ਸੋਹਣਾ ਅਤੇ ਮੋਹਣਾ ਇਕੋ ਪਿੰਡ ਦੇ ਰਹਿਣ ਵਾਲੇ ਅਤੇ ਇਕੋ ਸਕੂਲ ਵਿਚ ਪੜ੍ਹਦੇ ਦੋ ਪੱਕੇ ਦੋਸਤ ਸਨ | ਦੋਵੇਂ ਨੌਵੀਂ ਜਮਾਤ ਤੱਕ ਇਕੱਠੇ ਪੜ੍ਹੇ ਸਨ | ਸੋਹਣਾ ਪੜ੍ਹਾਈ ਵਿਚ ਵੀ ਚੰਗਾ ਸੀ ਅਤੇ ਸੁਭਾਅ ਦਾ ਵੀ ਨਿਮਰ ਸੀ | ਮੋਹਣਾ ਵੀ ਚਲਾਕ ਤੇ ਹੱਸਮੁੱਖ ਸੀ, ਪਰ ਉਸ ਨੂੰ ਇਕ ਆਦਤ ਸੀ, ਉਹ ਹਰ ਗੱਲ ਵਿਚ ਦੂਜਿਆਂ ਦੀ ਰੀਸ ਕਰਨ ਲੱਗ ਪੈਂਦਾ ਸੀ |

ਜਦੋਂ ਸੋਹਣਾ ਨੌਵੀਂ ਜਮਾਤ ਪਾਸ ਕਰਕੇ ਦਸਵੀਂ ਵਿਚ ਦਾਖ਼ਲ ਹੋਇਆ ਤਾਂ ਉਸ ਦੇ ਪਿਤਾ ਜੀ ਨੇ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰ ਦਿੱਤਾ | ਉਹ ਸਰਕਾਰੀ ਨੌਕਰੀ ਕਰਦੇ ਸਨ ਅਤੇ ਘਰ ਦੀ ਹਾਲਤ ਵੀ ਠੀਕ ਸੀ | ਉਨ੍ਹਾਂ ਨੇ ਸੋਹਣੇ ਨੂੰ ਇਕ ਨਵਾਂ ਮੋਟਰਸਾਈਕਲ ਲੈ ਕੇ ਦੇ ਦਿੱਤਾ |
ਸੋਹਣਾ ਬਹੁਤ ਖੁਸ਼ ਹੋਇਆ | ਉਸ ਨੇ ਮੋਟਰਸਾਈਕਲ ਨੂੰ ਬੜੇ ਪਿਆਰ ਨਾਲ ਸਾਫ਼ ਕੀਤਾ ਅਤੇ ਆਪਣੇ ਪਿਤਾ ਜੀ ਦਾ ਧੰਨਵਾਦ ਕੀਤਾ |
ਅਗਲੇ ਦਿਨ ਜਦੋਂ ਮੋਹਣੇ ਨੂੰ ਪਤਾ ਲੱਗਾ ਕਿ ਸੋਹਣੇ ਨੂੰ ਮੋਟਰਸਾਈਕਲ ਮਿਲ ਗਿਆ ਹੈ ਤਾਂ ਉਸ ਦਾ ਮਨ ਵੀ ਲਲਚਾ ਗਿਆ |
ਉਹ ਘਰ ਆਇਆ ਤੇ ਗੁੱਸੇ ਨਾਲ ਬੋਲਿਆ, 'ਡੈਡੀ ਜੀ! ਮੈਨੂੰ ਵੀ ਮੋਟਰਸਾਈਕਲ ਲੈ ਕੇ ਦਿਓ... ਮੇਰੇ ਦੋਸਤ ਸੋਹਣੇ ਨੂੰ ਉਸ ਦੇ ਡੈਡੀ ਨੇ ਨਵਾਂ ਮੋਟਰਸਾਈਕਲ ਲੈ ਕੇ ਦਿੱਤਾ ਹੈ.... ਮੈਂ ਹੁਣ ਵੀ ਸਾਈਕਲ ਚਲਾ ਰਿਹਾ ਹਾਂ |'
ਮੋਹਣੇ ਦੇ ਪਿਤਾ ਜੀ ਚੁੱਪ ਰਹੇ | ਉਹ ਪ੍ਰਾਈਵੇਟ ਕਾਰਖਾਨੇ ਵਿਚ ਕੰਮ ਕਰਦੇ ਸਨ | ਘਰ ਦਾ ਖਰਚਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ | ਉਨ੍ਹਾਂ ਨੇ ਪਿਆਰ ਨਾਲ ਸਮਝਾਇਆ, 'ਪੁੱਤਰ, ਅਜੇ ਸਾਡੀ ਹਾਲਤ ਮੋਟਰਸਾਈਕਲ ਲੈਣ ਵਾਲੀ ਨਹੀਂ ਹੈ... ਜਦੋਂ ਰੱਬ ਨੇ ਚਾਹਿਆ ਅਤੇ ਸਾਡੀ ਗੁੰਜਾਇਸ਼ ਬਣੀ ਤਾਂ ਅਸੀਂ ਤੈਨੂੰ ਜ਼ਰੂਰ ਲੈ ਕੇ ਦੇਵਾਂਗੇ..... ਅਜੇ ਤਾਂ ਪੁੱਤਰ ਤੇਰੇ ਸਾਹਮਣੇ ਮੈਂ ਵੀ ਸਾਈਕਲ ਉੱਤੇ ਕੰਮ 'ਤੇ ਜਾ ਰਿਹਾ ਹਾਂ |'
ਪਰ ਮੋਹਣਾ ਨਾ ਮੰਨਿਆ | ਉਹ ਕਈ ਦਿਨ ਰੁੱਸਿਆ ਰਿਹਾ | ਮਾਂ ਨਾਲ ਵੀ ਠੀਕ ਤਰ੍ਹਾਂ ਗੱਲ ਨਾ ਕਰਦਾ ਅਤੇ ਪਿਤਾ ਜੀ ਨਾਲ ਵੀ ਮੂੰਹ ਫੁਲਾਈ ਰੱਖਦਾ | ਘਰ ਦਾ ਮਾਹੌਲ ਉਦਾਸ ਹੋ ਗਿਆ | ਉਸ ਦੇ ਮਾਪੇ ਬਹੁਤ ਪਰੇਸ਼ਾਨ ਸਨ |
ਇਕ ਦਿਨ ਸੋਹਣੇ ਨੇ ਆਪਣੇ ਮਾਸਟਰ ਜੀ ਨੂੰ ਦੱਸਿਆ, 'ਮਾਸਟਰ ਜੀ, ਮੋਹਣਾ ਮੇਰੇ ਕਾਰਨ ਘਰ ਵਿਚ ਮੋਟਰਸਾਈਕਲ ਲਈ ਜ਼ਿੱਦ ਕਰ ਰਿਹਾ ਹੈ.... ਉਹ ਆਪਣੇ ਮਾਪਿਆਂ ਨਾਲ ਨਾਰਾਜ਼ ਰਹਿੰਦਾ ਹੈ |'
ਮਾਸਟਰ ਜੀ ਨੇ ਅਗਲੇ ਦਿਨ ਮੋਹਣੇ ਨੂੰ ਆਪਣੇ ਕੋਲ ਬੁਲਾਇਆ | ਉਨ੍ਹਾਂ ਨੇ ਬੜੇ ਪਿਆਰ ਨਾਲ ਪੁੱਛਿਆ, 'ਮੋਹਣਾ ਪੁੱਤਰ...ਤੂੰ ਆਪਣੇ ਮਾਪਿਆਂ ਨਾਲ ਕਿਉਂ ਰੁੱਸਿਆ ਹੋਇਆ ਹੈਂ?'
ਮੋਹਣੇ ਨੇ ਹੌਲੀ ਜਿਹੀ ਆਵਾਜ਼ ਵਿਚ ਕਿਹਾ, 'ਮਾਸਟਰ ਜੀ... ਸੋਹਣੇ ਕੋਲ ਮੋਟਰਸਾਈਕਲ ਹੈ....ਮੈਂ ਵੀ ਚਾਹੁੰਦਾ ਹਾਂ ਕਿ ਮੇਰੇ ਕੋਲ ਹੋਵੇ... ਪਰ ਮੇਰੇ ਡੈਡੀ ਮੈਨੂੰ ਮੋਟਰਸਾਈਕਲ ਲੈ ਕੇ ਨਹੀਂ ਦੇ ਰਹੇ |'
ਮਾਸਟਰ ਜੀ ਮੁਸਕਰਾ ਕੇ ਬੋਲੇ, 'ਪੁੱਤਰ, ਕਿਸੇ ਦੀ ਰੀਸ ਕਰਨੀ ਚੰਗੀ ਗੱਲ ਨਹੀਂ ਹੁੰਦੀ... ਹਰ ਘਰ ਦੀ ਹਾਲਤ ਵੱਖਰੀ ਹੁੰਦੀ ਹੈ.... ਤੇਰੇ ਮਾਪੇ ਤੈਨੂੰ ਬਹੁਤ ਪਿਆਰ ਕਰਦੇ ਹਨ....ਜੇ ਉਹ ਅੱਜ ਮੋਟਰਸਾਈਕਲ ਨਹੀਂ ਲੈ ਕੇ ਦੇ ਸਕਦੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਤੈਨੂੰ ਘੱਟ ਪਿਆਰ ਕਰਦੇ ਹਨ |'
ਫਿਰ ਉਨ੍ਹਾਂ ਨੇ ਕਿਹਾ, 'ਤੂੰ ਅਜੇ ਦਸਵੀਂ ਜਮਾਤ ਵਿਚ ਹੈਂ.... ਪੜ੍ਹਾਈ 'ਤੇ ਧਿਆਨ ਦੇ ...ਵੱਡਾ ਹੋ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਜਾਵੇਂਗਾ ਤਾਂ ਤੂੰ ਆਪਣੀ ਮਰਜ਼ੀ ਦਾ ਮੋਟਰਸਾਈਕਲ ਲੈ ਸਕੇਂਗਾ....ਮਾਪਿਆਂ ਦੀ ਇੱਜ਼ਤ ਕਰਨੀ ਅਤੇ ਉਨ੍ਹਾਂ ਦੀ ਮਜਬੂਰੀ ਨੂੰ ਸਮਝਣਾ ਹੀ ਸਿਆਣਪ ਹੈ |'
ਮੋਹਣੇ ਦੀਆਂ ਅੱਖਾਂ ਭਰ ਆਈਆਂ | ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ |
ਉਹ ਸਕੂਲ ਤੋਂ ਘਰ ਗਿਆ ਅਤੇ ਮਾਂ-ਪਿਉ ਦੇ ਕੋਲ ਬੈਠ ਕੇ ਬੋਲਿਆ, 'ਮੈਨੂੰ ਮਾਫ਼ ਕਰ ਦਿਓ ਜੀ....ਮੈਂ ਮੋਟਰਸਾਈਕਲ ਲਈ ਜ਼ਿੱਦ ਨਹੀਂ ਕਰਾਂਗਾ....ਮੈਂ ਪੜ੍ਹਾਈ ਕਰਾਂਗਾ ਅਤੇ ਤੁਹਾਨੂੰ ਖੁਸ਼ ਰੱਖਾਂਗਾ |'
ਮੋਹਣੇ ਦੇ ਮਾਪਿਆਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ | ਪਿਤਾ ਜੀ ਨੇ ਉਸ ਨੂੰ ਗਲੇ ਲਾ ਲਿਆ ਅਤੇ ਕਿਹਾ, 'ਪੁੱਤਰ, ਤੂੰ ਸਮਝਦਾਰ ਬਣ ਗਿਆ ਹੈਂ...ਇਹੀ ਸਾਡੀ ਸਭ ਤੋਂ ਵੱਡੀ ਖੁਸ਼ੀ ਹੈ |'
ਉਸ ਦਿਨ ਤੋਂ ਮੋਹਣਾ ਮਨ ਲਾ ਕੇ ਪੜ੍ਹਨ ਲੱਗ ਪਿਆ | ਉਹ ਸੋਹਣੇ ਨਾਲ ਪਹਿਲਾਂ ਵਾਂਗ ਦੋਸਤੀ ਨਾਲ ਰਹਿੰਦਾ, ਹੁਣ ਉਹ ਕਿਸੇ ਦੀ ਰੀਸ ਨਹੀਂ ਕਰਦਾ ਸੀ |
-ਪਿੰਡ ਤੇ ਡਾਕ ਕੋਹਾਲੀ, ਰਾਮ ਤੀਰਥ ਰੋਡ ਅੰਮਿ੍ਤਸਰ |
ਮੋਬਾਈਲ : 98152-82283