ਕੁਝ ਦਿਨ ਪਹਿਲਾਂ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁੱਤਾਕੀ ਨੇ ਭਾਰਤ ਦੀ ਯਾਤਰਾ ਕੀਤੀ ਸੀ। ਦੋਵਾਂ ਦੇਸ਼ਾਂ ਨੇ ਇਸ ਯਾਤਰਾ ਨਾਲ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ। ਕਰੀਬ 4 ਕੁ ਸਾਲ ਪਹਿਲਾਂ ਤਾਲਿਬਾਨ ਨੇ ਲੰਬੇ ਤੇ ਖ਼ੂਨੀ ਸੰਘਰਸ਼ ਤੋਂ ਬਾਅਦ ਮੁੜ ਅਫ਼ਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ। ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੀ ਹੋਈ ਇਸ ਜਿੱਤ ਵਿਚ ਪਾਕਿਸਤਾਨ ਦਾ ਵੱਡਾ ਹੱਥ ਸੀ। ਉਹ ਇਕ ਪਾਸੇ ਅਮਰੀਕਾ ਦਾ ਦਮ ਭਰਦਾ ਰਿਹਾ ਹੈ ਤੇ ਦੂਜੇ ਪਾਸੇ ਤਾਲਿਬਾਨ ਨੂੰ ਵੀ ਵੱਡੀ ਹੱਲਾਸ਼ੇਰੀ ਦਿੰਦਾ ਰਿਹਾ। ਲੰਬੇ ਸੰਘਰਸ਼ ਤੋਂ ਬਾਅਦ ਅਮਰੀਕੀ ਫ਼ੌਜੀਆਂ ਦੇ ਅਫ਼ਗਾਨਿਸਤਾਨ ਛੱਡ ਜਾਣ ਤੋਂ ਪਿਛੋਂ ਤਾਲਿਬਾਨ ਨੇ ਅਮਰੀਕਾ ਦੁਆਰਾ ਸਥਾਪਤ ਕੀਤੀ ਗਈ ਸਰਕਾਰ ਨੂੰ ਹਰਾ ਦਿੱਤਾ ਸੀ। ਭਾਰਤ ਦੇ ਇਸ ਤੋਂ ਪਹਿਲੀ ਅਮਰੀਕਾ ਪੱਖੀ ਸਰਕਾਰ ਨਾਲ ਵੀ ਚੰਗੇ ਸੰਬੰਧ ਰਹੇ ਸਨ।
ਭਾਰਤ ਨੇ ਉਸ ਸਮੇਂ ਦੌਰਾਨ ਉਥੇ ਮੁਢਲੇ ਢਾਂਚੇ ਦੀ ਮੁੜ ਉਸਾਰੀ ਲਈ ਵੱਡੀ ਸਹਾਇਤਾ ਕੀਤੀ ਸੀ ਤੇ ਆਪਣੇ ਬਹੁਤ ਸਾਰੇ ਪ੍ਰਾਜੈਕਟ ਉਥੇ ਸ਼ੁਰੂ ਕੀਤੇ ਸਨ। ਸਰਕਾਰੀ ਕੰਪਲੈਕਸ, ਸੜਕਾਂ, ਪੁਲਾਂ, ਸਕੂਲ ਤੇ ਹਸਪਤਾਲ ਆਦਿ ਦੀ ਉਸਾਰੀ ਸ਼ਾਮਿਲ ਸੀ। ਇਸ ਮਕਸਦ ਲਈ ਭਾਰਤ ਵਲੋਂ ਵੱਡੀ ਹੱਦ ਤੱਕ ਉਥੇ ਇੰਜੀਨੀਅਰਾਂ ਨੂੰ ਭੇਜਿਆ ਗਿਆ। ਪਰ ਉਸ ਸਮੇਂ ਅਫ਼ਗਾਨਿਸਤਾਨੀ ਤਾਲਿਬਾਨਾਂ ਨੂੰ ਇਹ ਮਨਜ਼ੂਰ ਨਹੀਂ ਸੀ ਤੇ ਉਹ ਭਾਰਤੀ ਅੰਬੈਸੀ ਤੇ ਹੋਰ ਸੰਬੰਧਿਤ ਦਫ਼ਤਰਾਂ ਅਤੇ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ 'ਤੇ ਹਮਲੇ ਕਰਦੇ ਰਹਿੰਦੇ ਸਨ। ਉਨ੍ਹਾਂ ਦੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਨੇ ਉਥੋਂ ਆਪਣੀਆਂ ਯੋਜਨਾਵਾਂ ਵੀ ਸਮੇਟ ਲਈਆਂ ਸਨ ਤੇ ਦੂਤਘਰ ਵੀ ਉਥੋਂ ਹਟਾ ਲਿਆ ਸੀ। ਪਰ ਪਿਛਲੇ 4 ਸਾਲ ਦੇ ਅਰਸੇ ਦੌਰਾਨ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਇਹ ਚੰਗੀ ਤਰ੍ਹਾਂ ਮਹਿਸੂਸ ਹੋ ਗਿਆ ਕਿ ਉਨ੍ਹਾਂ ਨੂੰ ਭਾਰਤ ਨਾਲ ਰਾਬਤਾ ਬਣਾਉਣਾ ਚਾਹੀਦਾ ਹੈ ਤੇ ਦੋਵਾਂ ਮੁਲਕਾਂ 'ਚ ਵਪਾਰ ਦੇ ਨਾਲ-ਨਾਲ ਉਥੋਂ ਦੀ ਪਹਿਲੀ ਸਰਕਾਰ ਸਮੇਂ ਆਰੰਭੇ ਗਏ ਉਸਾਰੂ ਕੰਮਾਂ ਨੂੰ ਵੀ ਮੁੜ ਤੋਂ ਆਰੰਭ ਕਰਨ ਦੀ ਜ਼ਰੂਰਤ ਹੈ।
ਪਿਛਲੇ 4 ਸਾਲਾਂ 'ਚ ਜਦੋਂ ਵੀ ਕਦੀ ਕੁਦਰਤੀ ਆਫ਼ਤਾਂ ਨਾਲ ਅਫ਼ਗਾਨਿਸਤਾਨ ਝੰਬਿਆ ਗਿਆ ਤਾਂ ਭਾਰਤ ਨੇ ਤੁਰੰਤ ਉਸ ਦੀ ਸਹਾਇਤਾ ਲਈ ਵੱਧ ਤੋਂ ਵੱਧ ਯੋਗਦਾਨ ਦਿੱਤਾ। ਇਸ ਦਾ ਅਸਰ ਵੀ ਉਥੇ ਦੇ ਲੋਕਾਂ ਅਤੇ ਸਰਕਾਰ 'ਤੇ ਪਿਆ। ਹੁਣ ਅਫ਼ਗਾਨਿਸਤਾਨ ਨੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਭਾਰਤ ਨਾਲ ਸਦੀਆਂ ਪੁਰਾਣੇ ਵਪਾਰਕ ਸੰਬੰਧਾਂ ਨੂੰ ਫਿਰ ਤੋਂ ਵਧਾਉਣ ਦਾ ਯਤਨ ਕੀਤਾ ਹੈ। ਪਰ ਸੜਕੀ ਰਸਤੇ ਥਾਣੀ ਦੋਵਾਂ ਦੇਸ਼ਾਂ ਨੂੰ ਪਾਕਿਸਤਾਨ ਵਿਚੋਂ ਲੰਘਣਾ ਪੈਂਦਾ ਹੈ, ਜਿਸ ਕਰਕੇ ਪਾਕਿਸਤਾਨ ਨੇ ਅਕਸਰ ਇਨ੍ਹਾਂ ਦੇ ਵਪਾਰ ਨੂੰ ਨਿਰਉਤਸ਼ਾਹਿਤ ਕਰਨ ਲਈ ਵੱਡੀਆਂ ਰੋਕਾਂ ਲਾਈਆਂ ਹਨ। ਇਸ ਕਰਕੇ ਭਾਰਤ ਨੇ ਸਮੁੰਦਰ ਰਾਹੀਂ ਲੰਬਾ ਰਸਤਾ ਤੈਅ ਕਰਕੇ ਅਫ਼ਗਾਨਿਸਤਾਨ ਤੱਕ ਪਹੁੰਚਣ ਲਈ ਈਰਾਨ ਵਿਚ ਚਾਬਹਾਰ ਬੰਦਰਗਾਹ ਦਾ ਨਿਰਮਾਣ ਕੀਤਾ ਹੈ। ਚਾਬਹਾਰ ਤੋਂ ਅਫ਼ਗਾਨਿਸਤਾਨ ਦੀ ਸਰਹੱਦ ਬਹੁਤ ਨੇੜੇ ਹੈ। ਇਸ ਤਰ੍ਹਾਂ ਸਮੁੰਦਰੀ ਰਸਤੇ ਰਾਹੀਂ ਚਾਬਹਾਰ ਬੰਦਰਗਾਹ 'ਤੇ ਭੇਜਿਆ ਜਾ ਰਿਹਾ ਭਾਰਤ ਦਾ ਸਾਮਾਨ ਅੱਗੇ ਈਰਾਨ ਵਿਚ ਦੀ ਅਫ਼ਗਾਨਿਸਤਾਨ ਤੱਕ ਪਹੁੰਚਾਇਆ ਜਾਣ ਲੱਗਾ ਹੈ। ਇਸ ਸਫਲਤਾਪੂਰਵਕ ਕੀਤੇ ਗਏ ਯਤਨ ਦਾ ਵੀ ਅਫ਼ਗਾਨਿਸਤਾਨ ਸਰਕਾਰ 'ਤੇ ਚੰਗਾ ਅਸਰ ਪਿਆ ਹੈ। ਦੂਜੇ ਪਾਸੇ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਤੇ ਹਰ ਢੰਗ ਤਰੀਕੇ ਨਾਲ ਆਪਣੀ ਚੌਧਰ ਬਣਾਉਣ ਦਾ ਯਤਨ ਕੀਤਾ ਹੈ, ਜੋ ਅਫ਼ਗਾਨਿਸਤਾਨ ਸਰਕਾਰ ਨੂੰ ਮਨਜ਼ੂਰ ਨਹੀਂ। ਉਥੋਂ ਦੀ ਤਾਲਿਬਾਨ ਸਰਕਾਰ ਪਾਕਿਸਤਾਨ ਤੋਂ ਇਸ ਗੱਲ 'ਤੇ ਵੀ ਨਾਰਾਜ਼ ਸੀ ਕਿ ਉਹ ਉਸ ਦੇ ਭਾਰਤ ਨਾਲ ਵਪਾਰ ਵਿਚ ਰੋਕਾਂ ਡਾਹੁੰਦਾ ਰਿਹਾ ਹੈ। ਅਫ਼ਗਾਨਿਸਤਾਨ ਵਿਚ ਬੀਤੇ ਲੰਬੇ ਸਮੇਂ ਤੱਕ ਚੱਲੇ ਗ੍ਰਹਿ ਯੁੱਧ ਵਿਚ ਵੱਡੀ ਗਿਣਤੀ 'ਚ ਲੱਖਾਂ ਹੀ ਅਫ਼ਗਾਨਿਸਤਾਨੀਆਂ ਨੇ ਪਾਕਿਸਤਾਨ 'ਚ ਸ਼ਰਨ ਲਈ ਹੋਈ ਸੀ, ਜਿਸ ਦੀ ਪਹਿਲਾਂ ਤਾਂ ਪਾਕਿਸਤਾਨ ਨੇ ਇਜਾਜ਼ਤ ਦਿੱਤੀ ਰੱਖੀ ਪਰ ਬਾਅਦ 'ਚ ਉਹ ਇਨ੍ਹਾਂ ਵੱਡੀ ਗਿਣਤੀ 'ਚ ਆਏ ਅਫ਼ਗਾਨ ਸ਼ਰਨਾਰਥੀਆਂ ਨੂੰ ਆਪਣੇ 'ਤੇ ਬੋਝ ਸਮਝਣ ਲੱਗਾ ਤੇ ਇਹ ਵੀ ਕਿ ਉਸ ਦੀ ਆਪਣੀ ਆਰਥਿਕਤਾ ਵੀ ਬੁਰੀ ਤਰ੍ਹਾਂ ਡੋਲੀ ਹੋਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਜ਼ਿਲ੍ਹੇ ਦੀ ਲੰਬੀ ਸਰਹੱਦ ਵੀ ਅਫ਼ਗਾਨਿਸਤਾਨ ਨਾਲ ਲੱਗਦੀ ਹੈ।
ਪਾਕਿਸਤਾਨ ਦੀ ਤਾਲਿਬਾਨ ਜਥੇਬੰਦੀ, ਜਿਸ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਕਿਹਾ ਜਾਂਦਾ ਹੈ, ਵੀ ਪਾਕਿਸਤਾਨ ਲਈ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਉਸ ਦਾ ਬਹੁਤਾ ਅਧਾਰ ਖ਼ੈਬਰ ਪਖ਼ਤੂਨਖਵਾ ਖੇਤਰ ਵਿਚ ਹੈ। ਪਾਕਿਸਤਾਨੀ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ਆਪਣੇ ਟਿਕਾਣੇ ਬਣਾਏ ਹੋਏ ਹਨ। ਉਥੋਂ ਉਹ ਪਖ਼ਤੂਨਖਵਾ ਵਿਚ ਦਾਖ਼ਲ ਹੋ ਕੇ ਪਾਕਿਸਤਾਨ ਵਿਰੁੱਧ ਸਖ਼ਤ ਹਿੰਸਕ ਕਾਰਵਾਈਆਂ ਕਰਦੇ ਰਹਿੰਦੇ ਹਨ। ਉਹ ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖਵਾ ਦੋਵਾਂ ਸੂਬਿਆਂ ਵਿਚ ਸਰਗਰਮ ਹਨ ਤੇ ਪਾਕਿਸਤਾਨ ਦੀ ਸਰਕਾਰ ਨੂੰ ਉਲਟਾਉਣ ਲਈ ਲਗਾਤਾਰ ਤਤਪਰ ਰਹਿੰਦੇ ਹਨ। ਪਾਕਿਸਤਾਨ ਨੂੰ ਹਮੇਸ਼ਾ ਇਹ ਗਿਲਾ ਰਿਹਾ ਹੈ ਕਿ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਪਾਕਿਸਤਾਨ ਦੇ ਇਸ ਤਾਲਿਬਾਨੀ ਸੰਗਠਨ ਦੀ ਮਦਦ ਕਰਦੀ ਹੈ, ਜੋ ਅਫ਼ਗਾਨਿਸਤਾਨ ਵਾਂਗ ਪਾਕਿਸਤਾਨ 'ਤੇ ਕਬਜ਼ਾ ਕਰਕੇ ਆਪਣਾ ਸਖ਼ਤ ਮੁਸਲਿਮ ਸ਼ਰੀਅਤ ਦਾ ਕਾਨੂੰਨ ਲਾਗੂ ਕਰਨਾ ਚਾਹੁੰਦਾ ਹੈ। ਪਾਕਿਸਤਾਨ ਇਸ ਨੂੰ ਆਪਣੀ ਪ੍ਰਭੂਸੱਤਾ 'ਤੇ ਹਮਲਾ ਸਮਝ ਰਿਹਾ ਹੈ, ਜਿਸ ਕਾਰਨ ਉਸ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਬੇਹੱਦ ਤਣਾਅਪੂਰਨ ਬਣ ਚੁੱਕੇ ਹਨ।
ਇਸ ਸਮੇਂ ਦੌਰਾਨ ਪਾਕਿਸਤਾਨ ਇਹ ਦੋਸ਼ ਵੀ ਲਾਉਂਦਾ ਰਿਹਾ ਹੈ ਕਿ ਭਾਰਤ ਅਫ਼ਗਾਨਿਸਤਾਨ ਸਰਕਾਰ ਰਾਹੀਂ ਪਾਕਿਸਤਾਨ ਦੇ ਤਾਲਿਬਾਨੀ ਸੰਗਠਨ ਦੀ ਵੀ ਮਦਦ ਕਰ ਰਿਹਾ ਹੈ। ਹੁਣ ਅਫ਼ਗਾਨਿਸਤਾਨ ਸਰਕਾਰ ਨੇ ਇਹ ਦੋਸ਼ ਲਾਇਆ ਹੈ ਕਿ ਜਦੋਂ ਉਸ ਦਾ ਵਿਦੇਸ਼ ਮੰਤਰੀ ਭਾਰਤ ਦੀ ਯਾਤਰਾ 'ਤੇ ਸੀ ਤੇ ਹਰ ਪੱਖ ਤੋਂ ਭਾਰਤ ਨਾਲ ਚੰਗੇ ਸੰਬੰਧ ਬਣਾਉਣ ਲਈ ਗੱਲਬਾਤ ਕਰ ਰਿਹਾ ਸੀ, ਤਾਂ ਬੁਖਲਾਹਟ ਵਿਚ ਆ ਕੇ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ, ਜਿਸ ਨੂੰ ਅਫ਼ਗਾਨਿਸਤਾਨ ਸਰਕਾਰ ਨੇ ਆਪਣੀ ਪ੍ਰਭੂਸੱਤਾ ਉਤੇ ਹਮਲਾ ਕਰਾਰ ਦਿੱਤਾ ਹੈ। ਅਜਿਹੇ ਕਾਰਨਾਂ ਕਰਕੇ ਪਹਿਲਾਂ ਹੀ ਦੋਵਾਂ ਦੇਸ਼ਾਂ ਵਿਚ ਬੇਹੱਦ ਤਣਾਅਪੂਰਨ ਚੱਲੇ ਆ ਰਹੇ ਸੰਬੰਧ ਫ਼ੌਜੀ ਝੜਪਾਂ ਵਿਚ ਬਦਲੇ ਗਏ ਹਨ, ਜਿਨ੍ਹਾਂ ਵਿਚ ਦੋਵੇਂ ਪਾਸੇ ਦਰਜਨਾਂ ਲੋਕ ਮਾਰੇ ਗਏ ਹਨ ਤੇ ਬਹੁਤ ਸਾਰੇ ਜ਼ਖ਼ਮੀ ਵੀ ਹੋਏ ਹਨ। ਪਾਕਿਸਤਾਨ ਸਰਕਾਰ ਇਸ ਲਈ ਭਾਰਤ ਨੂੰ ਦੋਸ਼ੀ ਠਹਿਰਾ ਰਹੀ ਹੈ, ਜਦੋਂਕਿ ਭਾਰਤ ਨੇ ਅਫ਼ਗਾਨਿਸਤਾਨ ਨੂੰ ਪ੍ਰਭੂਸੱਤਾ ਸੰਪੰਨ ਦੇਸ਼ ਐਲਾਨਿਆ ਹੋਇਆ ਹੈ। ਚਾਹੇ ਹੁਣ ਕੁਝ ਸਮੇਂ ਲਈ ਅਫ਼ਗਾਨਿਸਤਾਨ ਤੇ ਪਾਕਿਸਤਾਨ ਦਰਮਿਆਨ ਲੜਾਈ ਬੰਦੀ ਕਰਨ ਦਾ ਐਲਾਨ ਤਾਂ ਕੀਤਾ ਗਿਆ ਹੈ ਪਰ ਪੈਦਾ ਹੋਈ ਆਪਸੀ ਬੇਵਿਸ਼ਵਾਸੀ ਤੇ ਸਰਹੱਦਾਂ 'ਤੇ ਹੁੰਦੀਆਂ ਖ਼ੂਨੀ ਝੜਪਾਂ ਕਿਸੇ ਵੀ ਸਮੇਂ ਵੱਡੀ ਲੜਾਈ ਵਿਚ ਬਦਲ ਸਕਦੀਆਂ ਹਨ। ਇਹ ਟਕਰਾਅ, ਦੱਖਣੀ ਏਸ਼ੀਆ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਕਰ ਸਕਦਾ ਹੈ।0
-ਬਰਜਿੰਦਰ ਸਿੰਘ ਹਮਦਰਦ