ਟੋਰਾਂਟੋ, 17 ਜੂਨ (ਪੀ.ਟੀ.ਆਈ.)-ਕੈਨੇਡੀਅਨ ਸੂਬੇ ਓਾਟਾਰੀਓ ਵਿਚ, ਪੁਲਿਸ ਨੇ ਟੋਇੰਗ ਵਿਚ ਸ਼ਾਮਿਲ ਇੱਕ ਸੰਗਠਿਤ ਅਪਰਾਧਿਕ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਇਸ ਮਾਮਲੇ ਵਿਚ 18 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਜਿਆਦਾਤਰ ਭਾਰਤੀ ਮੂਲ ਦੇ ਦੱਸੇ ਜਾਂਦੇ ਹਨ | ਪੁਲਿਸ ਨੇ ਉਨ੍ਹਾਂ ਤੋਂ 42 ਲੱਖ ਕੈਨੇਡੀਅਨ ਡਾਲਰ (ਲਗਭਗ 26 ਕਰੋੜ ਰੁਪਏ) ਤੋਂ ਵੱਧ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ | ਜਾਣਕਾਰੀ ਅਨੁਸਾਰ, ਪੀਲ ਰੀਜਨਲ ਪੁਲਿਸ ਨੇ ਇਹ ਕਾਰਵਾਈ ਇੱਕ ਸਾਂਝੇ ਆਪ੍ਰੇਸ਼ਨ 'ਪ੍ਰਾਜੈਕਟ ਆਊਟਸੋਰਸ' ਤਹਿਤ ਕੀਤੀ | ਗਿ੍ਫ਼ਤਾਰ ਕੀਤੇ ਗਏ ਲੋਕਾਂ ਵਿੱਚ 17 ਪੁਰਸ਼ ਅਤੇ 1 ਔਰਤ ਸ਼ਾਮਿਲ ਹੈ | ਔਰਤ ਦਾ ਨਾਮ ਹਲੇਹ ਜਾਵੇਦੀ ਤੋਰਾਬੀ ਹੈ, ਜੋ ਕਿ ਕਿੰਗ ਸਿਟੀ ਦੀ ਰਹਿਣ ਵਾਲੀ ਹੈ | ਬਾਕੀ ਸਾਰੇ ਮਰਦ ਬਰੈਂਪਟਨ ਦੇ ਰਹਿਣ ਵਾਲੇ ਹਨ |
ਕਿਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਗਿਆ?
ਪੀਲ ਪੁਲਿਸ ਦੇ ਅਨੁਸਾਰ, ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਇੰਦਰਜੀਤ ਧਾਮੀ, ਪਰਿਤੋਸ਼ ਚੋਪੜਾ, ਗੁਰਬਿੰਦਰ ਸਿੰਘ, ਕੁਲਵਿੰਦਰ ਪੁਰੀ, ਪਰਮਿੰਦਰ ਪੁਰੀ, ਇੰਦਰਜੀਤ ਬਲ, ਵਰੁਣ ਔਲ, ਕੇਤਨ ਚੋਪੜਾ, ਨੌਰਮਨ ਤਜਹਿਖੰਡ, ਪਵਨਦੀਪ ਸਿੰਘ, ਦੀਪਾਂਸ਼ੂ ਗਰਗ, ਰਾਹੁਲ ਵਰਮਾ, ਕਰਨ ਬੋਪਾਰਾਏ, ਮਨਕੀਰਤ ਬੋਪਾਰਾਏ, ਸਿਮਰ ਬੋਪਾਰਾਏ, ਜੋਵਨ ਸਿੰਘ ਤੇ ਅਭਿਨਵ ਭਾਰਦਵਾਜ ਸ਼ਾਮਿਲ ਹਨ | ਇਹ ਸਾਰੇ 21 ਤੋਂ 38 ਸਾਲ ਦੀ ਉਮਰ ਦੇ ਹਨ |
ਗਿ੍ਫ਼ਤਾਰ ਕੀਤੇ ਗਏ ਲੋਕਾਂ ਵਿਰੁੱਧ 97 ਅਪਰਾਧਿਕ ਦੋਸ਼
ਪੁਲਿਸ ਦੁਆਰਾ ਗਿ੍ਫ਼ਤਾਰ ਕੀਤੇ ਗਏ ਇਨ੍ਹਾਂ ਸਾਰੇ ਲੋਕਾਂ ਵਿਰੁੱਧ ਕੁੱਲ 97 ਦੋਸ਼ ਲਗਾਏ ਗਏ ਹਨ, ਜਿਸ ਵਿਚ ਇੱਕ ਅਪਰਾਧਿਕ ਸੰਗਠਨ ਚਲਾਉਣਾ, ਜਬਰੀ ਵਸੂਲੀ, ਧੋਖਾਧੜੀ, ਹਥਿਆਰ ਰੱਖਣ ਤੇ ਹੋਰ ਗੰਭੀਰ ਅਪਰਾਧ ਸ਼ਾਮਿਲ ਹਨ | ਇਨ੍ਹਾਂ ਵਿਚੋਂ ਤਿੰਨ ਲੋਕਾਂ ਨੂੰ ਬਾਅਦ ਵਿਚ ਅਦਾਲਤ ਵਿਚ ਪੇਸ਼ ਹੋਣ ਲਈ ਰਿਹਾਅ ਕਰ ਦਿੱਤਾ ਗਿਆ, ਜਦੋਂ ਕਿ 15 ਲੋਕਾਂ ਨੂੰ ਤੁਰੰਤ ਜ਼ਮਾਨਤ ਦੀ ਸੁਣਵਾਈ ਲਈ ਅਦਾਲਤ ਭੇਜ ਦਿੱਤਾ ਗਿਆ |
ਟੋਇੰਗ ਉਦਯੋਗ ਦੀ ਆੜ ਵਿਚ ਅਪਰਾਧ
ਪੁਲਿਸ ਜਾਂਚ ਦੇ ਅਨੁਸਾਰ, ਇਹ ਲੋਕ ਦੋ ਹਿੱਸਿਆਂ ਵਿਚ ਕੰਮ ਕਰ ਰਹੇ ਸਨ - ਇੱਕ ਸਮੂਹ ਜਬਰੀ ਵਸੂਲੀ ਤੇ ਹਿੰਸਾ ਵਿਚ ਸ਼ਾਮਿਲ ਸੀ, ਜਦੋਂ ਕਿ ਦੂਜਾ ਟੋਇੰਗ ਉਦਯੋਗ ਨਾਲ ਜੁੜਿਆ ਹੋਇਆ ਸੀ | ਇਹ ਲੋਕ ਜਾਅਲੀ ਹਾਦਸੇ ਕਰਵਾ ਕੇ ਬੀਮਾ ਕੰਪਨੀਆਂ ਨੂੰ ਧੋਖਾ ਦਿੰਦੇ ਸਨ ਤੇ ਹਥਿਆਰਾਂ ਅਤੇ ਧਮਕੀਆਂ ਰਾਹੀਂ ਸਥਾਨਕ ਟੋਇੰਗ ਕਾਰੋਬਾਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਸਨ | ਉਨ੍ਹਾਂ ਦੇ ਕੁਝ ਟੋਇੰਗ ਕਾਰੋਬਾਰਾਂ ਦੇ ਨਾਮ ਸਰਟੀਫਾਈਡ ਰੋਡਸਾਈਡ ਤੇ ਹੰਬਲ ਰੋਡਸਾਈਡ ਦੱਸੇ ਜਾਂਦੇ ਹਨ |
ਪੁਲਿਸ ਤੇ ਸਰਕਾਰੀ ਜਵਾਬ
ਪੀਲ ਪੁਲਿਸ ਮੁਖੀ ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਲਗਭਗ ਅੱਧੇ ਲੋਕ ਪਹਿਲਾਂ ਹੀ ਕੁਝ ਜ਼ਮਾਨਤ 'ਤੇ ਸਨ | ਉਨ੍ਹਾਂ ਦੁਹਰਾਇਆ ਕਿ ਅਜਿਹੇ ਵਾਰ-ਵਾਰ ਅਪਰਾਧੀਆਂ ਲਈ ਜ਼ਮਾਨਤ ਕਾਨੂੰਨ ਵਿਚ ਸੁਧਾਰ ਜ਼ਰੂਰੀ ਹੈ | ਇਸ ਦੇ ਨਾਲ ਹੀ, ਕੁਝ ਸਮੇਂ ਤੋਂ, ਪੀਲ ਖੇਤਰ ਵਿਚ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ | ਇਸ ਵਿਚ ਪੈਸੇ ਦੀ ਮੰਗ, ਧਮਕੀਆਂ ਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਵੀ ਸ਼ਾਮਿਲ ਹਨ | ਇਨ੍ਹਾਂ ਘਟਨਾਵਾਂ ਕਾਰਨ, ਪੁਲਿਸ ਨੇ ਦਸੰਬਰ 2023 ਵਿਚ ਇੱਕ ਵਿਸ਼ੇਸ਼ ਟਾਸਕ ਫੋਰਸ ਵੀ ਬਣਾਈ ਸੀ |
ਕੈਨੇਡਾ ਦੇ ਟੋਇੰਗ ਰੈਕੇਟ ਮਾਮਲੇ 'ਚ ਭਾਰਤੀ ਮੂਲ ਦੇ ਸ਼ੱਕੀਆਂ ਸਮੇਤ 18 ਗਿ੍ਫ਼ਤਾਰ <br/>
ਅਜੀਤ ਡੈਸਕ
18-06-2025