਜ ਤੱਕ ਵੀ ਵਿਗਿਆਨੀਆਂ ਅਤੇ ਸਭ ਲਈ ਅਣਸੁਲਝੀ ਪਹੇਲੀ ਵਾਂਗ ਹੈ।

-ਬ੍ਰਿਸਬੇਨ (ਆਸਟ੍ਰੇਲੀਆ)
ਮੋਬਾਈਲ : +61415049120

ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਵਿਸ਼ੇਸ਼ ਆਓ, ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਈਏ ਅਗਲੀ ਖ਼ਬਰ ਸੰਤੁਲਿਤ ਜੀਵਨ ਜਾਚ ਲਈ ਯੋਗ ਦੀ ਮਹੱਤਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।