ਕਰਨਾਲ, 17 ਜੂਨ (ਗੁਰਮੀਤ ਸਿੰਘ ਸੱਗੂ)-ਨਗਰ ਨਿਗਮ ਵਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 'ਚ ਸ਼ਹਿਰ ਦੀਆਂ 7 ਜਾਇਦਾਦਾਂ ਨੂੰ ਕੁਰਕ ਕੀਤਾ ਗਿਆ | ਇਨ੍ਹਾਂ ਜਾਇਦਾਦਾਂ 'ਤੇ ਲਗਪਗ 24 ਲੱਖ ਰੁ. ਦਾ ਪ੍ਰਾਪਰਟੀ ਟੈਕਸ ਲੰਬੇ ਸਮੇਂ ਤੋਂ ਬਕਾਇਆ ਸੀ, ਜਿਸ ਕਾਰਨ ਇਨ੍ਹਾਂ ਨੂੰ ਡਿਫਾਲਟਰ ਐਲਾਨਿਆ ਗਿਆ ਸੀ | ਇਹ ਜਾਇਦਾਦਾਂ ਹਰਿਆਣਾ ਨਗਰ ਨਿਗਮ ਐਕਟ 1994 ਦੀ ਧਾਰਾ 130 ਤਹਿਤ ਜ਼ਬਤ ਕੀਤੀਆਂ ਗਈਆਂ ਹਨ | ਇਹ ਜਾਣਕਾਰੀ ਨਗਰ ਨਿਗਮ ਕਮਿਸ਼ਨਰ ਡਾ. ਵੈਸ਼ਾਲੀ ਸ਼ਰਮਾ ਨੇ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ 14 ਜਾਇਦਾਦਾਂ ਨੂੰ ਕੁਰਕ ਕਰਨ ਦੀ ਕਾਰਵਾਈ ਕੀਤੀ ਜਾਣੀ ਸੀ, ਜਿਨ੍ਹਾਂ 'ਚੋਂ 7 ਜਾਇਦਾਦਾਂ ਨੂੰ ਕੁਰਕ ਕਰ ਦਿੱਤਾ ਗਿਆ, ਜਦਕਿ 6 ਜਾਇਦਾਦ ਮਾਲਕਾਂ ਨੇ ਕੁਰਕੀ ਦੀ ਕਾਰਵਾਈ ਤੋਂ ਬਚਣ ਲਈ ਮੌਕੇ 'ਤੇ ਹੀ ਟੀਮ ਨੂੰ ਲਗਪਗ 48 ਲੱਖ 70 ਹਜ਼ਾਰ ਰੁ. ਦੇ ਚੈੱਕ ਸੌਂਪੇ | ਇਸ ਤੋਂ ਇਲਾਵਾ ਇਕ ਜਾਇਦਾਦ ਰੁਤਬਾ ਪੈਲੇਸ ਦੇ ਸੰਚਾਲਕ ਨੇ ਜਾਇਦਾਦ ਟੈਕਸ ਜਮ੍ਹਾਂ ਕਰਨ ਲਈ ਲਿਖਤੀ ਰੂਪ 'ਚ ਦੋ ਦਿਨਾਂ ਦਾ ਸਮਾਂ ਮੰਗਿਆ ਹੈ | ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੇ ਜਾਇਦਾਦ ਮਾਲਕਾਂ ਨੂੰ ਜਾਇਦਾਦ ਟੈਕਸ ਇਕੱਠਾ ਕਰਨ ਲਈ ਦੋ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕੁਰਕੀ ਦਾ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਪਰ ਜਾਇਦਾਦ ਮਾਲਕਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਕੁਰਕੀ ਦੀ ਕਾਰਵਾਈ ਕੀਤੀ ਗਈ | ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਡਿਪਟੀ ਕਾਰਪੋਰੇਸ਼ਨ ਕਮਿਸ਼ਨਰ ਅਭੈ ਸਿੰਘ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਸੀ, ਜਦਕਿ ਖੇਤਰੀ ਟੈਕਸੇਸ਼ਨ ਅਫ਼ਸਰ ਅੰਕੁਸ਼ ਪ੍ਰਾਸ਼ਰ, ਟੈਕਸ ਸੁਪਰਡੈਂਟ ਗਗਨਦੀਪ ਸਿੰਘ ਅਤੇ ਇਨਫੋਰਸਮੈਂਟ ਟੀਮ ਦੇ ਮੈਂਬਰ ਕਾਰਵਾਈ ਦੌਰਾਨ ਮੌਜੂਦ ਸਨ |