28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਵਿਦਿਆ ਨਿਵਾਸ ਮਿਸ਼ਰਾ ਦੀ ਜਨਮ ਸ਼ਤਾਬਦੀ ਮੌਕੇ 'ਤੇ ਦੋ ਰੋਜ਼ਾ ਸੈਮੀਨਾਰ ਸ਼ੁਰੂ

ਅਜੀਤ ਡੈਸਕ 20-06-2025
ਨਵੀਂ ਦਿੱਲੀ, 19 ਜੂਨ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ ਵਲੋਂ ਪੰਡਿਤ ਵਿਦਿਆ ਨਿਵਾਸ ਮਿਸ਼ਰਾ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਅਕਾਦਮੀ ਆਡੀਟੋਰੀਅਮ ਨਵੀਂ ਦਿੱਲੀ ਵਿਖੇ ਦੋ ਦਿਨਾ ਸੈਮੀਨਾਰ ਸ਼ੁਰੂ ਹੋਇਆ | ਸੈਮੀਨਾਰ ਦਾ ਉਦਘਾਟਨ ਕਰਦੇ ਹੋਏ ਉੱਘੇ ਆਲੋਚਕ ਅਤੇ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਵਿਸ਼ਵਨਾਥ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਵਿਦਿਆ ਨਿਵਾਸ ਮਿਸ਼ਰਾ ਇਕ ਲਲਿਤ ਨਿਬੰਧਕਾਰ ਵਜੋਂ ਮਸ਼ਹੂਰ ਸਨ | ਭਾਰਤੀਅਤਾ ਹਮੇਸ਼ਾ ਉਨ੍ਹਾਂ ਦੀਆਂ ਲਿਖਤਾਂ ਦੇ ਕੇਂਦਰ ਵਿਚ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਪੰਡਿਤ ਜੀ ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਉਭਰੇ ਅਤੇ ਉਨ੍ਹਾਂ ਦੇ ਲੇਖਾਂ ਅਤੇ ਪੱਤਰਕਾਰੀ ਨੇ ਭਾਰਤੀ ਸਾਹਿਤ ਨੂੰ ਇਕ ਨਵੀਂ ਦਿਸ਼ਾ ਦਿੱਤੀ | ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਕਿਹਾ ਕਿ ਜਦੋਂ ਪੂਰਾ ਦੇਸ਼ ਫਰਾਇਡ ਅਤੇ ਮਾਰਕਸ ਦੇ ਤੂਫ਼ਾਨ ਵਿਚ ਵਹਿ ਰਿਹਾ ਸੀ ਤਾਂ ਸਿਰਫ਼ ਦੋ-ਚਾਰ ਲੋਕ ਸਨ, ਜਿਨ੍ਹਾਂ ਨੇ ਭਾਰਤੀਅਤਾ ਦਾ ਝੰਡਾ ਬੁਲੰਦ ਰੱਖਿਆ, ਉਨ੍ਹਾਂ ਵਿਚੋਂ ਪੰਡਿਤ ਵਿਦਿਆ ਨਿਵਾਸ ਮਿਸ਼ਰਾ ਮੋਹਰੀ ਸਨ | ਸੈਮੀਨਾਰ ਦਾ ਮੁੱਖ ਭਾਸ਼ਨ ਉੱਘੇ ਹਿੰਦੀ ਵਿਦਵਾਨ ਗਿਰੀਸ਼ਵਰ ਮਿਸ਼ਰਾ ਨੇ ਪੇਸ਼ ਕੀਤਾ | ਉਨ੍ਹਾਂ ਦੱਸਿਆ ਉਹ ਮੂਲ ਰੂਪ ਵਿਚ ਸੰਸਕ੍ਰਿਤ ਦੇ ਵਿਦਵਾਨ ਸਨ ਪਰ ਉਨ੍ਹਾਂ ਨੇ ਸਾਰੀ ਉਮਰ ਹਿੰਦੀ ਦੀ ਸੇਵਾ ਕੀਤੀ | ਉਹ ਹਮੇਸ਼ਾ ਸਾਹਿਤ ਨੂੰ ਜੀਵਨ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਸਨ | ਸੈਸ਼ਨ ਦੇ ਅੰਤ ਵਿਚ ਅਕਾਦਮੀ ਦੀ ਉਪ ਪ੍ਰਧਾਨ ਕੁਮੁਦ ਸ਼ਰਮਾ ਨੇ ਸਮਾਪਤੀ ਭਾਸ਼ਨ ਦਿੱਤਾ ਅਤੇ ਪੰਡਿਤ ਜੀ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ | ਅੱਜ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਸ਼ਿਆਮ ਸੁੰਦਰ ਦੂਬੇ ਨੇ ਕੀਤੀ ਅਤੇ ਚੰਦਰ ਕਲਾ ਤਿ੍ਪਾਠੀ ਅਤੇ ਦਯਾਨਿਧੀ ਮਿਸ਼ਰਾ ਨੇ ਆਪਣੇ-ਆਪਣੇ ਪਰਚੇ ਪੇਸ਼ ਕੀਤੇ | ਪ੍ਰੋਗਰਾਮ ਦੇ ਅੰਤ ਵਿਚ ਵਿਦਿਆ ਨਿਵਾਸ ਮਿਸ਼ਰਾ 'ਤੇ ਬਣਾਈ ਇਕ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ |
ਪਿਛਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਵਲੋਂ 'ਅੰਤਰਰਾਸ਼ਟਰੀ ਯੋਗ ਦਿਵਸ' ਕੱਲ੍ਹ ਮਨਾਇਆ ਜਾਵੇਗਾ ਅਗਲੀ ਖ਼ਬਰ ਡੀ.ਯੂ. ਦੇ ਪ੍ਰੋ. ਪ੍ਰਕਾਸ਼ ਸਿੰਘ ਗੜ੍ਹਵਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।