14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਕਰਵਾਇਆ ਸਾਹਿਤਕ ਤੇ ਸਨਮਾਨ ਸਮਾਰੋਹ

ਅਜੀਤ ਡੈਸਕ 21-06-2025
ਟੋਰਾਂਟੋ, 20 ਜੂਨ (ਹਰਜੀਤ ਸਿੰਘ ਬਾਜਵਾ)- ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਮਹੀਨਾਵਾਰ ਸਾਹਿਤਕ ਸਮਾਗਮ ਬੀਤੇ ਦਿਨੀ ਬਰੈਂਪਟਨ ਵਿਖੇ ਕਰਵਾਇਆ ਗਿਆ ਜਿਸ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਨਾਲ ਇੱਥੇ ਵੱਸਦੇ ਲੇਖਕਾਂ/ਕਵੀਆਂ ਨੇ ਇਕੱਠੇ ਹੋ ਕੇ ਜਿੱਥੇ ਸਾਂਝੇ ਪੰਜਾਬ ਦੀਆਂ ਬਾਤਾਂ ਪਾਈਆਂ ਅਤੇ ਇਨ੍ਹਾਂ ਦਿਨਾਂ ਵਿੱਚ ਪੰਜਾਬ (ਭਾਰਤ) ਤੋਂ ਇੱਥੇ ਆਏ ਕੁਝ ਇੱਕ ਲੇਖਕਾਂ ਨੂੰ ਵੀ ਇਸ ਸਮਾਗਮ ਦੌਰਾਨ ਜੀ ਆਇਆਂ ਆਖਿਆ ਗਿਆ ਅਤੇ ਉਨ੍ਹਾਂ ਦੇ ਵਿਚਾਰ ਸੁਣਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਉੱਘੇ ਵਕੀਲ ਡਾ. ਜਗਮੋਹਨ ਸਿੰਘ ਸੰਘਾ ਨੇ ਬਾਖੂਬੀ ਨਿਭਾਈ | ਇਸ ਦੌਰਾਨ ਪ੍ਰਧਾਨਗੀ ਮੰਡਲ ਵਿਚ ਐੱਚ ਐੱਮ ਵੀ ਜਲੰਧਰ ਤੋਂ ਪ੍ਰੋ. ਕੁਲਜੀਤ ਕੌਰ, ਖਾਲਸਾ ਕਾਲਜ ਫਾਰ ਵੂਮੈਨ ਲੁਧਿਆਣਾ ਤੋਂ ਡਾ. ਨਰਿੰਦਰਜੀਤ ਕੌਰ, ਰਾਮਪੁਰਾ ਫੂਲ ਦੇ ਇੱਕ ਕਾਲਜ ਵਿਚ ਪੱਤਰਕਾਰੀ ਵਿਸ਼ੇ ਤੇ' ਪੜ੍ਹਾ ਰਹੇ ਪ੍ਰੋ. ਸਿਮਰਨ ਅਕਸ, ਸੁਰਜੀਤ ਕੌਰ ਅਤੇ ਕਰਨ ਅਜਾਇਬ ਸਿੰਘ ਸੰਘਾ ਬੈਠੇ | ਪਿਤਾ ਦਿਵਸ ਨੂੰ ਸਮਰਪਿਤ ਇਸ ਸਾਹਿਤਕ ਸਮਾਗਮ ਦੌਰਾਨ ਬੁਲਾਰਿਆਂ ਵੱਲੋਂ ਮਨੁੱਖ ਦੀ ਜ਼ਿੰਦਗੀ ਵਿਚ ਪਿਤਾ ਦੇ ਕਿਰਦਾਰ ਬਾਰੇ ਵੀ ਗੱਲਾਂ ਕੀਤੀਆਂ, ਇਸ ਮੌਕੇ ਬਜ਼ੁਰਗ ਆਗੂ ਕਿ੍ਪਾਲ ਸਿੰਘ ਪੰਨੂੰ ਜਿਨ੍ਹਾਂ ਨੇ ਸੈਂਕੜੇ ਹੀ ਬਜ਼ੁਰਗਾਂ ਨੂੰ ਕੰਪਿਊਟਰ ਚਲਾਉਣਾ ਸਿਖਾਇਆ, ਦੀ ਵੀ ਸ਼ਲਾਘਾ ਕੀਤੀ ਗਈ | ਇਸ ਮੌਕੇ ਸਮਾਗਮ ਦੇ ਪਹਿਲੇ ਬੁਲਾਰੇ ਪ੍ਰੋ. ਕੁਲਜੀਤ ਕੌਰ ਨੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਬਾਰੇ ਗੱਲ ਕਰਦਿਆਂ ਇੱਥੇ ਵਿਦੇਸ਼ਾਂ ਵਿਚ ਜਨਮੀ ਪੰਜਾਬੀਆਂ ਦੀ ਤੀਸਰੀ ਪੀੜੀ ਨੂੰ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੀ ਗੱਲ ਤੇ' ਜੋਰ ਦਿੱਤਾ | ਇਸ ਮੌਕੇ ਨਵੀਂ ਤਕਨੀਕ ਆਈ ਏ (ਆਰਟੀਫਿਸ਼ਲ ਇੰਟੈਲੀਜੈਂਸ) ਦੇ ਭਾਸ਼ਾਵਾਂ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਵੀ ਗੱਲ ਕੀਤੀ ਜਦੋਂ ਕਿ ਦੂਸਰੇ ਬੁਲਾਰੇ ਡਾ. ਨਰਿੰਦਰਜੀਤ ਕੌਰ ਨੇ ਵੀ ਪੰਜਾਬੀ ਬੋਲੀ ਦੀ ਬਿਹਤਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਦੀ ਉਚੇਰੀ ਸਿੱਖਿਆ ਲਈ ਲੋਕਾਂ ਦੀ ਰੁਚੀ ਅਤੇ ਉਤਸ਼ਾਹ ਘੱਟਦਾ ਜਾ ਰਿਹਾ ਹੈ ਅਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਪੰਜਾਬੀ ਦੇ ਵਿਦਿਆਰਥੀਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ | ਆਪਣੀ ਗ਼ਜ਼ਲ਼ ਦੇ ਕੁਝ ਸ਼ੇਅਰਾਂ ਨਾਲ ਗੱਲ ਕਰਦਿਆਂ ਪ੍ਰੋ. ਸਿਮਰਨ ਅਕਸ ਨੇ ਕਿਹਾ ਕਿ ਪੰਜਾਬੀ ਬੋਲੀ ਨੂੰ ਬਾਹਰੋਂ ਨਹੀ ਸਗੋਂ ਅੰਦਰੋਂ ਹੀ ਖ਼ਤਰਾ ਹੈ ਉਨ੍ਹਾਂ ਨੇ ਸ਼ਬਦਾਂ ਦੀ ਗੱਲ ਉਚੇਚੇ ਤੌਰ ਤੇ' ਕੀਤੀ | ਉਨ੍ਹਾਂ ਪੰਜਾਬ ਦੇ ਪ੍ਰਾਈਵੇਟ ਸਕੂਲਾਂ,ਕਾਲਜਾਂ ਵਿੱਚ ਪੰਜਾਬੀ ਬੋਲਣ ਤੇ' ਜ਼ੁਰਮਾਨੇ ਕਰਨੇ ਅਤੇ ਸਰਕਾਰਾਂ ਦੀ ਪੰਜਾਬੀ ਬੋਲੀ ਬਾਰੇ ਦੋਗਲੀ ਨੀਤੀ ਦੀ ਵੀ ਆਲੋਚਨਾ ਕੀਤੀ | ਸਮਾਗਮ ਦੇ ਦੂਜੇ ਹਿੱਸੇ ਜਿਸ ਨੂੰ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਕੀਤਾ ਗਿਆ, ਦੌਰਾਨ ਹੋਏ ਕਵੀ ਦਰਬਾਰ ਵਿਚ ਪ੍ਰੋ. ਆਸ਼ਕ ਰਹੀਲ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਗਿਆਨ ਸਿੰਘ ਦਰਦੀ, ਹਰਭਜਨ ਕੌਰ ਗਿੱਲ, ਸੁਰਿੰਦਰਜੀਤ ਕੌਰ, ਪਰਮਜੀਤ ਢਿੱਲੋਂ, ਇਕਬਾਲ ਬਰਾੜ, ਰਿੰਟੂ ਭਾਟੀਆ, ਹਰਮੇਸ਼ ਜੀਦੋਵਾਲ, ਪ੍ਰੀਤਮ ਧੰਜ਼ਲ, ਇਕਬਾਲ ਚਾਂਦ, ਸੁਰਿੰਦਰ ਸੂਰ, ਮਕਸੂਦ ਚੌਧਰੀ, ਹਰਕੰਵਲ ਕੋਰਪਾਲ, ਪੰਜਾਬ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ, ਜੱਸੀ ਭੁੱਲਰ, ਸੁਖਚਰਨਜੀਤ ਕੌਰ ਗਿੱਲ ਆਦਿ ਨੇ ਵੀ ਆਪੋ ਆਪਣੀਆਂ ਰਚਨਾਵਾਂ ਤੇ ਵਿਚਾਰਾਂ ਨਾਲ ਸਾਂਝ ਪਾਈ |





ਪਿਛਲੀ ਖ਼ਬਰ ਅਹਿਮਦਾਬਾਦ ਜਹਾਜ਼ ਹਾਦਸੇ ਦੇ 231 ਪੀੜਤਾਂ ਦੀ ਹੋਈ ਪਛਾਣ 210 ਲਾਸ਼ਾਂ ਨੂੰ ਪਰਿਵਾਰਾਂ ਹਵਾਲੇ ਕੀਤਾ ਅਗਲੀ ਖ਼ਬਰ ਐਡੀਲੇਡ 'ਚ ਤੀਸਰੇ ਸਾਲਾਨਾ ਵਾਲੀਬਾਲ ਟੂਰਨਾਮੈਂਟ ਦੇ ਰੌਚਕ ਮੁਕਾਬਲੇ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।