ਸੈਕਰਾਮੈਂਟੋ, 20 ਜੂਨ (ਹੁਸਨ ਲੜੋਆ ਬੰਗਾ)- ਬਜ਼ੁਰਗਾਂ ਨਾਲ ਲੱਖਾਂ ਡਾਲਰਾਂ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਆਸਟਿਨ, ਟੈਕਸਾਸ ਵਿਚ ਇਕ ਭਾਰਤੀ ਵਿਦਿਆਰਥੀ ਨੂੰ 5 ਸਾਲ ਤੋਂ ਵਧ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ | ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕਿਸ਼ਨ ਰਜੇਸ਼ ਕੁਮਾਰ ਪਟੇਲ ਨੇ ਭੇਸ ਬਦਲ ਕੇ ਆਨਲਾਈਨ ਤਕਰੀਬਨ 27 ਲੱਖ ਡਾਲਰ ਦਾ ਘੁਟਾਲਾ ਕੀਤਾ | 20 ਸਾਲਾ ਪਟੇਲ ਨਵਸਾਰੀ, ਗੁਜਰਾਤ ਦਾ ਰਹਿਣਾ ਵਾਲਾ ਹੈ ਤੇ ਉਹ ਵਿਦਿਆਰਥੀ ਵੀਜ਼ੇ ਉਪਰ ਅਮਰੀਕਾ ਆਇਆ ਸੀ | ਉਸ ਨੇ ਸਹਿ-ਸਾਜਿਸ਼ਕਾਰ ਧਰੁੱਵ ਰਾਜੇਸ਼ਭਾਈ ਮੰਗੂਕਿਆ ਤੇ ਹੋਰਨਾਂ ਨਾਲ ਮਿਲ ਕੇ ਇਕ ਕੌਮਾਂਤਰੀ ਸਕੀਮ ਬਣਾਈ ਜਿਸ ਤਹਿਤ ਉਨ੍ਹਾਂ ਨੇ ਸਰਕਾਰੀ ਅਫਸਰਾਂ ਦਾ ਭੇਸ ਧਾਰ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ | ਅਦਾਲਤੀ ਰਿਕਾਰਡ ਅਨੁਸਾਰ ਪਟੇਲ ਨੇ ਖੁਦ ਬਜ਼ੁਰਗਾਂ ਕੋਲੋਂ ਵੱਡੀਆਂ ਰਕਮਾਂ ਲਈਆਂ ਤੇ ਆਪਣਾ ਹਿੱਸਾ ਰੱਖ ਕੇ ਬਾਕੀ ਪੈਸਾ ਸਹਿ ਸਾਜਿਸ਼ਕਾਰਾਂ ਨੂੰ ਦਿੱਤਾ | ਉਸ ਨੇ ਘੱਟੋ ਘੱਟ 25 ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ | ਯੂ ਐਸ ਡਿਸਟਿ੍ਕਟ ਜੱਜ ਰਾਬਰਟ ਪਿਟਮੈਨ ਨੇ ਉਸ ਨੂੰ 63 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ | ਸਜ਼ਾ ਕੱਟਣ ਉਪਰੰਤ ਉਸ ਨੂੰ ਵਾਪਸ ਭਾਰਤ ਭੇਜੇ ਜਾਣ ਦੀ ਵੀ ਸੰਭਾਵਨਾ ਹੈ | ਉਸ ਦੇ ਸਾਥੀ ਮੰਗੂਕਿਆ ਨੂੰ ਅਜੇ ਸਜ਼ਾ ਸੁਣਾਈ ਜਾਣੀ ਹੈ |