ਨਵੀਂ ਮੁੰਬਈ, 23 ਅਕਤੂਬਰ (ਪੀ.ਟੀ.ਆਈ.)-ਸਮ੍ਰਿਤੀ ਮੰਧਾਨਾ (109) ਤੇ ਪ੍ਰਤੀਕਾ ਰਾਵਲ (122) ਵਿਚਕਾਰ 212 ਦੌੜਾਂ ਦੀ ਰਿਕਾਰਡ ਸ਼ੁਰੂਆਤੀ ਸਾਂਝੇਦਾਰੀ ਤੇ ਜੇਮੀਮਾ ਰੌਡਰਿਗਜ਼ ਦੀਆਂ ਤੇਜ਼ ਨਾਬਾਦ 76 ਦੌੜਾਂ ਦੀ ਬਦੌਲਤ, ਭਾਰਤ ਨੇ ਵੀਰਵਾਰ ਨੂੰ ਇੱਥੇ ਮੀਂਹ ਨਾਲ ਪ੍ਰਭਾਵਿਤ ਆਈ.ਸੀ.ਸੀ. ਮਹਿਲਾ ਵਨਡੇ ਵਿਸ਼ਵ ਕੱਪ ਮੈਚ 'ਚ ਨਿਊਜ਼ੀਲੈਂਡ ਵਿਰੁੱਧ 3 ਵਿਕਟਾਂ 'ਤੇ 340 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਮੀਂਹ ਕਾਰਨ ਖੇਡ 90 ਮਿੰਟ ਲਈ ਰੋਕ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਸਨੂੰ ਘਟਾ ਕੇ 49-49 ਓਵਰ ਕਰ ਦਿੱਤਾ ਗਿਆ। ਭਾਰਤੀ ਮਹਿਲਾ ਗੇਂਦਬਾਜ਼ਾਂ ਵਲੋਂ ਵੀ ਵਧੀਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਥੇ ਰੇਣੁਕਾ ਸਿੰਘ ਤੇ ਕਰਾਂਤੀ ਗੌੜ ਨੇ 2-2 ਵਿਕਟਾਂ ਲਈਆਂ ਅਤੇ ਸਨੇਹ ਰਾਣਾ, ਐਨ. ਰੈਡੀ., ਪ੍ਰਤੀਕਾ ਰਾਵਲ ਤੇ ਦੀਪਤੀ ਸ਼ਰਮਾ ਨੇ 1-1 ਵਿਕਟ ਲਈ। ਨਿਊਜ਼ੀਲੈਂਡ ਲਈ ਬਰੂਕ ਹਲੀਡੇ ਨੇ ਸਭ ਤੋਂ ਵੱਧ 81 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜਾਰਜੀਆ ਪਲਾਈਮਰ ਨੇ 30 ਦੌੜਾਂ, ਅਮੇਲੀਆ ਕੇਰ ਨੇ 45 ਦੌੜਾਂ, ਇਜ਼ੀ ਗੇਜ਼ ਨੇ ਅਜੇਤੂ 65 ਦਾ ਯੋਗਦਾਨ ਪਾਇਆ। ਮੀਂਹ ਕਾਰਨ ਡੀ.ਐਲ.ਐਸ. ਦੇ ਤਹਿਤ ਓਵਰ ਘਟਾ ਦਿੱਤੇ ਗਏ ਤੇ ਇਕ ਨਵਾਂ ਟੀਚਾ ਰੱਖਿਆ ਗਿਆ। ਨਿਊਜ਼ੀਲੈਂਡ ਨੂੰ ਜਿੱਤਣ ਲਈ 44 ਓਵਰਾਂ 'ਚ 325 ਦੌੜਾਂ ਦਾ ਟੀਚਾ ਮਿਲਿਆ। ਹਾਲਾਂਕਿ, ਨਿਊਜ਼ੀਲੈਂਡ ਦੀ ਟੀਮ 44 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 271 ਦੌੜਾਂ ਹੀ ਬਣਾ ਪਾਈ। ਭਾਰਤ ਨੇ 53 ਦੌੜਾਂ (ਡੀ.ਐਲ.ਐਸ.) ਨਾਲ ਇਸ ਮੈਚ 'ਚ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤੀ ਟੀਮ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ।
ਸੈਮੀਫਾਈਨਲ 'ਚ ਪਹੁੰਚੀ ਭਾਰਤੀ ਟੀਮ
ਅਜੀਤ ਡੈਸਕ
24-10-2025