ਮੰਡੀ ਗੋਬਿੰਦਗੜ੍ਹ, 19 ਜੂਨ (ਮੋਹਿਤ ਸਿੰਗਲਾ)-ਈਰਾਨ ਅਤੇ ਇਜ਼ਰਾਈਲ ਵਿਚਕਾਰ ਵੱਧ ਰਹੇ ਟਕਰਾਅ ਦਾ ਪ੍ਰਭਾਵ ਹੁਣ ਭਾਰਤ ਦੇ ਬਾਜ਼ਾਰਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ | ਪੰਜਾਬ ਦੇ ਵਪਾਰੀਆਂ ਅਨੁਸਾਰ ਦੇਸ਼ ਦੇ ਸਭ ਤੋਂ ਵੱਡੇ ਸੁੱਕੇ ਮੇਵਿਆਂ ਦੇ ਬਾਜ਼ਾਰਾਂ ਵਿਚੋਂ ਇੱਕ ਦਿੱਲੀ ਵਿਚ ਖਾਰੀ ਬਾਉਲੀ ਸਮੇਤ ਹੋਰ ਪ੍ਰਮੁੱਖ ਬਾਜ਼ਾਰਾਂ ਵਿਚ ਈਰਾਨ ਤੋਂ ਆਯਾਤ ਕੀਤੇ ਗਏ ਪਿਸਤਾ, ਕੇਸਰ, ਖਜੂਰ, ਮਾਮਰਾ ਬਦਾਮ ਸਮੇਤ ਕਈ ਸੁੱਕੇ ਮੇਵਿਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ | ਨਤੀਜੇ ਵਜੋਂ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਵਿਚ 5 ਤੋਂ 10 ਫੀਸਦੀ ਦਾ ਵਾਧਾ ਹੋਇਆ ਹੈ | ਵਪਾਰੀਆਂ ਦਾ ਕਹਿਣਾ ਹੈ ਕਿ ਈਰਾਨ ਤੋਂ ਸੁੱਕੇ ਮੇਵਿਆਂ ਦੀ ਨਿਯਮਤ ਦਰਾਮਦ ਵਿਚ ਵਿਘਨ ਪਿਆ ਹੈ | ਪੰਜਾਬ ਦੇ ਇੱਕ ਪ੍ਰਮੁੱਖ ਸੁੱਕੇ ਮੇਵਿਆਂ ਦੇ ਵਪਾਰੀ ਅਰਚਿਤ ਗਰਗ ਨੇ ਦੱਸਿਆ ਕਿ ਜਿਆਦਾਤਰ ਈਰਾਨੀ ਸੁੱਕੇ ਮੇਵੇ ਦੁਬਈ ਰਾਹੀਂ ਭਾਰਤ ਪਹੁੰਚਦੇ ਹਨ | ਵੱਡੀ ਗਿਣਤੀ ਵਿਚ ਭਾਰਤੀ ਵਪਾਰੀਆਂ ਨੇ ਦੁਬਈ 'ਚ ਗੋਦਾਮ ਬਣਾਏ ਹਨ, ਜਿੱਥੋਂ ਇਸ ਸਮੇਂ ਪੁਰਾਣਾ ਸਟਾਕ ਭਾਰਤ ਭੇਜਿਆ ਜਾ ਰਿਹਾ ਹੈ | ਹਾਲਾਂਕਿ ਨਵੇਂ ਦਰਾਮਦ ਵਿਚ ਗਿਰਾਵਟ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ | ਇਹ ਵੀ ਧਿਆਨ ਦੇਣ ਯੋਗ ਹੈ ਕਿ ਭਾਰਤ-ਪਾਕਿਸਤਾਨ ਸਬੰਧਾਂ ਵਿਚ ਤਣਾਅ ਕਾਰਨ ਅਫਗਾਨਿਸਤਾਨ ਤੋਂ ਸੁੱਕੇ ਮੇਵੇ ਪਹਿਲਾਂ ਹੀ ਈਰਾਨ ਰਾਹੀਂ ਭਾਰਤ ਲਿਆਂਦੇ ਜਾ ਰਹੇ ਸਨ | ਹੁਣ ਈਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਫੌਜੀ ਟਕਰਾਅ ਨੇ ਉਸ ਵਿਕਲਪਿਕ ਰਸਤੇ ਨੂੰ ਵੀ ਅਸਥਿਰ ਕਰ ਦਿੱਤਾ ਹੈ | ਵਪਾਰ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਟਕਰਾਅ ਲੰਮਾ ਚੱਲਿਆ ਤਾਂ ਆਉਣ ਵਾਲੇ ਮਹੀਨਿਆਂ ਵਿਚ ਸੁੱਕੇ ਮੇਵਿਆਂ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ |
ਈਰਾਨ-ਇਜ਼ਰਾਈਲ ਟਕਰਾਅ ਨੇ ਭਾਰਤ ਵਿਚ ਸੁੱਕੇ ਮੇਵਿਆਂ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ <br/>
ਅਜੀਤ ਡੈਸਕ
20-06-2025