ਕਰਨਾਲ, 17 ਜੂਨ (ਗੁਰਮੀਤ ਸਿੰਘ ਸੱਗੂ)-ਮੌਨਸੂਨ ਦੌਰਾਨ ਕਰਨਾਲ ਸ਼ਹਿਰ 'ਚ ਕਿਧਰੇ ਵੀ ਪਾਣੀ ਨਾ ਜਮ੍ਹਾਂ ਹੋਵੇ, ਇਸ ਲਈ ਨਗਰ ਨਿਗਮ ਕਮਿਸ਼ਨਰ ਡਾ. ਵੈਸ਼ਾਲੀ ਸ਼ਰਮਾ ਫੀਲਡ 'ਚ ਉੱਤਰੇ ਅਤੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀਆਂ ਦੇ ਨਾਲ ਵੱਖ-ਵੱਖ ਨਾਲਿਆਂ ਦਾ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਨੇ ਲਗਪਗ 3 ਘੰਟੇ ਸ਼ਹਿਰ ਦਾ ਦੌਰਾ ਕਰਕੇ ਨਾਲਿਆਂ ਦੀ ਸਫਾਈ ਦੇ ਕੰਮ ਦਾ ਜਾਇਜ਼ਾ ਲਿਆ | ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਕਾਰਜਕਾਰੀ ਇੰਜੀਨੀਅਰ ਪ੍ਰਦੀਪ ਕਲਿਆਣ ਤੇ ਪਿ੍ਅੰਕਾ ਸੈਣੀ, ਸਲਾਹਕਾਰ ਮਹੀਪਾਲ ਸਿੰਘ ਅਤੇ ਸੰਬੰਧਿਤ ਸਹਾਇਕ ਤੇ ਜੂਨੀਅਰ ਇੰਜੀਨੀਅਰ ਹਾਜ਼ਰ ਸਨ | ਨਿਗਮ ਕਮਿਸ਼ਨਰ ਨੇ ਸਭ ਤੋਂ ਪਹਿਲਾਂ ਰਾਮ ਨਗਰ ਖੇਤਰ ਦਾ ਦੌਰਾ ਕਰਦੇ ਹੋਏ ਮੀਰਾ ਘਾਟੀ ਡਿਸਪੋਜ਼ਲ ਤੱਕ ਜਾਂਦੇ ਨਾਲੇ ਦੀ ਸਫਾਈ ਦੀ ਜਾਂਚ ਕੀਤੀ | ਦੱਸਣਯੋਗ ਹੈ ਕਿ ਇਸ ਨਾਲੇ ਦੀ ਪਹਿਲਾਂ ਇਕ ਵਾਰੀ ਸਫਾਈ ਕਰਵਾਈ ਗਈ ਸੀ ਤੇ ਹੁਣ ਮੌਨਸੂਨ ਮੌਸਮ ਨੂੰ ਦੇਖਦਿਆਂ ਮੁੜ ਸਫਾਈ ਸ਼ੁਰੂ ਕਰਵਾਈ ਗਈ ਹੈ ਤਾਂ ਜੋ ਪਾਣੀ ਦੀ ਨਿਕਾਸੀ 'ਚ ਕੋਈ ਰੁਕਾਵਟ ਨਾ ਆਵੇ | ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੇਮ ਨਗਰ ਖੇਤਰ 'ਚ ਡਿਸਪੋਜ਼ਲ ਪੰਪ ਅਤੇ ਨਾਲੇ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਡਿਸਪੋਜ਼ਲ ਉੱਤੇ ਲੱਗੀਆਂ ਮੋਟਰਾਂ ਅਤੇ ਜਨਰੇਟਰ ਸੈੱਟ ਨੂੰ ਚਲਾਕੇ ਦੇਖਿਆ | ਇਸ ਦੌਰਾਨ ਰਾਮ ਨਗਰ ਖੇਤਰ 'ਚ ਇਕ ਡੇਅਰੀ ਸੰਚਾਲਕ ਵਲੋਂ ਨਾਲੇ 'ਚ ਗੋਬਰ ਪਾਇਆ ਜਾ ਰਿਹਾ ਸੀ ਜਿਸ ਨੂੰ ਦੇਖਦਿਆਂ ਡਾ. ਵੈਸ਼ਾਲੀ ਨੇ ਉਸ ਦਾ ਚਾਲਾਨ ਕਰਨ ਦੇ ਹੁਕਮ ਦਿੱਤੇ | ਸਹਾਇਕ ਸਫਾਈ ਨਿਰੀਕਸ਼ਕ ਗੁਲਾਬ ਸਿੰਘ ਨੇ ਤੁਰੰਤ 5 ਹਜ਼ਾਰ ਰੁਪਏ ਦਾ ਚਾਲਾਨ ਕੀਤਾ ਅਤੇ ਸੰਚਾਲਕ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਡੇਅਰੀ ਨੂੰ ਜਲਦ ਤੋਂ ਜਲਦ ਪਿੰਗਲੀ ਸਥਿਤ ਡੇਅਰੀ ਪਰਿਯੋਜਨਾ ਸਥਲ 'ਤੇ ਤਬਦੀਲ ਕਰੇ, ਨਹੀਂ ਤਾਂ ਡੇਅਰੀ ਨੂੰ ਸੀਲ ਕਰ ਦਿੱਤਾ ਜਾਵੇਗਾ | ਅਗਲੇ ਪੜਾਅ 'ਚ ਉਨ੍ਹਾਂ ਨੇ ਰੇਲਵੇ ਫਲਾਈਓਵਰ ਹੇਠਾਂ ਰਾਜੀਵ ਪੁਰਮ ਤੋਂ ਬਗਵਾਡੀਆ ਗੈਸ ਏਜੰਸੀ ਤੱਕ ਜਾਂਦੇ ਨਾਲੇ ਦੀ ਪੈਦਲ ਚੱਲ ਕੇ ਜਾਂਚ ਕੀਤੀ | ਉਨ੍ਹਾਂ ਨੇ ਏਜੰਸੀ ਪ੍ਰਤਿਨਿਧੀ ਨੂੰ ਹੁਕਮ ਦਿੱਤਾ ਕਿ ਨਾਲੇ ਦੇ ਆਸ-ਪਾਸ ਉਗੀ ਘਾਹ ਅਤੇ ਝਾੜੀਆਂ ਦੀ ਸਫਾਈ ਕੀਤੀ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਨੇ ਹਾਂਸੀ ਰੋਡ ਤੋਂ ਘੋਘੜੀਪੁਰ ਰੇਲਵੇ ਫਲਾਈਓਵਰ, ਸ਼ਿਵ ਕਾਲੋਨੀ ਸਥਿਤ ਅੰਡਰਬਿ੍ਜ ਡਿਸਪੋਜ਼ਲ ਪੰਪ, ਗੁਰੂ ਰਵਿਦਾਸ ਮੰਦਰ ਦੇ ਅੱਗੇ ਤੋਂ ਲੰਘਦੇ ਨਾਲੇ ਅਤੇ ਗਊਸ਼ਾਲਾ ਰੋਡ ਨਾਲੇ ਦਾ ਵੀ ਨਿਰੀਖਯਨ ਕੀਤਾ | ਡਾ. ਵੈਸ਼ਾਲੀ ਨੇ ਦੌਰੇ ਦੌਰਾਨ ਹਾਜ਼ਰ ਸਾਰੇ ਇੰਜੀਨੀਅਰਾਂ ਨੂੰ ਕਿਹਾ ਕਿ ਸਾਰੇ ਨਾਲਿਆਂ ਦੀ ਸਫਾਈ ਜਲਦੀ ਤੋਂ ਜਲਦੀ ਪੂਰੀ ਕਰਵਾਈ ਜਾਵੇ | ਸਾਰੇ ਡਿਸਪੋਜ਼ਲ ਪੰਪ ਐਕਟਿਵ ਹੋਣੇ ਚਾਹੀਦੇ ਹਨ |