ਕਾਲਾਂਵਾਲੀ/ਸਿਰਸਾ, 17 ਜੂਨ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਨਗਰਪਾਲਿਕਾ ਚੋਣਾਂ ਦੇ ਮੱਦੇਨਜ਼ਰ 29 ਜੂਨ ਨੂੰ ਵੋਟਾਂ ਵਾਲੇ ਦਿਨ ਇਲਾਕੇ ਦੇ ਸਾਰੇ ਵਾਰਡਾਂ 'ਚ ਹਰਿਆਣਾ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਜਨਤਕ ਛੁੱਟੀ ਰਹੇਗੀ | ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਛੁੱਟੀ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135-ਬੀ ਅਤੇ ਹਰਿਆਣਾ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 173-ਏ ਦੇ ਤਹਿਤ ਐਲਾਨੀ ਗਈ ਹੈ, ਤਾਂ ਜੋ ਪ੍ਰਭਾਵਿਤ ਖੇਤਰਾਂ ਦੇ ਰਜਿਸਟਰਡ ਵੋਟਰ ਅਤੇ ਕਰਮਚਾਰੀ ਵੋਟ ਪਾ ਸਕਣ | ਇਸ ਦਿਨ ਹਰਿਆਣਾ ਵਿੱਚ ਰਜਿਸਟਰਡ ਵੋਟਰ ਜੋ ਵੱਖ-ਵੱਖ ਫੈਕਟਰੀਆਂ, ਦੁਕਾਨਾਂ ਅਤੇ ਨਿੱਜੀ ਅਦਾਰਿਆਂ ਵਿੱਚ ਕੰਮ ਕਰਦੇ ਹਨ, ਨੂੰ ਵੀ ਉਕਤ ਐਕਟਾਂ ਦੇ ਤਹਿਤ ਇਸ ਦਿਨ ਲਈ ਤਨਖਾਹ ਵਾਲੀ ਛੁੱਟੀ ਲੈਣ ਦਾ ਅਧਿਕਾਰ ਹੈ |