ਨਵੀਂ ਦਿੱਲੀ, 17 ਜੂਨ (ਜਗਤਾਰ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਬੀਬੀ ਹਰਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵਲੋਂ ਪਿਛਲੇ 25 ਸਾਲਾਂ ਤੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਨਿਤਨੇਮ ਕਲਾਸਾਂ ਲਾਈਆਂ ਜਾਂਦੀਆਂ ਹਨ¢ ਇਨ੍ਹਾਂ ਕਲਾਸਾਂ 'ਚ ਬੱਚਿਆਂ ਨੂੰ ਨਿੱਤਨੇਮ ਦੀਆਂ ਬਾਣੀਆਂ ਦੇ ਨਾਲ-ਨਾਲ ਅਰਦਾਸ, ਗੁਰ ਇਤਿਹਾਸ, ਕੀਰਤਨ, ਦਸਤਾਰ ਸਜਾਉਣ ਆਦਿ ਦੀ ਵੀ ਸਿੱਖਿਆ ਦਿੱਤੀ ਜਾਂਦੀ ਹੈ ¢ ਇਨ੍ਹਾਂ ਕਲਾਸਾਂ ਵਿਚ ਵੱਡੀ ਗਿਣਤੀ ਵਿਚ ਬੱਚੇ ਭਾਗ ਲੈ ਕੇ ਲਾਭ ਉਠਾਉਂਦੇ ਹਨ ¢ ਇਸ ਵਾਰ ਵੀ ਨਿੱਤਨੇਮ ਕਲਾਸ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ, ਧਰਮ ਪ੍ਰਚਾਰ ਦੇ ਸੁੰਦਰ ਸਿੰਘ ਨਾਰੰਗ ਅਤੇ ਬੀਬੀ ਹਰਜੀਤ ਕੌਰ ਵਲੋਂ ਸਨਮਾਨਿਤ ਕੀਤਾ ਗਿਆ ¢ ਹਰਮਨਜੀਤ ਸਿੰਘ ਨੇ ਕਿਹਾ ਕਿ ਜੋ ਬੱਚੇ ਇਨ੍ਹਾਂ ਕਲਾਸਾਂ ਵਿਚ ਆ ਕੇ ਸਿੱਖਿਆ ਲੈਂਦੇ ਹਨ, ਉਹ ਕਦੇ ਵੀ ਸਿੱਖੀ ਤੋਂ ਦੂਰ ਨਹੀਂ ਜਾ ਸਕਦੇ ਕਿਉਂਕਿ ਜੇ ਬੱਚਿਆਂ ਨੂੰ ਬਚਪਨ ਤੋਂ ਹੀ ਆਪਣੇ ਗੌਰਵਮਈ ਵਿਰਸੇ ਦੀ ਜਾਣਕਾਰੀ ਮਿਲ ਜਾਏ ਅਤੇ ਉਹ ਮਾਂ ਬੋਲੀ ਨਾਲ ਜੁੜ ਜਾਣ ਤਾਂ ਉਹ ਕਦੇ ਵੀ ਰਾਹ ਭੁੱਲ ਨਹੀਂ ਸਕਦੇ ¢ ਹਰਮਨਜੀਤ ਸਿੰਘ ਨੇ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਮਤਿ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣ ¢ ਉਨ੍ਹਾਂ ਨੇ ਬੀਬੀ ਹਰਜੀਤ ਕੌਰ ਦੀ ਖ਼ਾਸ ਤੌਰ 'ਤੇ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਪਿਛਲੇ 25 ਸਾਲਾਂ ਤੋਂ ਇਹ ਕਲਾਸਾਂ ਲਗਾਈਆਂ ਹਨ ਅਤੇ ਇਸ ਵਾਰ ਆਪਣੀ ਤੰਦਰੁਸਤੀ ਠੀਕ ਨਾ ਹੋਣ ਦੇ ਬਾਵਜੂਦ ਲਗਾਤਾਰ ਆ ਕੇ ਬੱਚਿਆਂ ਦੀਆਂ ਕਲਾਸਾਂ ਲਗਾਈਆਂ ¢