ਸਿਰਸਾ, 17 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਕੰਬੋਜ ਧਰਮਸ਼ਾਲਾ 'ਚ ਓ.ਬੀ.ਸੀ. ਸਮਾਜ ਨਾਲ ਜੁੜੇ ਲੋਕਾਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਖ਼ਿਲਾਫ਼ ਰਾਜਨੀਤਕ ਸਾਜਿਸ਼ ਦੇ ਤਹਿਤ ਕੀਤੀ ਜਾ ਰਹੀ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ | ਮੀਟਿੰਗ ਦੌਰਾਨ ਮਤਾ ਪਾਸ ਕਰਕੇ ਇਸ ਮਸਲੇ ਸੰਬੰਧੀ ਮੁੱਖ ਮੰਤਰੀ ਤੇ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਜਾਣ ਦੇ ਨਾਲ ਨਾਲ ਇਸ ਨੂੰ ਸੰਸਦ ਮੈਂਬਰਾਂ ਤੇ ਵਿਧਾਇਕਾਂ ਕੋਲ ਵੀ ਚੁੱਕੇ ਜਾਣ ਦਾ ਫੈਸਲਾ ਲਿਆ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਿਆਣਾ ਕੰਬੋਜ ਸਭਾ ਦੇ ਆਗੂਆਂ ਨੇ ਕਿਹਾ ਕਿ ਵਾਈਸ ਚਾਂਸਲਰ ਦੁਆਰਾ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ, ਪਰ ਇਸ ਦੇ ਬਾਵਜੂਦ ਕੁਝ ਰਾਜਨੀਤਿਕ ਪਾਰਟੀਆਂ ਦੇ ਕੁਝ ਲੋਕ ਆਪਣੇ ਰਾਜਨੀਤਿਕ ਹਿੱਤਾਂ ਦੇ ਖਾਤਿਰ ਇਸ ਮੁੱਦੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ | ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲੈ ਕੇ ਓਬੀਸੀ ਭਾਈਚਾਰੇ ਦੀ ਇੱਕ ਕਮੇਟੀ ਬਣਾਈ ਗਈ ਹੈ, ਜੋ ਮੁੱਖ ਮੰਤਰੀ ਅਤੇ ਰਾਜਪਾਲ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪੇਗੀ | ਇਸ ਤੋਂ ਇਲਾਵਾ ਕਮੇਟੀ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਇਸ ਮਾਮਲੇ ਨਾਲ ਸਬੰਧਤ ਮੰਗ ਪੱਤਰ ਵੀ ਸੌਂਪੇਗੀ, ਤਾਂ ਜੋ ਇਸ ਮਾਮਲੇ ਦੀ ਸੱਚਾਈ ਦਾ ਪਤਾ ਲਗਾਇਆ ਜਾ ਸਕੇ | ਆਗੂਆਂ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਐਚਏਯੂ ਦੇ ਵਾਈਸ ਚਾਂਸਲਰ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਮੌਕੇ ਰਾਮਾਨੰਦ ਨਿਰਨੀਆ, ਮਦਨਲਾਲ ਨੱਢਾ ਜ਼ਿਲ੍ਹਾ ਪ੍ਰਧਾਨ ਹਰਿਆਣਾ ਕੰਬੋਜ ਸਭਾ, ਰਾਮਚੰਦ ਸਾਬਕਾ ਵਿਧਾਇਕ, ਸ਼ੀਸ਼ਪਾਲ ਕੰਬੋਜ, ਦੇਸਰਾਜ ਕੰਬੋਜ ਹਿਸਾਰ, ਲਾਭ ਚੰਦ ਕੰਬੋਜ, ਕਸ਼ਮੀਰ ਚੰਦ ਪ੍ਰਧਾਨ ਕੰਬੋਜ ਧਰਮਸ਼ਾਲਾ, ਸਤਨਾਮ ਚੰਦ ਰਣੀਆਂ, ਰਾਜਿੰਦਰ ਨੱਢਾ ਸਕੱਤਰ ਆੜ੍ਹਤੀਆ ਐਸੋਸੀਏਸ਼ਨ ਸਿਰਸਾ, ਪਿ੍ਪੰਚ ਕੰਬੋਜ, ਰਾਮਚੰਦ ਕੰਬੋਜ, ਡਾ.ਕੇ.ਸੀ.ਕੰਬੋਜ, ਵਿਨੋਦ ਕੰਬੋਜ ਐਡਵੋਕੇਟ, ਲਾਲਚੰਦ ਨੇਜਾਡੇਲਾ, ਅਮਨ ਚਮਲ, ਸੰਜੀਵ ਕੁਮਾਰ ਕੰਬੋਜ , ਮੋਹਨ ਲਾਲ ਨੱਢਾ, ਖਜਾਨ ਚੰਦ ਨੰਬਰਦਾਰ, ਦੀਪਕ ਨੱਢਾ ਓਬੀਸੀ ਸਮਾਜ ਦੇ ਹੋਰ ਬੁੱਧੀਜੀਵੀ ਹਾਜ਼ਰ ਸਨ |