ਮੁੰਬਈ, 18 ਜੂਨ (ਪੀ.ਟੀ.ਆਈ.)-ਬੀ.ਸੀ.ਸੀ.ਆਈ. ਨੂੰ ਆਈ.ਪੀ.ਐਲ. ਫਰੈਂਚਾਇਜ਼ੀ ਕੋਚੀ ਟਸਕਰਸ ਦੇ ਮਾਲਕਾਂ ਨੂੰ ਮੁਆਵਜ਼ੇ ਵਜੋਂ 538 ਕਰੋੜ ਰੁਪਏ ਦੇਣੇ ਪੈਣਗੇ | ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਆਰਬਿਟਰਲ ਟਿ੍ਬਿਊਨਲ ਦੇ ਫੈਸਲੇ ਵਿਰੁੱਧ ਬੀ. ਸੀ. ਸੀ. ਆਈ. ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ | ਕੋਚੀ ਟਸਕਰਸ ਟੀਮ ਨੇ 2011 ਵਿਚ ਆਈ. ਪੀ. ਐਲ. ਵਿਚ ਹਿੱਸਾ ਲਿਆ ਸੀ, ਪਰ ਅਗਲੇ ਸਾਲ ਬੀ. ਸੀ. ਸੀ. ਆਈ. ਦੁਆਰਾ ਉਨ੍ਹਾਂ ਦਾ ਇਕਰਾਰਨਾਮਾ ਖਤਮ ਕਰ ਦਿੱਤਾ ਗਿਆ ਸੀ, ਜਿਸਦਾ ਕਾਰਨ ਇਹ ਸੀ ਕਿ ਕੇ. ਸੀ. ਪੀ. ਐਲ. ਤੇ ਆਰ. ਐਸ. ਡਬਲਿਯੂ. ਕਥਿਤ ਤੌਰ 'ਤੇ ਲੋੜੀਂਦੀ ਬੈਂਕ ਗਰੰਟੀ ਦੇਣ ਵਿਚ ਅਸਫਲ ਰਹੇ ਸਨ | ਪਟੀਸ਼ਨ ਰੱਦ ਕਰਨ ਸੰਬੰਧੀ ਬੰਬੇ ਹਾਈ ਕੋਰਟ ਦੇ ਜਸਟਿਸ ਆਰ. ਚਾਗਲਾ ਨੇ ਕਿਹਾ, 'ਅਦਾਲਤ ਇਸ ਮਾਮਲੇ ਵਿਚ ਦਖਲ ਨਹੀਂ ਦੇ ਸਕਦੀ, ਕਿਉਂਕਿ ਅਦਾਲਤ ਦੀ ਭੂਮਿਕਾ ਆਰਬਿਟਰੇਸ਼ਨ ਤੇ ਸੁਲ੍ਹਾ ਐਕਟ ਦੀ ਧਾਰਾ 34 ਦੇ ਤਹਿਤ ਸੀਮਤ ਹੈ | ਬੀ.ਸੀ.ਸੀ.ਆਈ. ਦੀ ਚੁਣੌਤੀ ਐਕਟ ਦੀ ਧਾਰਾ 34 ਦੇ ਦਾਇਰੇ ਦੇ ਵਿਰੁੱਧ ਹੈ | ਅਸੀਂ ਫੈਸਲਾ ਸਿਰਫ ਇਸ ਲਈ ਨਹੀਂ ਬਦਲ ਸਕਦੇ ਕਿਉਂਕਿ ਤੁਹਾਨੂੰ ਇਹ ਪਸੰਦ ਨਹੀਂ ਹੈ |' 10 ਸਾਲ ਪਹਿਲਾਂ 2015 ਵਿਚ, ਟਿ੍ਬਿਊਨਲ ਦੇ ਜਸਟਿਸ ਆਰ. ਸੀ. ਲਾਹੋਟੀ ਨੇ ਫਰੈਂਚਾਇਜ਼ੀ ਦੇ ਹੱਕ ਵਿਚ ਫੈਸਲਾ ਦਿੱਤਾ ਸੀ | ਅਦਾਲਤ ਨੇ ਹੁਕਮ ਦਿੱਤਾ ਸੀ ਕਿ ਬੀ.ਸੀ.ਸੀ.ਆਈ. ਟੀਮ ਨੂੰ ਮੁਆਵਜ਼ੇ ਵਜੋਂ 538 ਕਰੋੜ ਰੁਪਏ ਦੇਵੇਗਾ | ਬੀ. ਸੀ. ਸੀ. ਆਈ. ਨੇ ਟਿ੍ਬਿਊਨਲ ਦੇ ਇਸ ਫੈਸਲੇ ਨੂੰ ਬੰਬੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ |
ਬੀ. ਸੀ. ਸੀ. ਆਈ. ਕੋਚੀ ਟਸਕਰਸ ਨੂੰ 538 ਕਰੋੜ ਰੁਪਏ ਦੇਵੇਗਾ <br/>
ਅਜੀਤ ਡੈਸਕ
19-06-2025