ਟੋਰਾਂਟੋ, 23 ਅਕਤੂਬਰ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀ ਓਾਟਾਰੀਓ ਖਾਲਸਾ ਦਰਬਾਰ ਗੁਰੂਘਰ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹਾਦਰੀ ਤੇ ਸੂਝਬੂਝ ਦਾ ਪ੍ਰਤੀਕ ਬੰਦੀ ਛੋੜ ਦਿਵਸ ਸੰਗਤਾਂ ਦੀ ਵੱਡੀ ਹਾਜ਼ਰੀ 'ਚ ਮਨਾਇਆ ਗਿਆ ਤੇ ਗੁਰੂਘਰ ਵਿਖੇ ਸਾਰਾ ਦਿਨ ਗੁਰੁਮਤਿ ਸਮਾਗਮ ਕਰਵਾਏ ਗਏ ਜਿਸ 'ਚ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ, ਢਾਡੀ ਤੇ ਰਾਗੀ ਜਥਿਆਂ ਵੱਲੋਂ ਹਾਜ਼ਰੀ ਭਰੀ ਗਈ | ਇਸ ਮੌਕੇ ਗੁਰੂਘਰ ਦੇ ਮੁੱਖ ਗ੍ਰੰਥੀ ਸਿੰਘ ਭਾਈ ਭੁਪਿੰਦਰ ਸਿੰਘ ਤੇ ਸਾਥੀ ਗ੍ਰੰਥੀ ਸਿੰਘਾਂ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪੁਆਏ ਗਏ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਨੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਸਿੱਖ ਕੌਮ ਨੂੰ ਇੱਕਜੁੱਟ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੰਭਲਾ ਮਾਰਨ ਦੀ ਵੀ ਬੇਨਤੀ ਕੀਤੀ ਤੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਨਾਲ ਜੁੜਨ ਦਾ ਸੱਦਾ ਦਿੱਤਾ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਮੁੱਖ ਸਕੱਤਰ ਭਾਈ ਪਰਮਜੀਤ ਸਿੰਘ ਗਿੱਲ ਤੇ ਸਹਾਇਕ ਸਕੱਤਰ ਭਾਈ ਸਰਬਜੀਤ ਸਿੰਘ ਨੇ ਆਈਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਪਿ੍ੰਸੀਪਲ ਗਿਆਨੀ ਗੁਰਬਚਨ ਸਿੰਘ ਵੱਲੋਂ ਕਥਾ ਵਿਚਾਰਾਂ ਤੇ ਗਿਆਨੀ ਅਮਨਦੀਪ ਸਿੰਘ ਭੁੱਲਾਰਾਈ ਦੇ ਜਥੇ ਵੱਲੋਂ ਢਾਡੀ ਵਾਰਾਂ ਨਾਲ ਹਾਜ਼ਰੀ ਭਰੀ ਗਈ, ਜਦੋਂ ਕਿ ਓਾਕਾਰ ਸਿੰਘ ਗਰੇਵਾਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਉਂਨ,ਕੌਂਸਲਰ ਨਵਜੀਤ ਬਰਾੜ, ਗੁਰਪ੍ਰਤਾਪ ਸਿੰਘ ਤੂਰ, ਸੁਬਾਈ ਟ੍ਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਵੱਲੋਂ ਜਿੱਥੇ ਆਈਆਂ ਸੰਗਤਾਂ ਨੂੰ ਇਸ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਇਸ ਮੌਕੇ ਓਾਟਾਰੀਓ ਖਾਲਸਾ ਦਰਬਾਰ ਸਕੂਲ ਦੇ ਬੱਚਿਆਂ ਵੱਲੋਂ ਵੀ ਕਿਰਤਨ ਕੀਤਾ ਗਿਆ, ਸਮਾਗਮ ਦੌਰਾਨ ਗੁਰੂਘਰ ਕਮੇਟੀ ਦੇ ਵਾਈਸ ਪ੍ਰਧਾਨ ਗੁਰਿੰਦਰਜੀਤ ਸਿੰਘ ਭੁੱਲਰ, ਚੇਅਰਮੈਨ ਬਲਜੀਤ ਸਿੰਘ ਪੰਡੋਰੀ, ਖ਼ਜ਼ਾਨਚੀ ਭੁਪਿੰਦਰ ਸਿੰਘ ਬਾਠ, ਮੈਨੇਜ਼ਰ ਗੁਰਵੀਰ ਸਿੰਘ,ਨਵਜੀਤ ਸਿੰਘ, ਸਰਦਾਰਾ ਸਿੰਘ, ਜਸਵਿੰਦਰ ਸਿੰਘ, ਗੁਰਦੇਵ ਸਿੰਘ ਨਾਹਲ, ਦਵਿੰਦਰ ਸਿੰਘ ਧਾਲੀਵਾਲ ਸਮੇਤ ਸਮੂਹ ਕਮੇਟੀ ਮੈਂਬਰ ਮੌਜੂਦ ਸਨ |