ਨਵੀਂ ਦਿੱਲੀ, 16 ਜੂਨ (ਮਿਸਰਦੀਪ ਭਾਟੀਆ)- ਦਿੱਲੀ ਦੇ ਅਸ਼ੋਕ ਵਿਹਾਰ ਦੇ ਜੇਲਰ ਵਾਲਾ ਬਾਗ਼ ਵਿਚ ਡੀ.ਡੀ.ਏ. ਨਗਰ ਨਿਗਮ ਦੇ ਅਧਿਕਾਰੀਆਂ ਨੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਬੁਲਡੋਜ਼ਰ ਚਲਾਇਆ | ਇਥੇ ਮੌਜੂਦ ਗ਼ੈਰ-ਕਾਨੂੰਨੀ ਘਰਾਂ ਅਤੇ ਝੁੱਗੀਆਂ-ਝੌਪੜੀਆਂ ਨੂੰ ਢਾਹ ਦਿੱਤਾ | ਇਸ ਦੌਰਾਨ ਲੋਕ ਮਿੰਨਤਾਂ-ਤਰਲੇ ਕਰਦੇ ਰਹੇ, ਪਰ ਅਧਿਕਾਰੀਆਂ ਨੇ ਉਨ੍ਹਾਂ ਦੀ ਇਕ ਨਾ ਸੁਣੀ | ਇਸ ਤੋਂ ਪਹਿਲਾਂ ਵੀ ਗੋਬਿੰਦਪੁਰੀ ਅਤੇ ਕਾਲਕਾਜੀ ਵਿਚ ਵੀ 300 ਤੋਂ ਵੱਧ ਝੌਪੜੀਆਂ ਢਾਹ ਦਿੱਤੀਆਂ ਗਈਆਂ ਸਨ | ਬੁਲਡੋਜ਼ਰ ਕਾਰਵਾਈ ਦੌਰਾਨ 250 ਪੁਲਿਸ ਮੁਲਾਜ਼ਮਾਂ ਦੇ ਨਾਲ ਐਸ.ਟੀ.ਐਫ. ਟੀਮ ਤਾਇਨਾਤ ਕੀਤੀ ਗਈ ਸੀ | ਜਦੋਂ ਸਥਾਨਕ ਲੋਕ ਆਪਣਾ-ਆਪਣਾ ਸਾਮਾਨ ਬਚਾਉਣ ਵਿਚ ਲੱਗੇ ਹੋਏ ਸਨ ਤਾਂ ਕੁਝ ਲੋਕ ਅਧਿਕਾਰੀਆਂ ਦੇ ਸਾਹਮਣੇ ਮਿੰਨਤਾਂ-ਤਰਲੇ ਕਰਦੇ ਦੇਖੇ ਗਏ | ਦੱਸਿਆ ਜਾ ਰਿਹਾ ਹੈ ਕਿ 200 ਤੋਂ ਵੱਧ ਝੁੱਗੀਆਂ ਢਾਹ ਦਿੱਤੀਆਂ ਗਈਆਂ ਹਨ | ਇਸ ਤੋਂ ਪਹਿਲਾਂ 11 ਜੂਨ ਨੂੰ ਦਿੱਲੀ ਦੇ ਕਾਲਕਾਜੀ ਸਥਿਤ ਬੇਜ਼ਮੀਨੇ ਕੈਂਪ ਵਿਚ ਬੁਲਡੋਜ਼ਰ ਦੀ ਕਾਰਵਾਈ ਦੇਖੀ ਗਈ ਸੀ | ਨੋਟਿਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਤੋੜ-ਫੋੜ ਸ਼ੁਰੂ ਹੋ ਗਈ ਹੈ | ਇਥੇ ਲਗਭਗ 1200 ਘਰਾਂ ਅਤੇ ਝੁੱਗੀਆਂ ਨੂੰ ਢਾਹੁਣ ਦੀ ਤਿਆਰੀ ਹੈ | ਵਿਰੋਧ ਦੀ ਸੰਭਾਵਨਾ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ | ਦਿੱਲੀ ਪੁਲਿਸ ਦੇ ਨਾਲ ਅਰਧ ਸੈਨਿਕ ਬਲ ਵੀ ਚੌਕਸ ਖੜ੍ਹੇ ਦੇਖੇ ਗਏ ਹਨ | ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਕਾਲਕਾਜੀ ਨੇੜੇ ਭੂਮੀਹੀਣ ਕੈਂਪ ਇਲਾਕੇ ਵਿਚ ਡੀ.ਡੀ.ਏ. ਦੀ ਗ਼ੈਰ-ਕਾਨੂੰਨੀ ਕਬਜ਼ੇ ਵਿਰੁੱਧ ਮੁਹਿੰਮ 'ਤੇ ਸਵਾਲ ਉਠਾਏ ਹਨ | ਉਨ੍ਹਾਂ ਕਿਹਾ ਕਿ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਸੀ ਕਿ ਕੋਈ ਵੀ ਝੁੱਗੀ-ਝੌਪੜੀ ਨਹੀਂ ਢਾਹੀ ਜਾਵੇਗੀ, ਪਰ ਅੱਜ ਪੂਰਾ ਭੂਮੀਹੀਣ ਕੈਂਪ ਖ਼ਾਲੀ ਕਰਵਾ ਦਿੱਤਾ ਗਿਆ ਹੈ | ਕੀ ਭਾਜਪਾ ਚਾਹੁੰਦੀ ਹੈ ਕਿ ਗ਼ਰੀਬ ਦਿੱਲੀ ਤੋਂ ਭੱਜ ਜਾਣ? 'ਆਪ' ਦੇ ਦਿੱਲੀ ਮੁਖੀ ਸੌਰਭ ਭਾਰਦਵਾਜ ਨੇ 'ਐਕਸ' 'ਤੇ ਇਕ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਜਦੋਂ ਤੋਂ ਭਾਜਪਾ ਸਰਕਾਰ ਆਈ ਹੈ ਦਿੱਲੀ ਵਿਚ ਗ਼ਰੀਬਾਂ ਦੇ ਘਰ ਅਤੇ ਰੁਜ਼ਗਾਰ ਦੋਵੇਂ ਤਬਾਹ ਹੋ ਰਹੇ ਹਨ | ਮੁੱਖ ਮੰਤਰੀ ਰੇਖਾ ਗੁਪਤਾ ਪੰਜਾਬ ਦੇ ਦੌਰੇ ਵਿਚ ਰੁੱਝੀ ਹੋਈ ਹੈ ਇਥੇ ਦਿੱਲੀ ਵਿਚ ਬੁਲਡੋਜ਼ਰ ਵਰਤੇ ਜਾ ਰਹੇ ਹਨ | ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਗ਼ਰੀਬਾਂ ਨੂੰ ਉਜਾੜਨ ਤੋਂ ਪਹਿਲਾਂ ਉਨ੍ਹਾਂ ਨੂੰ ਘਰ ਕਿੱਥੇ ਦਿੱਤੇ ਗਏ ਹਨ? ਕੇਂਦਰ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਜਿੱਥੇ ਝੁੱਗੀ ਉਥੇ ਮਕਾਨ ਦਾ ਕੀ ਬਣਿਆ? ਆਮ ਆਦਮੀ ਪਾਰਟੀ ਦਿੱਲੀ ਵਿਚ ਵੱਖ-ਵੱਖ ਥਾਵਾਂ 'ਤੇ ਢਾਹੀਆਂ ਜਾ ਰਹੀਆਂ ਝੁੱਗੀਆਂ ਦਾ ਵਿਰੋਧ ਕਰੇਗੀ | 29 ਜੂਨ ਨੂੰ ਜੰਤਰ-ਮੰਤਰ 'ਤੇ ਝੁੱਗੀਆਂ-ਝੌਪੜੀਆਂ ਵਾਲੇ ਲੋਕਾਂ ਨਾਲ ਮਿਲ ਕੇ ਇਕ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ |