ਅੱਜ ਜਨਮ ਦਿਨ 'ਤੇ ਵਿਸ਼ੇਸ਼
ਸਿੱਖ ਇਤਿਹਾਸ ਵਿਚ ਬ੍ਰਹਮ ਗਿਆਨੀ, ਪੁੱਤਰਾਂ ਦੇ ਦਾਨੀ ਅਤੇ ਇਤਿਹਾਸ ਦੇ ਸੁਨਹਿਰੀ ਪੰਨਿਆ 'ਤੇ ਗੁਰੂਘਰ ਦੇ ਅਨਿਨ ਸੇਵਾਦਾਰ ਵਜੋਂ ਹਰਫ਼ ਲਿਖਾਉਣ ਵਾਲੇ, 6 ਗੁਰੂ ਸਹਿਬਾਨ ਦੇ ਦਰਸ਼ਨ ਕਰਨ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ 1563 ਬਿਕਰਮੀ ਸੰਮਤ ਨੂੰ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਿਤਾ ਸੁੱਘੇ ਰੰਧਾਵਾ ਅਤੇ ਮਾਤਾ ਗੌਰਾਂ ਜੀ ਦੇ ਘਰ ਹੋਇਆ। ਉਨ੍ਹਾਂ ਦੀ ਮਾਤਾ ਜੀ ਬਹੁਤ ਹੀ ਭਜਨ ਬੰਦਗੀ ਵਾਲੀ ਰੂਹ ਸਨ, ਜਿਸ ਕਰਕੇ ਉਨ੍ਹਾਂ ਦੀ ਭਜਨ ਬੰਦਗੀ ਦਾ ਅਸਰ ਬਾਬਾ ਬੁੱਢਾ ਜੀ ਦੀ ਸ਼ਖ਼ਸੀਅਤ 'ਤੇ ਵੀ ਪਿਆ।
ਮਾਪਿਆਂ ਨੇ ਉਨ੍ਹਾਂ ਦਾ ਨਾਂਅ 'ਬੂੜਾ' ਰੱਖਿਆ ਅਤੇ ਕੁਝ ਚਿਰ ਮਗਰੋਂ ਉਹ ਪਿੰਡ ਰਮਦਾਸ ਆ ਵਸੇ। ਉਸ ਸਮੇਂ ਉਹ ਬਾਰਾਂ ਵਰ੍ਹਿਆਂ ਦੇ ਸਨ। ਉਸੇ ਸਮੇਂ ਦੌਰਾਨ ਹੀ ਉਨ੍ਹਾਂ ਦਾ ਮਿਲਾਪ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਮਦਾਸ ਪਿੰਡ ਦੀ ਜੂਹ ਵਿਚ ਹੋਇਆ। ਜਿੱਥੇ ਬਾਲ ਬੂੜਾ ਮੱਝਾਂ ਚਾਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਬਚਨ-ਉਪਦੇਸ਼ ਸੁਣਦੇ ਅਤੇ ਉਨ੍ਹਾਂ ਲਈ ਦੁੱਧ ਲਿਆ ਕੇ ਭੇਟ ਕਰਦੇ ਸਨ। ਇਕ ਦਿਨ ਗੁਰੂ ਨਾਨਕ ਦੇਵ ਜੀ ਨੇ ਬਾਲ ਬੂੜੇ ਨੂੰ ਉਨ੍ਹਾਂ ਬਾਰੇ ਪੁੱਛਿਆ ਤਾਂ ਜਵਾਬ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਹੈ ਤਾਂ ਤੂੰ ਬੱਚਾ ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਏਂ, ਸਚਮੁੱਚ ਤੂੰ ਬੱਚਾ ਨਹੀਂ ਤੂੰ ਬੁੱਢਾ ਹੈਂ। ਉਸ ਦਿਨ ਤੋਂ ਬੂੜਾ ਦਾ ਨਾਂਅ ਬਾਬਾ ਬੁੱਢਾ ਜੀ ਪੈ ਗਿਆ। ਸਿੱਖ ਸੰਗਤ ਪਿਆਰ-ਸਤਿਕਾਰ ਨਾਲ ਉਨ੍ਹਾਂ ਨੂੰ ਧੰਨ ਬਾਬਾ ਬੁੱਢਾ ਜੀ ਆਖਦੀ ਹੈ। ਬਾਬਾ ਬੁੱਢਾ ਜੀ ਉਸੇ ਦਿਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਅਤੇ ਸ੍ਰੀ ਗੁਰੁ ਨਾਨਕ ਦੇਵ ਜੀ ਨਾਲ ਹੋ ਤੁਰੇ। ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ 'ਚ ਕੰਮ ਕਰਦੇ ਤੇ ਨਾਮ ਵੀ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸੰਗਤਾਂ ਦੀ ਸੇਵਾ ਵਿਚ ਲਗਾਇਆ ਅਤੇ ਗੁਰੂ ਜੀ ਦੇ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦੇ ਉਪਦੇਸ਼ ਨੂੰ ਕਮਾ ਕੇ ਹੀ ਨਹੀਂ ਦਿਖਾਇਆ, ਸਗੋਂ ਸੰਗਤ ਨੂੰ ਵੀ ਇਸ ਨਾਲ ਜੋੜਿਆ।
ਗੁਰੂ ਨਾਨਕ ਦੇਵ ਜੀ ਨੇ ਜਦੋਂ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਤੋਂ ਅਦਾ ਕਰਵਾਈ ਅਤੇ ਇਸ ਮਗਰੋਂ ਤੀਜੇ ਪਤਿਸ਼ਾਹ ਗੁਰੂ ਅਮਰਦਾਸ ਜੀ, ਚੌਥੇ ਪਤਿਸ਼ਾਹ ਗੁਰੂ ਰਾਮਦਾਸ ਜੀ, ਪੰਜਵੇਂ ਪਤਿਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਤਾਗੱਦੀ ਦੇਣ ਦੀ ਰਸਮ ਵੀ ਬਾਬਾ ਬੁੱਢਾ ਜੀ ਨੇ ਹੀ ਅਦਾ ਕੀਤੀ। ਬਾਬਾ ਬੁੱਢਾ ਜੀ ਦਾ ਵਿਆਹ ਬਟਾਲਾ ਅਧੀਨ ਪੈਂਦੇ ਪਿੰਡ ਅਚਲ ਵਿਚ ਬੀਬੀ ਮਰੋਆ ਜੀ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ 4 ਪੁੱਤਰਾਂ ਨੇ ਜਨਮ ਲਿਆ।
ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਪਿੰਡ ਬੀੜ ਵਿਚ ਹੀ ਬਤੀਤ ਕੀਤਾ, ਜਿੱਥੇ ਗੁਰੂ ਅਰਜਨ ਦੇਵ ਜੀ ਨੇ ਵੀ ਚਰਨ ਪਾਏ ਸਨ। ਇਸੇ ਸਥਾਨ 'ਤੇ ਆ ਕੇ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਦੀ ਸਹਿਜ ਅਵਸਥਾ ਵਿਚ ਪੁੱਤਰ ਦੀ ਦਾਤ ਮੰਗੀ ਤੇ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਖ਼ਜ਼ਾਨੇ 'ਚੋਂ ਮਾਤਾ ਗੰਗਾ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ ਮਾਤਾ ਜੀ ਤੁਹਾਡੇ ਘਰ ਇਕ ਮਹਾਨ ਯੋਧਾ ਪੈਦਾ ਹੋਵੇਗਾ, ਜੋ ਮੁਗਲਾਂ ਦੇ ਸਿਰ ਇੰਜ ਭੰਨੇਗਾ ਜਿਵੇਂ ਅਸੀਂ ਗੰਢਾ ਭੰਨਿਆ ਹੈ। ਉਸ ਵੇਲੇ ਬਾਬਾ ਜੀ ਮਾਤਾ ਗੰਗਾ ਜੀ ਵਲੋਂ ਲਿਆਂਦੇ ਮਿੱਸੇ ਪ੍ਰਸ਼ਾਦੇ ਤੇ ਗੰਢਾ ਛੱਕ ਰਹੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਮਾਤਾ ਗੰਗਾ ਜੀ ਨੂੰ ਇਸ ਸਥਾਨ 'ਤੇ ਪੁੱਤਰ ਦੀ ਦਾਤ ਲਈ ਭੇਜਣਾ ਗੁਰੂ ਸਾਹਿਬ ਵਲੋਂ ਆਪਣੇ ਸਿੱਖ ਨੂੰ ਮਹਾਨ ਦਰਜਾ ਦੇਣ ਦਾ ਸਬੂਤ ਹੈ। ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ ਥਾਪਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਸੁਸ਼ੋਭਿਤ ਤਿੰਨ ਪੁਰਾਤਨ ਬੇਰੀਆਂ (ਦੁੱਖ ਭੰਜਨੀ ਬੇਰੀ, ਲਾਚੀ ਬੇਰੀ ਦੇ ਨਾਲ-ਨਾਲ ਬੇਰ ਬਾਬਾ ਬੁੱਢਾ ਜੀ) ਦਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਇਤਿਹਾਸਕ ਮਹੱਤਵ ਹੈ। ਇਸ ਬੇਰੀ ਥੱਲੇ ਬਾਬਾ ਬੁੱਢਾ ਜੀ ਬਿਰਾਜਮਾਨ ਹੁੰਦੇ ਸਨ ਅਤੇ ਅੰਮ੍ਰਿਤ-ਸਰੋਵਰ ਦੀ ਕਾਰ ਸੇਵਾ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਸਨ। ਇਹ ਬੇਰੀ ਚਾਰ ਸੌ ਸਾਲ ਤੋਂ ਵੱਧ ਸਮੇਂ ਤੋਂ ਖੜ੍ਹੀ ਹੈ, ਜਿਸ ਨੂੰ ਆਲੇ-ਦੁਆਲੇ ਜਾਲੀ ਲਾ ਕੇ ਸੁਰੱਖਿਅਤ ਕੀਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰ ਰਿਹਾ ਹਰ ਸ਼ਰਧਾਲੂ ਇਸ ਬੇਰੀ ਪ੍ਰਤੀ ਆਪਣੀ ਸ਼ਰਧਾ ਭੇਟ ਕਰ ਕੇ ਅੱਗੇ ਲੰਘਦਾ ਹੈ ਅਤੇ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਦੀ ਉਸਾਰੀ ਸ਼ੁਰੂ ਕਰਵਾਈ ਤਾਂ ਉਸ ਸਮੇਂ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਸੇਵਾ ਕੀਤੀ। ਧੰਨ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਵਿੱਦਿਆ, ਗੁਰਮੁਖੀ ਸਿਖਾਉਣ ਦੇ ਨਾਲ-ਨਾਲ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਵੀ ਉਨ੍ਹਾਂ ਨੂੰ ਧਾਰਨ ਕਰਵਾਈਆਂ। ਬਾਬਾ ਬੁੱਢਾ ਜੀ ਨੇ ਸੇਵਾ ਤੇ ਸਿਮਰਨ ਕਮਾ ਕੇ ਸਿੱਖ ਇਤਹਾਸ ਦੇ ਸੁਨਹਿਰੀ ਪੰਨਿਆ 'ਤੇ ਉਹ ਹਰਫ਼ ਲਿਖੇ ਜਿਨ੍ਹਾਂ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਅੱਜ ਸਮੁੱਚੀ ਕਾਇਨਾਤ ਵਿਚ ਧੰਨ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬਹੁਤ ਧੂਮ-ਧਾਮ ਤੇ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
-ਪ੍ਰਤੀਨਿਧ 'ਅਜੀਤ', ਬੁੱਲ੍ਹੋਵਾਲ (ਹੁਸ਼ਿਆਰਪੁਰ)।
ਮੋਬਾਈਲ : 98154-48043