ਸੈਕਰਾਮੈਂਟੋ, 23 ਅਕਤੂਬਰ (ਹੁਸਨ ਲੜੋਆ ਬੰਗਾ)-ਟਰੰਪ ਪ੍ਰਸ਼ਾਸਨ ਨੇ ਰੂਸ ਦੀਆਂ 2 ਸਭ ਤੋਂ ਵੱਡੀਆਂ ਤੇਲ ਕੰਪਨੀਆਂ ਉਪਰ ਪਾਬੰਦੀ ਲਾਉਣ ਦਾ ਐਲਾਨ ਕਰਦਿਆਂ ਮਾਸਕੋ ਨੂੰ ਕਿਹਾ ਹੈ ਕਿ ਉਹ ਯੁਕਰੇਨ ਨਾਲ ਫੌਰੀ ਜੰਗਬੰਦੀ ਕਰਨ ਲਈ ਸਹਿਮਤ ਹੋ ਜਾਵੇ | ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਹਫਤਿਆਂ ਤੋਂ ਨਿਰੰਤਰ ਕਹਿੰਦੇ ਆ ਰਹੇ ਹਨ ਕਿ ਜੇਕਰ ਰੂਸ ਨੇ ਜੰਗ ਜਾਰੀ ਰਖੀ ਤਾਂ ਉਹ ਮਾਸਕੋ ਨੂੰ ਆਰਥਕ ਸਜ਼ਾ ਦੇਵੇਗਾ | ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਸ ਨੇ ਬੁੱਡਾਪੈਸਟ 'ਚ ਪੂਤਿਨ ਨਾਲ ਪ੍ਰਸਤਾਵਿਤ ਮੀਟਿੰਗ ਇਸ ਲਈ ਰੱਦ ਕਰ ਦਿੱਤੀ ਹੈ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਇਸ ਮੀਟਿੰਗ ਤੋਂ ਕੋਈ ਪ੍ਰਾਪਤੀ ਨਹੀਂ ਹੋਵੇਗੀ | ਓਵਾਲ ਦਫਤਰ 'ਚ ਟਰੰਪ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਹੋਰ ਉਡੀਕ ਕਰਨ ਦੀ ਲੋੜ ਨਹੀਂ ਹੈ ਤੇ ਹੁਣ ਆਰਥਕ ਪਾਬੰਦੀਆਂ ਲਾਉਣ ਦਾ ਸਮਾਂ ਹੈ | ਇਸ ਦੇ ਨਾਲ ਰਾਸ਼ਟਰਪਤੀ ਨੇ ਆਸ ਪ੍ਰਗਟਾਈ ਹੈ ਕਿ ਇਹ ਪਾਬੰਦੀਆਂ ਲੰਬਾ ਸਮਾਂ ਨਹੀਂ ਚੱਲਣਗੀਆਂ ਕਿਉਂਕਿ ਜੰਗ ਖਤਮ ਹੋ ਜਾਵੇਗੀ | ਵਿੱਤ ਮੰਤਰੀ ਸਕਾਟ ਬੇਸੈਂਟ ਨੇ ਜਾਰੀ ਇਕ ਬਿਆਨ 'ਚ ਕਿਹਾ ਹੈ ਕਿ ਇਹ ਸਮਾਂ ਤੁਰੰਤ ਜੰਗਬੰਦੀ ਕਰਨ ਦਾ ਹੈ |