ਨਵੀਂ ਦਿੱਲੀ, 20 ਜੂਨ (ਮਿਸਰਦੀਪ ਭਾਟੀਆ)- 'ਬਹੁਤ ਸਾਰੇ ਲੋਕ ਆਉਂਦੇ ਅਤੇ ਚਲੇ ਜਾਂਦੇ ਹਨ | ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਂਦਾ ਹੈ | ਅਜਿਹੇ ਹੀ ਇਕ ਵਿਅਕਤੀ ਹਨ ਦੇਸ਼ ਦੇ ਸੀਨੀਅਰ ਪੱਤਰਕਾਰ ਪ੍ਰਦੀਪ ਸਰਦਾਨਾ, ਜੋ ਪਿਛਲੇ 50 ਸਾਲਾਂ ਤੋਂ ਇਮਾਨਦਾਰੀ ਅਤੇ ਲਗਨ ਨਾਲ ਆਪਣੀ ਪੱਤਰਕਾਰੀ ਦੀ ਡਿਊਟੀ ਨਿਭਾ ਰਹੇ ਹਨ | ਹਾਲਾਤ ਜੋ ਵੀ ਹੋਣ, ਉਨ੍ਹਾਂ ਨੇ ਕਦੀ ਵੀ ਅਜਿਹੇ ਸਿਧਾਂਤਾਂ, ਇਮਾਨਦਾਰੀ ਅਤੇ ਵਿਚਾਰਧਾਰਾਂ ਨਾਲ ਸਮਝੌਤਾ ਨਹੀਂ ਕੀਤਾ | ਮੈਂ ਉਨ੍ਹਾਂ ਨੂੰ ਪੱਤਰਕਾਰੀ ਵਿਚ ਉਨ੍ਹਾਂ ਦੀ ਸ਼ਾਨਦਾਰ ਅਰਧ ਸ਼ਤਾਬਦੀ ਪੂਰੀ ਹੋਣ 'ਤੇ ਸਲਾਮ ਅਤੇ ਵਧਾਈ ਦਿੰਦਾ ਹਾਂ |' ਇਹ ਵਿਚਾਰ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ਵਿਚ ਆਯੋਜਿਤ 'ਪ੍ਰਦੀਪ ਸਰਦਾਨਾ ਦੀ ਪੱਤਰਕਾਰੀ ਵਿਚ ਅਰਧ ਸਦੀ' ਸਮਾਗਮ ਵਿਚ ਪ੍ਰਗਟ ਕੀਤੇ | ਸਮਾਰੋਹ ਵਿਚ ਪ੍ਰਸਿੱਧ ਸ਼ਾਸਤਰੀ ਨਿ੍ਤਕ ਅਤੇ ਸਾਬਕਾ ਸੰਸਦ ਮੈਂਬਰ ਸੋਨਲ ਮਾਨ ਸਿੰਘ, ਦੇਸ਼ ਦੀ ਸੀਨੀਅਰ ਪੱਤਰਕਾਰ ਅਤੇ ਸਾਹਿਤਕਾਰ ਸ਼ੀਲਾ ਝੁਨਝੁਨਵਾਲਾ, ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ, ਸਾਬਕਾ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ, ਸੰਸਦ ਮੈਂਬਰ ਮਨੋਜ ਤਿਵਾੜੀ, ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਧੀ ਅਤੇ ਸੀਨੀਅਰ ਟੀ.ਵੀ. ਪੇਸ਼ਕਾਰ ਪ੍ਰਤਿਭਾ ਅਡਵਾਨੀ, ਭਾਜਪਾ ਦੇ ਰਾਸ਼ਟਰੀ ਮੀਡੀਆ ਸਹਿ ਮੁਖੀ ਸੰਜੈ ਮਯੂਖ ਅਤੇ ਰੋਜ਼ਾਨਾ 'ਸਵਦੇਸ਼' ਸਮੂਹ ਦੇ ਸੰਪਾਦਕ ਅਤੁਲ ਤਾਰੇ ਵੀ ਸਟੇਜ 'ਤੇ ਮੌਜੂਦ ਸਨ | ਇਹ ਸ਼ਾਨਦਾਰ ਸਮਾਗਮ ਲੇਖਕਾਂ, ਪੱਤਰਕਾਰਾਂ ਅਤੇ ਕਲਾਕਾਰਾਂ ਦੇ ਸੰਗਠਨ 'ਆਧਾਰਸ਼ਿਲਾ' ਦੁਆਰਾ ਆਯੋਜਿਤ ਕੀਤਾ ਗਿਆ | ਇਸ ਮੌਕੇ 'ਤੇ ਸ੍ਰੀ ਗਡਕਰੀ ਨੇ ਇਹ ਵੀ ਕਿਹਾ ਕਿ ਪ੍ਰਦੀਪ ਸਰਦਾਨਾ ਦੇਸ਼ ਦੇ ਅਜਿਹੇ ਪੱਤਰਕਾਰ ਹਨ ਜੋ ਰਾਜਨੀਤੀ, ਸਿਹਤ, ਆਵਾਜਾਈ, ਸੈਰ ਸਪਾਟਾ, ਸਾਹਿਤ ਸੱਭਿਆਚਾਰ, ਸਿਨੇਮਾ ਸਮੇਤ ਸਾਰੇ ਵਿਸ਼ਿਆਂ 'ਤੇ ਲਿਖ ਰਹੇ ਹਨ | ਉਹ ਪਿਛਲੇ 50 ਸਾਲਾਂ ਤੋਂ ਲਗਾਤਾਰ ਲਿਖ ਰਹੇ ਹਨ | ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਕਿਹਾ ਕਿ ਪ੍ਰਦੀਪ ਸਰਦਾਨਾ ਪੱਤਰਕਾਰੀ ਦੇ ਨਾਲ-ਨਾਲ ਰਚਨਾਤਮਕ ਲੇਖਨ ਵੀ ਕਰਦੇ ਹਨ | ਉਹ ਇਕ ਲੀਵਿੰਗ ਲੈਜੇਂਡ ਹਨ | ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਪ੍ਰਦੀਪ ਸਰਦਾਨਾ ਦੀ ਲਿਖਤ ਹੀ ਨਹੀਂ ਸਗੋਂ ਉਨ੍ਹਾਂ ਦੀ ਸ਼ਖ਼ਸੀਅਤ ਵੀ ਬਹੁਤ ਵਧੀਆ ਹੈ | ਸੋਨਲ ਮਾਨ ਸਿੰਘ ਨੇ ਕਿਹਾ ਕਿ ਪ੍ਰਦੀਪ ਸਰਦਾਨਾ ਬਹੁਤ ਸਾਰੀਆਂ ਪ੍ਰਤਿਭਾਵਾਂ ਵਾਲੇ ਵਿਅਕਤੀ ਹਨ | ਇਸ ਮੌਕੇ 'ਤੇ ਮਹਾਨ ਪੱਤਰਕਾਰ ਪ੍ਰਦੀਪ ਸਰਦਾਨਾ ਦੇ ਲੇਖਕ ਅਤੇ ਪੱਤਰਕਾਰੀ ਦੇ 50 ਸਾਲਾਂ ਦਾ ਜਸ਼ਨ ਮਨਾਉਣ ਲਈ ਇਕ ਸੋਵੀਨਾਰ ਜਾਰੀ ਕੀਤਾ ਗਿਆ | ਸਮਾਰੋਹ ਵਿਚ ਕੁਝ ਉੱਘੀਆਂ ਸ਼ਖ਼ਸੀਅਤਾਂ ਦੇ ਵੀਡੀਓ ਸੁਨੇਹੇ ਵੀ ਦਿਖਾਏ ਗਏ | ਇਸ ਦੇ ਨਾਲ ਹੀ ਦੇਸ਼ ਭਰ ਦੇ ਕਈ ਉੱਘੇ ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਤੇ ਸੰਸਥਾਵਾਂ ਨੇ ਪ੍ਰਦੀਪ ਸਰਦਾਨਾ ਨੂੰ ਸਨਮਾਨਿਤ ਕੀਤਾ | ਪ੍ਰੋਗਰਾਮ ਦਾ ਖੂਬਸੂਰਤ ਸੰਚਾਲਨ ਸਤੂਤੀ ਸਰਦਾਨਾ ਨੇ ਕੀਤਾ |